ਅੰਬੇਡਕਰ ਸੋਸਇਟੀ ਮਨੁੱਖਤਾ ਦੀ ਭਲਾਈ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਮਹਾਂਪੁਰਖਾਂ ਨੂੰ ਹਮੇਸ਼ਾ ਯਾਦ ਰੱਖਦੀ- ਪੈਂਥਰ
ਕਪੂਰਥਲਾ, (ਸਮਾਜ ਵੀਕਲੀ) (ਕੌੜਾ)- ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸੁਸਾਇਟੀ ਰਜਿ. ਰੇਲ ਕੋਚ ਫੈਕਟਰੀ ਕਪੂਰਥਲਾ ਦੀ ਵੱਲੋਂ ਬਹੁਜਨ ਨਾਇਕ, ਬਾਮਸੇਫ ਅਤੇ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਸਾਹਿਬ ਕਾਂਸ਼ੀ ਰਾਮ ਜੀ ਦਾ 18ਵਾਂ ਪ੍ਰੀਨਿਰਵਾਣ ਮਨਾਇਆ ਗਿਆ । ਜਿਸ ਦੀ ਪ੍ਰਧਾਨਗੀ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਸੰਤੋਖ ਰਾਮ ਜਨਾਗਲ, ਆਲ ਇੰਡੀਆ ਐਸਸੀ/ਐਸਟੀ ਰੇਲਵੇ ਇੰਪਲਾਈਜ਼ ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਸੋਹਨ ਬੈਠਾ, ਭਾਰਤੀਆ ਬੋਧ ਮਹਾਂਸਭਾ ਦੇ ਜਨਰਲ ਸਕੱਤਰ ਸੁਰੇਸ਼ ਚੰਦਰ ਬੋਧ, ਬਾਮਸੇਫ ਦੇ ਕਨਵੀਨਰ ਕਸ਼ਮੀਰ ਸਿੰਘ ਅਤੇ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਸੇਵਕ ਸਭਾ ਦੇ ਸਾਬਕਾ ਪ੍ਰਧਾਨ ਅਮਰਜੀਤ ਸਿੰਘ ਮੱਲ ਨੇ ਕੀਤੀ।
ਪ੍ਰਧਾਨਾਗੀ ਮੰਡਲ ਨੇ ਸਾਹਿਬ ਕਾਂਸ਼ੀ ਰਾਮ ਜੀ ਦੀ ਤਸਵੀਰ ਅੱਗੇ ਸ਼ਰਧਾਂਜਲੀ ਭੇਂਟ ਕਰਨ ਉਪਰੰਤ ਸਟੇਜ ਸੰਚਾਲਨ ਦੀ ਭੂਮਿਕਾ ਨਿਭਾਉਂਦੇ ਹੋਏ, ਸੁਸਾਇਟੀ ਦੇ ਜਨਰਲ ਸਕੱਤਰ ਧਰਮ ਪਾਲ ਪੈਂਥਰ ਨੇ ਕਿਹਾ ਕਿ ਸਾਹਿਬ ਕਾਂਸ਼ੀ ਰਾਮ ਜੀ ਤੋਂ ਇਲਾਵਾ ਬਹੁਜਨ ਸਮਾਜ ਵਿੱਚ ਪੈਦਾ ਹੋਏ ਮਹਾਪੁਰਖਾਂ ਨੂੰ ਸੁਸਾਇਟੀ ਹਮੇਸ਼ਾ ਯਾਦ ਕਰਦੀ ਹੈ, ਜਿਨਾਂ ਨੇ ਮਨੁੱਖਤਾ ਦੀ ਭਲਾਈ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ । ਸੋਸਾਇਟੀ ਦਾ ਉਦੇਸ਼ ਮਹਾਪੁਰਖਾਂ ਦੇ ਦਿਹਾੜੇ ਮਨਾ ਕੇ ਸਦੀਆਂ ਤੋਂ ਪੀੜ੍ਹਤ ਲੋਕਾਂ ਨੂੰ ਵਿਚਾਰਧਾਰਾ ਤੋਂ ਜਾਣੂ ਕਰਵਾ ਕੇ ਸਮਾਜ ਵਿੱਚ ਬਦਲਾਅ ਲਿਆਉਣਾ ਹੈ।
ਇਸ ਮੌਕੇ ਐਸਸੀ/ਐਸਟੀ ਰੇਲਵੇ ਇੰਪਲਾਈਜ਼ ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਅਤੇ ਸਾਬਕਾ ਜ਼ੋਨਲ ਸਕੱਤਰ ਅਤੇ ਸੋਹਨ ਬੈਠਾ ਨੇ ਕਿਹਾ ਕਿ ਸਾਹਿਬ ਕਾਂਸ਼ੀ ਰਾਮ ਜੀ ਤਿਆਗੀ, ਰਾਜਨੀਤੀ ਦੇ ਚਾਣਕਯ ਅਤੇ ਬੇਬਾਕ ਆਗੂ ਸਨ। ਜੇਕਰ ਕਾਂਸ਼ੀ ਰਾਮ ਜੀ ਦਾ ਜਨਮ ਨਾ ਹੁੰਦਾ ਤਾਂ ਲੋਕ ਅੰਬੇਡਕਰ ਨੂੰ ਭੁੱਲ ਜਾਂਦੇ। ਮਾਨਯੋਗ ਕਾਂਸ਼ੀ ਰਾਮ ਜੀ ਨੇ ਕਲਾਸ ਵਨ ਸਾਇੰਟਿਸਟ ਦੀ ਨੌਕਰੀ ਤੋਂ ਅਸਤੀਫਾ ਦੇਣ ਉਪਰੰਤ ਆਪਣਾ ਸਾਰਾ ਜੀਵਨ ਬਹੁਜਨ ਮਿਸ਼ਨ ਨੂੰ ਸਮਰਪਿਤ ਕਰ ਦਿੱਤਾ ਅਤੇ ਬਾਬਾ ਸਾਹਿਬ ਦੇ ਰੁਕੇ ਹੋਏ ਕਾਫ਼ਲੇ ਦੇ ਸਾਰਥੀ ਬਣ ਗਏ।
ਇਨ੍ਹਾਂ ਤੋਂ ਇਲਾਵਾ ਭਾਰਤੀਆ ਬੋਧ ਮਹਾਸਭਾ ਦੇ ਜਨਰਲ ਸਕੱਤਰ ਸੁਰੇਸ਼ ਚੰਦਰ ਬੋਧ, ਸੀਨੀਅਰ ਮੀਤ ਪ੍ਰਧਾਨ ਸੰਤੋਖ ਰਾਮ ਜਨਾਗਲ, ਬਾਮਸੇਫ ਦੇ ਕਨਵੀਨਰ ਕਸ਼ਮੀਰ ਸਿੰਘ, ਸ੍ਰੀ ਗੁਰੂ ਰਵਿਦਾਸ ਸੇਵਕ ਸਭਾ ਦੇ ਸਾਬਕਾ ਪ੍ਰਧਾਨ ਅਮਰਜੀਤ ਸਿੰਘ ਮੱਲ, ਐਸ.ਐਸ.ਈ ਰਵਿੰਦਰ ਕੁਮਾਰ ਅਤੇ ਐਸ.ਸੀ./ਐਸਟੀ ਐਸੋਸੀਏਸ਼ਨ ਦੇ ਖਜ਼ਾਨਚੀ ਧਰਮਵੀਰ ਆਦਿ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਸਾਨੂੰ ਸਾਹਿਬ ਕਾਂਸ਼ੀ ਰਾਮ ਜੀ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਲਈ ਉਪਰਾਲੇ ਕਰਨੇ ਪੈਣਗੇ।
ਅੰਬੇਡਕਰ ਸੁਸਾਇਟੀ ਦੇ ਮੀਤ ਪ੍ਰਧਾਨ ਨਿਰਮਲ ਸਿੰਘ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਹਿਬ ਕਾਂਸ਼ੀ ਰਾਮ ਜੀ ਬਹੁਜਨ ਸਮਾਜ ਲਈ ਮਾਰਗ ਦਰਸ਼ਕ ਸਨ ਅਤੇ ਉਨ੍ਹਾਂ ਨੇ ਮਰਦੇ ਦਮ ਤੱਕ ਸਮਾਜ ਨੂੰ ਜਾਗਰੂਕ ਕਰਨ ਦਾ ਕੰਮ ਕੀਤਾ। ਸਮਾਗਮ ਨੂੰ ਸਫਲ ਬਣਾਉਣ ਲਈ ਕ੍ਰਿਸ਼ਨ ਸਿੰਘ, ਪ੍ਰਨੀਸ਼ ਕੁਮਾਰ, ਗੁਰਮੁਖ ਸਿੰਘ, ਆਰ.ਕੇ ਪ੍ਰਜਾਪਤੀ, ਕਰਨੈਲ ਸਿੰਘ ਬੇਲਾ ਅਤੇ ਸੰਤੋਖ ਸਿੰਘ ਜੱਬੋਵਾਲ ਆਦਿ ਨੇ ਪੂਰਨ ਸਹਿਯੋਗ ਦਿੱਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly