ਦੋਹਿਰਾ ਛੰਦ

ਬਲਜਿੰਦਰ ਸਿੰਘ ਬਾਲੀ ਰੇਤਗੜ

(ਸਮਾਜ ਵੀਕਲੀ)

ਰੌਸ਼ਨ ਰੌਸ਼ਨ ਹੋ ਰਿਹੈ, ਸ਼ਹਿਰ ਸ਼ਹਿਰ ਹਰ ਪਿੰਡ
ਚਿਣਗਾਂ ਅੰਦਰ ਅੱਗ ਹੈ, ਨੇਰਾ ਰਹਿਆ ਖਿੰਡ

ਡਰ ਸੱਤਾ ਵਿਚ ਖੌਫ਼ ਹੈ, ਦੇਖੇ ਰੋਹ ਦਾ ਵੇਗ
ਦੱਬੇ ਕੁਚਲੇ ਉਠ ਖੜੇ, ਕਿੰਝ ਉਠਾ ਕੇ ਤੇਗ਼

ਨਾ ਹੁਣ ਵਿਕਦੇ ਛੁਣਛੁਣੇ, ਨਾ ਗੱਪਾਂ ਦੇ ਮਾਲ਼
ਕਿਰਤੀ ਘੇਰਨ ਮੰਤਰੀ, ਸੁਰ ਮਿਲਾ ਕੇ ਤਾਲ਼

ਹਾਕਿਮ ,ਨੇਤਾ ਢੀਠ ਨੇ, ਖੇਡ ਰਹੇ ਦਾਅ ਪੇਚ
ਫਿਰਦੇ ਵੋਟਾਂ ਲੈਣ ਨੂੰ, ਲਾਰੇ ਕਰ ਕਰ ਮੇਚ

ਨੇਤਰ ਹੋਏ ਸ਼ੁਰਖ ਨੇ, ਮਾਰੇ ਠਾਠਾਂ ਜ਼ੋਸ਼
ਮੈਦਾਨ ਖੜਾ ਯੁੱਧ ਦੇ, ਚਿੰਤਨ ਦੇਖਾਂ ਹੋਸ਼

ਤੀਰ ਕਮਾਨੀ ਚਾੜ ਕੇ, ਦਿੱਲੀ ਤੁਰਨ ਕਿਸਾਨ
ਹੱਥ ਤਿਰੰਗੇ ਲੈ ਤੁਰੇ, ਕੇਸਰੀ ਨਾਲ ਨਿਸ਼ਾਨ

ਹਫੜਾ ਦਫੜੀ ਥਲਥਲੀ, ਲੂਹ ਦਿੱਤੀ ਹਰ ਜੋਕ
ਹਰ ਕਿਰਤੀ ਬਾਹੂ-ਬਲੀ, ਜਾਗ਼ ਗਏ ਹੁਣ ਲੋਕ

ਜ਼ਿੰਦਾਬਾਦ ਹੈ ਇਨਕਲਾਬ, ਲਾਲ ਫ਼ਰਾਰੇ ਸੰਗ
ਹੱਕ ਕਿਸਾਨਾਂ ਦੇ ਧਰੋ, ਲੋਕ ਰਹੇ ਨੇ ਮੰਗ

ਚੁਸਤ-ਚਲਾਕੀ ਖੇਡਦੇ, ਰਾਜੇ ਨਾਲ ਵਜ਼ੀਰ
ਵੇਚਣ ਆ ਆ ਛੁਣਛਣੇ, ਝੂਠ ਕਰਨ ਤਕਰੀਰ

ਸਭ ਰਾਹਾਂ ਤੇ ਠੱਗ ਆ, ਵੋਟਰ ਕਰਨ ਹਲਾਲ
ਇਕ ਆਉਂਦਾ ਇਕ ਜਾ ਰਿਹੈ, ਸਭ ਦੇ ਮੂੰਹੀ ਰਾਲ਼

ਜਾਪੇ ਜਾਗੋ ਆ ਗਈ, ਮਿਲਦਾ ਹੈ ਸੰਟੇਕ
ਬਾਲੀ ਅਪਣੇ ਗੀਤ ਗਾ, ਲਾ ਲਾ ਉਚੀ ਹੇਕ

ਬਲਜਿੰਦਰ ਸਿੰਘ ਬਾਲੀ ਰੇਤਗੜ

9465129168
7087629168

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਸਾਨ ਸੰਸਦ ਨੇ ਭਾਰਤੀ ਰਾਜਨੀਤੀ ਉੱਪਰ ਪਾਏ ਨਵੇਂ ਪ੍ਰਭਾਵ।
Next articleਜਿਨ੍ਹਾਂ ਰਾਹਾਂ ਦੀ ਸਾਰ ਮੈਂ ਜਾਣਾ,ਉਨ੍ਹਾਂ ਰਾਹਾਂ ਤੋਂ ਮੈਨੂੰ ਮੁੜਨਾ ਪਿਆ