* ਗੁਰਦਾਸਪੁਰ ਦੇ ਅੰਬੇਡਕਰੀ ਅਤੇ ਬੋਧੀ ਉਪਾਸਕਾਂ ਵੱਲੋਂ ਅੰਦੋਲਨ ਲਈ ਤਨ ਮਨ ਅਤੇ ਧਨ ਨਾਲ ਸਾਥ ਦੇਣ ਦਾ ਭਰੋਸਾ ਜਿਤਾਇਆ
ਜਲੰਧਰ ,(ਸਮਾਜ ਵੀਕਲੀ) (ਪਰਮਜੀਤ ਜੱਸਲ)-ਬੋਧ ਗਯਾ ਮੁਕਤੀ ਅੰਦੋਲਨ ਦੇ ਤਹਿਤ ਸ੍ਰੀ ਆਕਾਸ਼ ਲਾਮਾ ਜਨਰਲ ਸਕੱਤਰ ਆਲ ਇੰਡੀਆ ਬੁੱਧਿਸਟ ਫੋਰਮ ਤਿੰਨ ਦਿਨਾਂ ਦੀ ਪੰਜਾਬ ਫੇਰੀ ਦੌਰਾਨ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਜਲੰਧਰ, ਫਗਵਾੜਾ (ਕਪੂਰਥਲਾ),ਬੰਗਾ(ਨਵਾਂਸ਼ਹਿਰ), ਲੁਧਿਆਣਾ ਤੋਂ ਹੁੰਦੇ ਹੋਏ ਅੱਜ ਸ਼ਾਮੀ 4 ਵਜੇ ਡਾਕਟਰ ਬੀ. ਆਰ. ਅੰਬੇਡਕਰ ਬੁੱਧ ਵਿਹਾਰ ਗੁਰਦਾਸਪੁਰ ਵਿਖੇ ਪਹੁੰਚੇ। ਉਹਨਾਂ ਦੇ ਨਾਲ ਡਾਕਟਰ ਹਰਬੰਸ ਬਿਰਦੀ ਲੰਡਨ ਯੂਕੇ ਅਤੇ ਮੈਡਮ ਸਬੀਨਾ ਲਾਮਾ ਵੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਡਾਕਟਰ ਅੰਬੇਡਕਰ ਬੁੱਧ ਵਿਹਾਰ ‘ਚ ਪਹੁੰਚਣ ‘ਤੇ ਉਹਨਾਂ ਦਾ ਸ਼ਾਨਦ ਸਵਾਗਤ ਕੀਤਾ ਗਿਆ।ਸਵਾਗਤ ਕਰਨ ਵਾਲਿਆਂ ਵਿੱਚ ਸਰਵ ਸ੍ਰੀ ਮੇਜਰ ਸੋਮਨਾਥ ਕਰਨਲ ਜੀ ਸਰਪ੍ਰਸਤ, ਕ੍ਰਿਸ਼ਨ ਲਾਡੀ ਪ੍ਰਧਾਨ, ਡਾਕਟਰ ਸੁਧੀਰ, ਐਡਵੋਕੇਟ ਸੁਰਿੰਦਰ ਚੌਧਰੀ, ਮਾਸਟਰ ਨੰਦ ਲਾਲ ਸਰਪੰਚ, ਕਸਤੂਰੀ ਲਾਲ ਐਸਡੀਓ ਰਿਟਾਇਰਡ, ਜੇ.ਪੀ. ਭਗਤ ਪ੍ਰਧਾਨ ਬਹੁਜਨ ਸਮਾਜ ਪਾਰਟੀ,ਕਮਲੇਸ਼ ਕੁਮਾਰੀ,ਸੋਨੀਆ (ਟੀਚਰ) ,ਰੀਟਾ ,ਸੁਖਵਿੰਦਰ ਕੌਰ ,ਜੋਤੀ ,ਅਮਨ (ਟੀਚਰ), ਕੇਵਲ ਸਾਰੰਗਲ ,ਸੁਗਧ ਬੋਧ , ਅਤੇ ਹੋਰ ਬਹੁਤ ਸਾਰੇ
ਅੰਬੇਡਕਰੀ ਅਤੇ ਬੋਧੀ ਉਪਾਸਕਾਂ ,ਆਗੂਆਂ ਅਤੇ ਡਾਕਟਰ ਅੰਬੇਡਕਰ ਮਿਸ਼ਨ ਦੇ ਅਹੁਦੇਦਾਰ ਸ਼ਾਮਿਲ ਸਨ। ਇਸ ਮੌਕੇ ਤੇ ਸ਼੍ਰੀ ਆਕਾਸ਼ ਲਾਮਾ ਜੀ ਨੇ ਕਿਹਾ ਕਿ ਸਾਨੂੰ ਆਪਸੀ ਮਤਭੇਦ ਭੁਲਾ ਕੇ ਬੋਧ ਗਿਆ ਮੁਕਤੀ ਅੰਦੋਲਨ ਦਾ ਤਨ ਮਨ ਅਤੇ ਧਨ ਨਾਲ ਸਹਿਯੋਗ ਕਰਨਾ ਚਾਹੀਦਾ ਹੈ। ਕਿਉਂਕਿ ਇਹ ਲੜਾਈ ਇਕੱਲਾ ਲਾਮਾ ਨਹੀਂ ਲੜ ਸਕਦਾ ਸਗੋਂ ਤੁਹਾਡੇ ਸਹਿਯੋਗ ਦੀ ਵੱਡੀ ਲੋੜ ਅਤੇ ਭੂਮਿਕਾ ਹੋਵੇਗੀ। ਇਸ ਲਈ ਇਸ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ 12 ਫਰਵਰੀ 2025 ਤੋਂ ਅਨਿਸਚਿਤ ਸਮੇਂ ਲਈ ਭੁੱਖ ਹੜਤਾਲ ਰੱਖੀ ਜਾਵੇਗੀ। ਆਲ ਇੰਡੀਆ ਬੁੱਧਿਸਟ ਫੋਰਮ, ਅਤੇ ਬੋਧੀ ਭਿਖਸ਼ੂ ਵਾਲਾ ਚੀਵਰ ਪਾ ਕੇ ਬੈਠੇ ਬੋਧੀ ਭੰਤੇ ਉਸ ਸਮੇਂ ਤੱਕ ਨਹੀਂ ਉਠਾਂਗੇ ਜਦ ਤੱਕ ਬਿਹਾਰ ਦੇ ਮੁੱਖ ਮੰਤਰੀ ਜਾਂ ਕੇਂਦਰ ਦੇ ਮੰਤਰੀ ਲਿਖਤੀ ਰੂਪ ਵਿੱਚ ਸਾਡੀਆਂ ਮੰਗਾਂ ਮੰਨਣ ਸਬੰਧੀ ਪੱਤਰ ਨਹੀਂ ਦਿੰਦੇ। ਸਾਡੀ ਮੰਗ ਹੈ ਕਿ ਬੋਧ ਗਯਾ ਮੰਦਰ ਐਕਟ 1949 ਨੂੰ ਰੱਦ ਕੀਤਾ ਜਾਵੇ ਅਤੇ ਬੋਧ ਗਯਾ ਮਹਾਂਬੁੱਧ ਵਿਹਾਰ ਦਾ ਕੰਟਰੋਲ ਨਿਰੋਲ ਬੋਧੀਆਂ ਨੂੰ ਸੌਂਪਿਆ ਜਾਵੇ। ਬੁੱਧ ਜੈਅੰਤੀ ਦੀ ਸਰਕਾਰੀ ਛੁੱਟੀ ਪੂਰੇ ਭਾਰਤ ਵਿੱਚ ਕੀਤੀ ਜਾਵੇ। ਡਾਕਟਰ ਅੰਬੇਡਕਰ ਮਿਸ਼ਨ ਸੰਸਥਾ ਵਲੋਂ ਸ੍ਰੀ ਆਕਾਸ਼ ਲਾਮਾ, ਡਾਕਟਰ ਹਰਬੰਸ ਬਿਰਦੀ ਅਤੇ ਮੈਡਮ ਸ਼ਬੀਨਾ ਲਾਮਾ ਨੂੰ ਸਨਮਾਨਿਤ ਕੀਤਾ ਗਿਆ। ਦਾਨੀ ਸੱਜਣਾਂ ਵੱਲੋਂ ਇਸ ਅੰਦੋਲਨ ਲਈ ਦਾਨ ਵੀ ਦਿੱਤਾ ਗਿਆ। ਅੰਤ ਵਿੱਚ ਗੁਰਦਾਸਪੁਰ ਦੇ ਅੰਬੇਡਕਰੀ ਅਤੇ ਬੋਧੀ ਉਪਾਸਕਾਂ ਵੱਲੋਂ ਸ੍ਰੀ ਲਾਮਾ ਜੀ ਨੂੰ ਭਰੋਸਾ ਦਿਵਾਇਆ ਗਿਆ ਕਿ ਅਸੀਂ ਇਸ ਅੰਦੋਲਨ ਲਈ ਤੁਹਾਡੇ ਨਾਲ ਤਨ, ਮਨ ਅਤੇ ਧਨ ਨਾਲ ਸਾਥ ਦੇਵਾਂਗੇ।ਪ੍ਰੈਸ ਨੂੰ ਇਹ ਜਾਣਕਾਰੀ ਐਡਵੋਕੇਟ ਹਰਭਜਨ ਸਾਂਪਲਾ ਤੋਂ ਪ੍ਰਾਪਤ ਹੋਈ ਹੈ।