(ਸਮਾਜ ਵੀਕਲੀ)
ਦੂਰੋਂ ਦੂਰੋਂ ਡੱਕੇ ਲੱਭਕੇ, ਘੁੱਗੀ ਚੱਕ ਲਿਆਉਂਦੀ,
ਤਿਲਾ ਤਿਲਾ ਕਰ ਇੱਕਠਾ ,ਵਿੱਚ ਆਲਣੇ ਲਾਉਂਦੀ ।
ਰਹਿਣ ਵਸੇਰਾ ਕਰਨ ਦੀ ਖਾਤਰ,ਆਪਣਾ ਘਰ ਬਣਾਵੇ।
ਦਾਤਾ ਤੂੰ ਹੀ ,ਤੂੰ ਹੀ ਧੁਨ ਵਿਚ,ਮਿੱਠੜੇ ਬੋਲ ਸਣਾਵੇ।
ਮੀਂਹ ਕਣੀ ਤੋਂ ਬਚਣ ਲਈ ਉਹ, ਕਰਦੀ ਰਹਿਣ ਬਸੇਰਾ।
ਅਾਈ ਮੁਸੀਬਤ ਜੇਕਰ ਕੋਈ,ਤਨ ਬਚੇਗਾ ਮੇਰਾ।
ਰੁੱਖ ਲੱਭਕੇ ਚੰਗਾ ਕੋਈ ਡੇਰਾ ਜਾਣ ਲਗਾਵੇ।
ਦਾਤਾ ਤੂੰ ਹੀ ,ਤੂੰ ਹੀ ਧੁਨ ਵਿਚ ਮਿੱਠੜੇ ਬੋਲ ਸਣਾਵੇ।
ਰੰਗ ਬਰੰਗੇ ਪੰਛੀ ਸੋਹਣੇ ਲੱਗਦੇ ਬੜੇ ਪਿਆਰੇ।
ਭਾਂਤ ਭਾਂਤ ਦੀ ਬੋਲੀ ਬੋਲਣ,ਦਾਤੇ ਰੰਗ ਨਿਆਰੇ।
ਪਾਲ ਬੱਚੜੇ ਆਪਣੇ ਪੰਛੀ, ਛੱਡ ਟਿਕਾਣਾ ਜਾਵੇ।
ਦਾਤਾ ਤੂੰ ਹੀ, ਤੂੰ ਹੀ ਧੁਨ ਵਿਚ ,ਮਿੱਠੜੇ ਬੋਲ ਸਣਾਵੇ।
ਰੁੱਖਾਂ ਦੀ ਕਟਾਈ ਵੱਧ’ਗੀ ਪੰਛੀ ਘੱਟਦਾ ਜਾਵੇ।
ਕੁਦਰਤ ਦੇ ਨਾਲ ਪੰਗੇ ਲੈਕੇ ਬੰਦਾ ਜ਼ੁਲਮ ਕਮਾਵੇ
ਟੰਗ ਆਲਣਾ ਖੱਭੇ ਉੱਤੇ ,ਵੇਖੋ ਮਨ ਸਮਝਾਵੇ
ਦਾਤਾ ਤੂੰ ਹੀ ਤੂੰ ਹੀ ਧੁਨ ਵਿਚ ਮਿੱਠੜੇ ਬੋਲ ਸਣਾਵੇ।
ਘੁੱਗੀ ਦੇ ਆਂਡੇ ਖਾਣ ਲਈ, ਕਾਂ ਹੱਲੇ ਲੈ ਆਉਂਦਾ।
ਚੁੰਝ ਖਾਕੇ ਬੱਖੀਆ ਦੇ ਵਿੱਚ ਰੋਂਦਾ ਤੇ ਕਰਲਾਉਂਦਾ।
ਦੂਰ ਦੁਰਾਡੇ ਚੋਗਾ ਚੁੰਗਕੇ ਵਿੱਚ ਆਲਣੇ ਆਵੇ
ਦਾਤਾ ਤੂੰ ਹੀ ਤੂੰ ਹੀ ਧੁਨ ਵਿਚ ਮਿੱਠੜੇ ਬੋਲ ਸਣਾਵੇ।
ਛੋਟਾ ਪੰਛੀ ਵੇਖ ਸੰਧੂਆਂ, ਘੁੱਗੀ ਲੱਗੇ ਪਿਆਰਾ।
ਪੰਛੀ ਬੜੇ ਇਸ ਦੁਨੀਆਂ ‘ਤੇ ,ਇਸਦਾ ਰੂਪ ਨਿਆਰਾ
ਸੁਭਾ ਸਵੇਰੇ ਹੋਕਾ ਦੇਕੇ ,ਚੇਤੇ ਰਾਮ ਕਰਾਵੇ।
ਦਾਤਾ ਤੂੰ ਹੀ, ਤੂੰ ਹੀ ਧੁਨ ਵਿਚ, ਮਿੱਠੜੇ ਬੋਲ ਸਣਾਵੇ।
ਗੁਰਿੰਦਰ ਸਿੰਘ ਸੰਧੂਆਂ
ਤਹਿ ਸ੍ਰੀ ਚਮਕੌਰ ਸਾਹਿਬ, ਰੂਪਨਗਰ
94630 27466
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly