(ਸਮਾਜ ਵੀਕਲੀ)
ਜ਼ਿੰਦਗੀ ਇੱਕ ਵਾਰ ਮਿਲੀ ਹੈ ਅਤੇ ਇਸਦੀ ਮਿਆਦ ਬਹੁਤ ਹੀ ਸੀਮਤ ਹੈ। ਇਸ ਦੁਨੀਆਂ ਵਿੱਚ ਕਈਆਂ ਨੂੰ ਤਾਂ ਸੰਸਾਰਕ ਸੁੱਖ ਜੰਮਦਿਆਂ ਹੀ ਮਿਲ ਜਾਂਦੇ ਹਨ ਅਤੇ ਕਈਆਂ ਨੂੰ ਦੋ ਵੱਕਤ ਦੀ ਰੋਟੀ ਦਾ ਵੀ ਫਿਕਰ ਹੁੰਦਾ ਹੈ। ਹਰ ਕਿਸੇ ਦੀ ਪੈਸਾ ਕਮਾਉਣ ਦੀ ਵੱਖਰੀ ਵੱਖਰੀ ਸੀਮਾ ਹੁੰਦੀ ਹੈ। ਮਨੁੱਖ ਆਪਣੀ ਆਮਦਨ ਦੇ ਵਸੀਲਿਆਂ ਮੁਤਾਬਕ ਆਪਣਾ ਘਰ-ਬਾਰ, ਵਹੀਕਲ ਅਤੇ ਹੋਰ ਸੁੱਖ ਸਹੂਲਤਾਂ ਜੁਟਾਉਂਦਾ ਹੈ। ਪਰ ਦੇਖਣ ਵਿੱਚ ਆਉਂਦਾ ਹੈ ਕਿ ਜ਼ਿਆਦਾਤਰ ਲੋਕ ਖੁਦ ਨੂੰ ਮਿਲੀਆਂ ਸੁੱਖ ਸਹੂਲਤਾਂ ਦਾ ਲੁਤਫ਼ ਲੈਣ ਦੀ ਬਜਾਏ ਦੂਸਰੇ ਲੋਕਾਂ ਦੀ ਐਸ਼ੋ ਅਰਾਮ ਵਾਲੀ ਜਿੰਦਗੀ ਨੂੰ ਵੇਖਕੇ ਨਿਰਾਸ਼ ਹੁੰਦੇ ਰਹਿੰਦੇ ਹਨ।
ਅੱਜ ਕੱਲ ਦੁਨੀਆਂ ਵਿਚ ਮੰਡੀਕਰਨ ਦਾ ਦੌਰ ਚੱਲ ਰਿਹਾ ਹੈ ਜਿਸ ਨਾਲ ਪੈਸੇ ਦੀ ਮਹੱਤਤਾ ਵਧ ਗਈ ਹੈ ਅਤੇ ਮਨੁੱਖ ਹੋਰ ਜ਼ਿਆਦਾ ਲਾਲਚੀ ਹੋ ਗਿਆ ਹੈ। ਉਹ ਹਰ ਜਾਇਜ਼ ਜਾਂ ਨਜਾਇਜ਼ ਤਰੀਕਾ ਵਰਤ ਕੇ ਧਨ ਇਕੱਠਾ ਕਰਨ ਤੇ ਲੱਗਿਆ ਹੋਇਆ ਹੈ। ਦੂਸਰੇ ਲੋਕਾਂ ਦੀ ਐਸ਼ੋ ਅਰਾਮ ਵਾਲੀ ਜਿੰਦਗੀ ਨੂੰ ਵੇਖਕੇ ਕਈ ਵਾਰੀ ਦੂਸਰਾ ਮਨੁੱਖ ਲਾਲਚ ਵੱਸ ਗੈਰ-ਕਾਨੂੰਨੀ ਤੇ ਗੈਰ-ਸਮਾਜਿਕ ਕੰਮ ਕਰਨ ਲਈ ਤਿਆਰ ਹੋ ਜਾਂਦਾ ਹੈ। ਜਿਸ ਨਾਲ ਕਈ ਵਾਰ ਉਸਨੂੰ ਸਾਰੀ ਉਮਰ ਪਸਚਾਤਾਪ ਕਰਨਾ ਪੈ ਸਕਦਾ ਹੈ।
ਇਹ ਸਭ ਭਲੀ ਭਾਂਤ ਜਾਣਦੇ ਹਨ ਕਿ ਲਾਲਚ ਬੁਰੀ ਬਲਾ ਹੈ ਅਤੇ ਇਸ ਦੁਨੀਆਂ ਤੋਂ ਜਾਣ ਲੱਗਿਆਂ ਅਸੀਂ ਕੁਝ ਵੀ ਨਾਲ ਲੈ ਕੇ ਨਹੀਂ ਜਾ ਸਕਦੇ। ਸਾਡੀ ਸਾਰੀ ਧਨ ਦੌਲਤ ਇੱਥੇ ਹੀ ਧਰੀ ਧਰਾਈ ਰਹਿ ਜਾਣੀ ਹੈ। ਫਿਰ ਵੀ ਮਨੁੱਖ ਦਾ ਲਾਲਚ ਨਹੀਂ ਮੁੱਕਦਾ। ਆਪ ਤੋਂ ਵੱਡੇ ਵੱਲ ਵੇਖ ਕੇ ਨਿਰਾਸ਼ ਹੋਣ ਦੀ ਥਾਂ ਆਪ ਤੋਂ ਛੋਟੇ ਵੱਲ ਵੇਖਣਾ ਚਾਹੀਦਾ ਹੈ ਕਿਉਂਕਿ ਬਹੁਤ ਸਾਰੇ ਅਜਿਹੇ ਵੀ ਨਜ਼ਰ ਆਉਣਗੇ ਜੋਂ ਸਾਡੇ ਵਰਗਾ ਹੋਣਾ ਲੋਚਦੇ ਹੋਣਗੇ। ਇਹ ਜੀਵਨ, ਤੰਦਰੁਸਤੀ, ਪਰਿਵਾਰ, ਦੋਸਤ-ਮਿੱਤਰ ਵੀ ਰੱਬ ਦੀਆਂ ਬਖਸ਼ਿਸ਼ਾਂ ਹਨ।
ਇਸ ਲਈ ਉਸਦਾ ਸੁਕਰ ਕਰਨਾ ਚਾਹੀਦਾ ਹੈ ਅਤੇ ਮਿਹਨਤ ਅਤੇ ਇਮਾਨਦਾਰੀ ਨਾਲ ਜ਼ਿੰਦਗੀ ਵਿੱਚ ਅੱਗੇ ਵਧਣਾ ਚਾਹੀਦਾ ਹੈ। ਜਿੰਦਗੀ ਵਿੱਚ ਪੈਸਾ ਹੀ ਸਭ ਕੁੱਝ ਨਹੀਂ ਹੁੰਦਾ। ਬਹੁਤੇ ਪੈਸੇ ਵਾਲੇ ਵੀ ਕੋਈ ਜ਼ਿਆਦਾ ਸੁੱਖੀ ਨਹੀਂ ਹੁੰਦੇ। ਜਿਨ੍ਹਾਂ ਵੀ ਧਨ-ਦੌਲਤ, ਸੁੱਖ-ਅਰਾਮ ਸਾਡੇ ਕੋਲ ਹੈ ਉਸ ਵਿੱਚ ਸੰਤੁਸ਼ਟ ਹੋ ਕੇ ਸਾਨੂੰ ਉਨ੍ਹਾਂ ਨਿਆਮਤਾਂ ਨੂੰ ਮਾਨਣਾ ਚਾਹੀਦਾ ਹੈ ਜੋਂ ਸਾਡੇ ਕੋਲ ਮੌਜੂਦ ਹਨ, ਨਾ ਕਿ ਹੋਰ-ਹੋਰ ਕਰਦਿਆਂ ਨਿਰਾਸ਼ਤਾ ਵਿੱਚ ਜ਼ਿੰਦਗ਼ੀ ਗੁਜ਼ਾਰ ਦੇਣੀ ਚਾਹੀਦੀ ਹੈ।
ਚਾਨਣ ਦੀਪ ਸਿੰਘ ਔਲਖ
ਪਿੰਡ ਗੁਰਨੇ ਖੁਰਦ (ਮਾਨਸਾ)
ਸੰਪਰਕ : 9876888177
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly