(ਸਮਾਜ ਵੀਕਲੀ)
ਦੂਧੁ ਕਟੋਰੈ ਗਡਵੈ ਪਾਨੀ॥
ਕਪਲ ਗਾਇ ਨਾਮੈ ਦੁਹਿ ਆਨੀ॥ 1॥
ਦੂਧੁ ਪੀਉ ਗੋਬਿੰਦੇ ਰਾਇ॥
ਦੂਧੁ ਪੀਉ ਮੇਰੋ ਮਨੁ ਪਤੀਆਇ॥
ਨਾਹੀ ਤ ਘਰ ਕੋ ਬਾਪੁ ਰਿਸਾਇ॥ 1॥ ਰਹਾਉ॥
(ਗੁ.ਗ੍ਰ.ਪੰਨਾ 1163)
ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਸਾਰੇ ਐਸੇ ਸ਼ਬਦ ਹਨ, ਜਿਹਨਾਂ ਦੀ ਵਿਆਖਿਆ ਕਰਨ ਵੇਲੇ ਸਾਡੇ ਵੱਡੇ ਵੱਡੇ ਵਿਦਵਾਨ ਵੀ ਚੱਕਰਾਂ ਵਿੱਚ ਪੈ ਗਏ ਜਾਂਦੇ ਹਨ। ਇਥੋਂ ਤੱਕ ਕਿ ਸਾਡੇ ਸਨਮਾਨਯੋਗ ਮਹਾਨ ਵਿਦਵਾਨ ਵੀ ਕਿਤੇ ਨਾ ਕਿਤੇ ਉਕਾਈ ਖਾ ਗਏ ਨਜ਼ਰ ਆਉਂਦੇ ਹਨ। ਛੇਤੀ ਕੀਤੇ ਸਮਝ ਵਿੱਚ ਨਾ ਆਉਣ ਵਾਲੇ ਇਹਨਾਂ ਸ਼ਬਦਾਂ ਵਿਚ ਭਗਤ ਨਾਮਦੇਵ ਜੀ ਦੇ ਵੀ ਕਈ ਸ਼ਬਦ ਹਨ, ਜਿੰਨਾ ਵਿਚੋਂ ਉਪਰੋਕਤ ਸ਼ਬਦ (ਪੂਰਾ ਹੇਠ ਲਿਖਿਆ ਹੈ) ਵੀ ਇਕ ਹੈ, ਜਿਸ ਨੂੰ ‘ਗੁਰ ਭਗਤ ਮਾਲ’ ਅਤੇ ਹੋਰ ਕਈ ਲੇਖਕਾਂ ਦੀਆਂ ਕਿਤਾਬਾਂ ਵਿੱਚ ਦਰਜ਼ ਸਾਖੀਆਂ ਨੂੰ ਗੁਰਮਤਿ ਨਾਲ ਮੇਲ ਨਾ ਖਾਣ ਦੇ ਬਾਵਜੂਦ ਕਥਾਵਾਚਕ ਪ੍ਰਚਾਰਕਾਂ ਵੱਲੋਂ ਅਕਸਰ ਕਰਾਮਾਤ ਦਾ ਪਲੇਥਣ ਲਾਕੇ ਪ੍ਰਚਾਰਿਆ ਜਾ ਰਿਹਾ ਹੈ।
ਕਿਉਂਕਿ ਇਹ ਲੋਕ ਸੁਣੀ ਸੁਣਾਈ ਗੱਲ ਅੱਗੇ ਪ੍ਰਚਾਰਨ ਦੇ ਆਦੀ ਹੋ ਚੁੱਕੇ ਹਨ, ਸੱਚ ਝੂਠ ਦਾ ਨਿਖੇੜਾ ਕਰਨ ਵਾਲਾ ਵੱਡਾ ਕੰਮ ਕਰਨਾ ਬਹੁਤਿਆਂ ਦੇ ਵੱਸ ਦੀ ਗੱਲ ਨਹੀਂ, ਕੁੱਝ ਕਰਨਾ ਨਹੀਂ ਚਾਹੁੰਦੇ।
ਇਸ ਲਈ ਇਹਨਾਂ ਪ੍ਰਚਾਰਕਾਂ ਵੱਲੋਂ ਕੀਤਾ ਜਾ ਰਿਹਾ ਕਰਾਮਾਤੀ ਮਨਘੜਤ ਪ੍ਰਚਾਰ ਗੁਰਮਤਿ ਮੁਤਾਬਿਕ ਹੈ ਜਾਂ ਨਹੀਂ, ਇਸ ਗੱਲ ਨਾਲ ਇਹਨਾਂ ਦਾ ਕੋਈ ਵਾਸਤਾ ਨਹੀਂ ਹੈ। ਹੈਰਾਨੀ ਦੀ ਗੱਲ ਵੇਖੋ,ਜਦ ਉਪਰੋਕਤ ਸ਼ਬਦ ਦੀ ਵਿਆਖਿਆ ਕਰਦੇ ਹੋਏ ਇਕ ਪਾਸੇ ਭਗਤ ਨਾਮਦੇਵ ਜੀ ਨੂੰ ਮੂਰਤੀ ਨੂੰ ਦੁੱਧ ਪਿਲਾਉਣ ਦੀ ਗੱਲ ਕਰਦੇ ਹਨ, ਦੂਜੇ ਪਾਸੇ ਸਤਿਗੁਰ ਨਾਮਦੇਵ ਜੀ ਦੇ ਹੇਠ ਲਿਖੇ ਸ਼ਬਦ ਰਾਹੀਂ ਮੂਰਤੀ ਪੂਜਾ ਦਾ ਖੰਡਨ ਕਰਦੇ ਹਨ –
” ਆਨੀਲੇ ਕੁੰਭ ਭਰਾਈਲੇ ਊਦਕ ਠਾਕੁਰ ਕਉ ਇਸਨਾਨੁ ਕਰਉ ॥ ਬਇਆਲੀਸ ਲਖ ਜੀ ਜਲ ਮਹਿ ਹੋਤੇ ਬੀਠਲੁ ਭੈਲਾ ਕਾਇ ਕਰਉ ॥੧॥ ਜਤ੍ਰ ਜਾਉ ਤਤ ਬੀਠਲੁ ਭੈਲਾ ॥ ਮਹਾ ਅਨੰਦ ਕਰੇ ਸਦ ਕੇਲਾ ॥੧॥ ਰਹਾਉ ॥ ਆਨੀਲੇ ਫੂਲ ਪਰੋਈਲੇ ਮਾਲਾ ਠਾਕੁਰ ਕੀ ਹਉ ਪੂਜ ਕਰਉ ॥ ਪਹਿਲੇ ਬਾਸੁ ਲਈ ਹੈ ਭਵਰਹ ਬੀਠਲ ਭੈਲਾ ਕਾਇ ਕਰਉ ॥੨॥ ਆਨੀਲੇ ਦੂਧੁ ਰੀਧਾਈਲੇ ਖੀਰੰ ਠਾਕੁਰ ਕਉ ਨੈਵੇਦੁ ਕਰਉ ॥ ਪਹਿਲੇ ਦੂਧੁ ਬਿਟਾਰਿਓ ਬਛਰੈ ਬੀਠਲੁ ਭੈਲਾ ਕਾਇ ਕਰਉ ॥੩॥ ਈਭੈ ਬੀਠਲੁ ਊਭੈ ਬੀਠਲੁ ਬੀਠਲ ਬਿਨੁ ਸੰਸਾਰੁ ਨਹੀ ॥ ਥਾਨ ਥਨੰਤਰਿ ਨਾਮਾ ਪ੍ਰਣਵੈ ਪੂਰਿ ਰਹਿਓ ਤੂੰ ਸਰਬ ਮਹੀ ॥੪॥”
(ਗੁ.ਗ੍ਰ. ਪੰਨਾ 485)
ਅਗੇ ਹੋਰ ਸੁਣੋ –
ਏਕੈ ਪਾਥਰ ਕੀਜੈ ਭਾਉ ॥
ਦੂਜੈ ਪਾਥਰ ਧਰੀਐ ਪਾਉ ॥
ਜੇ ਓਹੁ ਦੇਉ ਤ ਓਹੁ ਭੀ ਦੇਵਾ ॥
ਕਹਿ ਨਾਮਦੇਉ ਹਮ ਹਰਿ ਕੀ ਸੇਵਾ
(ਗੁ.ਗ੍ਰ.ਪੰਨਾ 525)
ਇਹ ਕਿਡੀ ਹਾਸੋਹੀਣੀ ਗੱਲ ਹੈ! ਕੁੱਝ ਲੋਕ ਇਹ ਵੀ ਦਲੀਲ ਦਿੰਦੇ ਹਨ, “ਕਿ ਦੁੱਧ ਪਿਲਾਉਣ ਵਾਲੀ ਗੱਲ ਦੀ ਰਵਿਦਾਸ ਜੀ ਵੀ ਗਵਾਹੀ ਭਰਦੇ ਹਨ।”
ਰਵਿਦਾਸ ਜੀ ਕੀ ਕਹਿੰਦੇ ਹਨ ?
“ਨਿਮਤ ਨਾਮਦੇਉ ਦੂਧੁ ਪੀਆਇਆ॥
ਤਉ ਜਗ ਜਨਮ ਸੰਕਟ ਨਹੀ ਆਇਆ॥
ਜਨ ਰਵਿਦਾਸ ਰਾਮ ਰੰਗਿ ਰਾਤਾ॥
ਇਉ ਗੁਰ ਪਰਸਾਦਿ ਨਰਕ ਨਹੀ ਜਾਤਾ॥”
(ਗੁ. ਗ੍ਰ.ਪੰਨਾ 487)
ਜਿਵੇਂ ਬਾਬਾ ਨਾਮਦੇਵ ਜੀ ਦੇ ਸ਼ਬਦ ਦੀ ਗੁਰਮਤਿ ਦੇ ਉਲਟ ਵਿਆਖਿਆ ਕੀਤੀ ਗਈ,ਉਸੇ ਤਰਾਂ ਗੁਰੂ ਰਵਿਦਾਸ ਜੀ ਦੇ ਸ਼ਬਦ ਦੀ ਵੀ ਗੁਰਮਤਿ ਦੇ ਉਲਟ ਵਿਆਖਿਆ ਕੀਤੀ ਗਈ ਹੈ।
ਭਗਤ ਰਵਿਦਾਸ ਜੀ ਦੇ ਇਸ ਸ਼ਬਦ ਵਿੱਚ
“ਨਿਮਤ ਨਾਮਦੇਉ ਦੂਧੁ ਪੀਆਇਆ॥”
ਸ਼ਬਦ- ‘ਪੀਆਇਆ’ ਮਤਲਬ ‘ਪੀ ਆਇਆ’ ਹੈ, ਨਾ ਕਿ ਕਿਸੇ ਨੂੰ ‘ਪਿਆਇਆ’। ਭਗਤ ਨਾਮਦੇਵ ਜੀ ਨੇ ਇਥੇ
ਅੰਮ੍ਰਿਤ ਰੂਪੀ ‘ਨਾਮ’ ਦੇ ਦੁੱਧ ਦੀ ਗੱਲ ਕੀਤੀ ਗਈ ਹੈ ਨਾ ਕਿ ਕਿਸੇ ਪੱਥਰ ਦੀ ਮੂਰਤੀ ਨੂੰ ਦੁੱਧ ਪਿਆਉਣ ਦੀ ਗੱਲ ਹੈ।
ਹੋਰ ਵਿਚਾਰ ਕਰੋ, ਕੀ ਗੁਰੂ ਰਵਿਦਾਸ ਜੀ ਇਹ ਮੰਨ ਜਾ ਕਹਿ ਸਕਦੇ ਹਨ ਕਿ ਸਤਿਗੁਰੂ ਨਾਮਦੇਵ ਜੀ ਵੱਲੋਂ ਮੂਰਤੀ ਨੂੰ ਦੁੱਧ ਪਿਆਉਣ ਕਰਕੇ ਕੋਈ ਸੰਕਟ ਨਹੀਂ ਆਵੇਗਾ ਜਾਂ ਨਰਕ ਨਹੀਂ ਜਾਵੇਗਾ ?
ਇਥੇ ਇਕ ਹੋਰ ਧਿਆਨ ਤੇ ਵਿਚਾਰਨ ਵਾਲੀ ਵਿਸ਼ੇਸ਼ ਗੱਲ ਇਹ ਹੈ, ਨਾਮਦੇਵ ਜੀ ਦੇ ਉਪਰੋਕਤ ਦੋ ਸ਼ਬਦ ਹਨ,ਪਹਿਲੇ ਸ਼ਬਦ ਨੂੰ ਮੂਰਤੀ ਪੂਜਾ ਦੇ ਹੱਕ ਵਿੱਚ ਮੰਨਿਆ ਜਾ ਰਿਹਾ ਹੈ, ਦੂਜੇ ਨੂੰ ਵਿਰੋਧ ਵਿੱਚ। ਇਹ ਤਾਂ ਫਿਰ ਆਪਾਂ ਵਿਰੋਧੀ ਗੱਲ ਹੋਈ, ਗੁਰਮਤਿ ਵਿੱਚ ਐਸਾ ਹੋ ਨਹੀਂ ਸਕਦਾ। ਗੁਰੂ ਗ੍ਰੰਥ ਸਾਹਿਬ ਵਿੱਚ ਸਾਰੀ ਬਾਣੀ ਗੁਰਮਤਿ ਅਨੁਸਾਰ ਹੈ, ਗੁਰਮਤਿ ਅਨੁਸਾਰ ‘ਮੂਰਤੀ ਪੂਜਾ’ ਫੋਕਟ ਕਰਮਕਾਂਡ ਕਰਮ ਹਨ, ਬਾਣੀ ਵਿੱਚ ਇਹਨਾਂ ਦੀ ਰੱਜਕੇ ਵਿਰੋਧਤਾ ਕੀਤੀ ਗਈ ਹੈ। ਫਿਰ ਇਸ ਦੀ ਸਹੀ ਵਿਆਖਿਆ ਕੀ ਹੈ?ਇਸ ਸ਼ਬਦ ਰਾਹੀਂ ਨਾਮਦੇਵ ਜੀ ਕਹਿਣਾ ਕੀ ਚਾਹੁੰਦੇ ਹਨ ?
ਇਸ ਸ਼ਬਦ ਦੀ ਸਹੀ ਵਿਆਖਿਆ ਦੀ ਖੋਜ ਵਿੱਚ ਦਾਸ ਨੇ ਲੰਮੇ ਸਮੇਂ ਤੋਂ ਕਾਫ਼ੀ ਸਾਰੇ ਵਿਦਵਾਨਾਂ ਦੀਆਂ ਲਿਖਤਾਂ ਨੂੰ ਪੜ੍ਹਿਆ ਤੇ ਵਿਚਾਰਿਆ ਹੈ, ਜਿਸ ਤੋਂ ਬਾਅਦ ਪ੍ਰਚਲਤ ਕਰਾਮਾਤੀ ਸਾਖੀ ਦੇ ਉਲਟ ਜ਼ੋ ਸਾਹਮਣੇ ਆਇਆ ਹੈ, ਉਹ ਇਹ ਹੈ, ਨਾ ਤਾਂ ਨਾਮਦੇਵ ਜੀ ਦੇ ਪਿਤਾ ਜੀ ਨੇ ਘਰ ਅੰਦਰ ਕਿਸੇ ਦੇਵਤੇ ਦੀ ਮੂਰਤੀ ਨਹੀਂ ਰੱਖੀ ਸੀ ਅਤੇ ਨਾ ਹੀ ਕਿਸੇ ਮੰਦਰ ਪੂਜਾ ਕਰਨ ਦੀ ਖੁੱਲ੍ਹ ਸੀ।
ਜਦ ਘਰ ਅੰਦਰ ਮੂਰਤੀ ਹੀ ਨਹੀਂ ਸੀ, ਫਿਰ ਦੁੱਧ ਪਿਆਉਣ ਲਈ ਭਗਤ ਨਾਮਦੇਵ ਜੀ ਨੂੰ ਕਹਿਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਨਾਮਦੇਵ ਜੀ ਇਸ ਸ਼ਬਦ ਰਾਹੀਂ ਆਪਣੀ ਅਵਸਥਾ ਬਿਆਨ ਕਰ ਰਹੇ ਹਨ ,ਇਸ ਸ਼ਬਦ ਨੂੰ ਸਹੀ ਸਮਝਣ ਲਈ ਸ੍ਰ. ਬਲਦੇਵ ਸਿੰਘ ‘ਟੋਰਾਂਟੋ’ ਵੱਲੋਂ ਹੇਠ ਲਿਖੀ ਵਿਆਖਿਆ ਬਹੁਤ ਸਹਾਈ ਹੋਵੇਗੀ।
“ਦੂਧੁ ਕਟੋਰੈ ਗਡਵੈ ਪਾਨੀ॥
ਕਪਲ ਗਾਇ ਨਾਮੈ ਦੁਹਿ ਆਨੀ॥ 1॥
ਦੂਧੁ ਪੀਉ ਗੋਬਿੰਦੇ ਰਾਇ॥
ਦੂਧੁ ਪੀਉ ਮੇਰੋ ਮਨੁ ਪਤੀਆਇ॥
ਨਾਹੀ ਤ ਘਰ ਕੋ ਬਾਪੁ ਰਿਸਾਇ॥ 1॥ ਰਹਾਉ॥
ਸ+ਇਨ ਕਟੋਰੀ ਅੰਮ੍ਰਿਤ ਭਰੀ॥
ਲੈ ਨਾਮੈ ਹਰਿ ਆਗੈ ਧਰੀ॥ 2॥
ਏਕੁ ਭਗਤੁ ਮੇਰੇ ਹਿਰਦੇ ਬਸੈ॥
ਨਾਮੇ ਦੇਖਿ ਨਰਾਇਨੁ ਹਸੈ॥ 3॥
ਦੂਧੁ ਪੀਆਇ ਭਗਤ ਘਰਿ ਗਇਆ॥
ਨਾਮੇ ਹਰਿ ਕਾ ਦਰਸਨੁ ਭਇਆ॥ 4॥ 3॥
ਗੁਰੂ ਗ੍ਰੰਥ ਸਾਹਿਬ, ਪੰਨਾ 1163
ਪਦ ਅਰਥ
ਦੂਧੁ – ਆਤਮਿਕ ਤੌਰ ਤੇ ਬਲਵਾਨ ਕਰ ਦੇਣ ਵਾਲਾ ਨਾਮ ਰੂਪੀ ਦੁੱਧ
ਕਟੋਰੈ – ਹਿਰਦੇ ਰੂਪੀ ਕਟੋਰੇ ਵਿੱਚ
ਗਡਵੈ – ਗਡ ਤੋਂ ਗਡਵੈ ਹੈ – ਗਡ ਦਾ ਅਰਥ ਹੈ ਗਿਆਨ – ਗਿਆਨ ਦੇ ਰਾਹੀ
ਪਾਨੀ – ਪਾਨ ਤੋਂ ਹੈ – ਪਾਨ ਦਾ ਮਤਲਬ ਜਿੱਤ, ਫ਼ਤਿਹ – ਫ਼ਤਿਹ ਪ੍ਰਾਪਤ ਕਰਨੀ, ਪ੍ਰਾਪਤ ਕੀਤੀ
ਕਪਲ – ਆਤਮਿਕ
ਗਾਇ – ਗਿਆਨ
ਕਪਲ ਗਾਇ – ਆਤਮਿਕ ਗਿਆਨ
ਨਾਮੈ – ਨਾਮ ਦੀ ਬਖ਼ਸ਼ਿਸ਼ ਦੁਆਰਾ
ਦੁਹਿ – ਦੋਹਣ ਕਿਰਿਆ ਭਾਵ ਪ੍ਰਾਪਤੀ
ਗੋਬਿੰਦੇ ਰਾਇ – ਪਾਲਕ ਅਤੇ ਰੱਖਿਅਕ
ਨਾਮੈ ਦੁਹਿ – ਨਾਮ ਦੁਆਰਾ ਪ੍ਰਾਪਤੀ
ਪਤੀਆਇ – ਤ੍ਰਿਪਤ ਹੋ ਜਾਣਾ
ਆਨੀ – ਆਨ ਤੋਂ ਹੈ (ਸਵਾਦ, ਲੱਜਤ, ਸੁੰਦਰਤਾ)
ਘਰ ਕੋ ਬਾਪੁ – ਹਿਰਦੇ ਰੂਪੀ ਘਰ ਦਾ ਮਾਲਕ
ਰਿਸਾਇ – ਨਰਾਜ ਕਰਨਾ
ਸ+ਇਨ ਕਟੋਰੀ – ਹਿਰਦੇ ਰੂਪੀ ਪਵਿੱਤਰ ਕਟੋਰੀ
ਅੰਮ੍ਰਿਤ ਭਰੀ – ਅੰਮ੍ਰਿਤ ਨਾਲ ਭਰਪੂਰ
ਏਕੁ ਭਗਤੁ – ਇਕੁ ਦੀ ਬੰਦਗੀ, ਸਿਮਰਨ
ਬਸੈ – ਵਸ ਜਾਣਾ
ਨਰਾਇਨੁ ਹਸੈ – ਪ੍ਰਭੂ ਦਾ ਪ੍ਰਸੰਨ ਹੋਣਾ
ਪ੍ਰਭ ਹਸਿ ਬੋਲੇ ਕੀਏ ਨਿਆਂਏਂ
ਗੁਰੂ ਗ੍ਰੰਥ ਸਾਹਿਬ, ਪੰਨਾ 1347
ਭਗਤ – ਸਿਮਰਨ
ਘਰਿ ਆਇਆ – ਹਿਰਦੇ ਰੂਪੀ ਘਰ ਵਿੱਚ ਟਿਕ ਗਿਆ
ਪੀਆਇ – ਅਰਥ ਬਖ਼ਸ਼ਿਸ਼ ਰੂਪ ਲੈਣੇ ਹਨ ਕਿਉਂਕਿ ਨਾਮ ਰੂਪੀ ਦੁੱਧ ਬਖ਼ਸ਼ਿਸ਼ ਦੁਆਰਾ ਹੀ ਪ੍ਰਾਪਤ ਹੁੰਦਾ ਹੈ, ਪੀਤਾ ਜਾ ਸਕਦਾ ਹੈ।
ਅਰਥ
ਹਿਰਦੇ ਰੂਪੀ ਕਟੋਰੇ ਵਿੱਚ ਜੋ ਆਤਮਿਕ ਗਿਆਨ ਰੂਪੀ ਦੁੱਧ ਹੈ, ਆਤਮਿਕ ਗਿਆਨ ਰਾਹੀਂ ਹੀ ਇਸ ਦੀ ਪ੍ਰਾਪਤੀ ਹੋ ਸਕਦੀ ਹੈ। ਆਤਮਿਕ ਗਿਆਨ ਰਾਹੀਂ ਹੀ ਇਹ ਸਵਾਦ, ਨਾਮ ਦੀ ਬਖ਼ਸ਼ਿਸ਼ ਦੁਆਰਾ ਚੱਖਿਆ ਜਾ ਸਕਦਾ ਹੈ। ਇਸ ਕਰਕੇ ਨਾਮਦੇਵ ਤਾਂ ਇਹੀ ਪ੍ਰੇਰਨਾ ਹੋਰਨਾਂ ਨੂੰ ਵੀ ਕਰਦੇ ਹਨ ਕਿ ਪਾਲਕ, ਰੱਖਿਅਕ ਪ੍ਰਭੂ ਦੀ ਬਖ਼ਸ਼ਿਸ਼ ਦੁਆਰਾ ਬਖ਼ਸ਼ਿਸ਼ ਰੂਪੀ ਦੁੱਧ ਪੀਉ। ਉਸ ਪਾਲਕ, ਰੱਖਿਅਕ ਦੀ ਬਖ਼ਸ਼ਿਸ਼ ਦੇ ਨਾਮ ਰੂਪੀ ਦੁੱਧ ਪੀਣ ਨਾਲ ਮੇਰਾ ਮਨ ਤ੍ਰਿਪਤ ਹੋ ਗਿਆ ਹੈ। ਅਜਿਹਾ ਨਾਂਹ ਕਰਨ ਤੋਂ ਬਗ਼ੈਰ ਉਸ ਹਿਰਦੇ ਰੂਪੀ ਘਰ ਦੇ ਮਾਲਕ ਬਾਪੁ ਬੀਠੁਲ ਸੁਆਮੀ ਦੀ ਨਰਾਜ਼ਗੀ ਸਹੇੜਨ ਦੇ ਬਰਾਬਰ ਹੈ।
ਨਾਮਦੇਵ ਨੇਂ ਤਾਂ ਹਿਰਦੇ ਰੂਪੀ ਕਟੋਰੀ ਜੋ ਅੰਮ੍ਰਿਤ ਰੂਪੀ ਦੁੱਧ ਨਾਲ ਭਰਪੂਰ ਹੈ, ਆਤਮਿਕ ਗਿਆਨ ਰਾਹੀਂ ਪ੍ਰਾਪਤ ਕਰਕੇ ਵਾਹਿਗੁਰੂ ਨਰਾਇਣ ਅੱਗੇ ਆਪਾ ਭੇਟ ਕਰਕੇ ਅਰਦਾਸ ਕੀਤੀ ਕਿ ਤੇਰੀ ਇਕੁ ਦੀ ਬੰਦਗੀ ਸਿਮਰਨ ਮੇਰੇ ਹਿਰਦੇ ਰੂਪੀ ਕਟੋਰੀ ਵਿੱਚ ਟਿਕ ਜਾਵੇ। ਫਿਰ ਨਾਮਦੇਵ ਦੀ ਇਹ ਅਰਦਾਸ ਦੇਖ ਕੇ ਨਾਰਾਇਣ ਨਾਮਦੇਵ ਤੇ ਪ੍ਰਸੰਨ ਹੋਇਆ ਅਤੇ ਉਸ ਦੀ ਪ੍ਰਸੰਨਤਾ ਨਾਲ ਹਿਰਦੇ ਰੂਪੀ ਕਟੋਰੀ ਜੋ ਅੰਮ੍ਰਿਤ ਰੂਪੀ ਦੁੱਧ ਨਾਲ ਭਰਪੂਰ ਹੈ, ਵਿੱਚ ਸਿਮਰਨ ਟਿਕ ਗਿਆ। ਇਸ ਤਰਾਂ ਨਾਮਦੇਵ ਜੀ ਨੂੰ ਹਰੀ ਦਰਸ਼ਨ ਹੋਏ ਭਾਵ ਨਾਮਦੇਵ ਜੀ ਨੇ ਸੱਚ ਨੂੰ ਜਾਣ ਲਿਆ।
ਨੋਟ – ਨਾਮਦੇਵ ਜੀ ਵਲੋਂ ਪ੍ਰੇਰਨਾ ਹੈ ਕਿ ਜੇਕਰ ਇਹ ਆਤਮਿਕ ਗਿਆਨ ਰੂਪੀ ਬਖ਼ਸ਼ਿਸ਼ ਅਸੀਂ ਪ੍ਰਾਪਤ ਨਹੀਂ ਕਰਦੇ ਤਾਂ ਉਹ ਨਰਾਜ਼ ਹਨ। ਜੇਕਰ ਅਤਾਮਿਕ ਗਿਆਨ ਦਾ ਬਖ਼ਸ਼ਿਸ਼ ਰੂਪੀ ਦੁੱਧ ਤੁਸੀ ਪੀਉਗੇ ਤਾਂ ਉਹ ਪ੍ਰਸੰਨ ਹਨ।”
ਮੇਜਰ ਸਿੰਘ ‘ਬੁਢਲਾਡਾ’
94176 42327
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly