ਜੂਠ ਨਹੀਂ ਛੱਡਣੀ

ਸਰਬਜੀਤ ਜੰਡੂ

(ਸਮਾਜ ਵੀਕਲੀ) –ਹੱਥ ਵਿੱਚ ਪੈਸੇ ਫੜੀਂ ਉਹ ਆਪਣੇ ਕਾਉੰਟਰ ਤੇ ਬੈਠਾ ਗਾਹਕ ਨਾਲ਼ ਉੱਚੀ ਉੱਚੀ ਬੋਲ ਰਿਹਾ ਸੀ ਜਦੋਂ ਕਿ ਗਾਹਕ ਕਹਿ ਰਿਹਾ ਸੀ ਕਿ ਤੈਨੂੰ ਪੈਸੇ ਪੂਰੇ ਦਿੱਤੇ ਹਨ ਬੱਸ ਗੱਲ ਖ਼ਤਮ….

ਪਰ ਢਾਬੇ ਦਾ ਮਾਲਕ ਅਜੇ ਵੀ ਸ਼ਾਂਤ ਹੋਣ ਦਾ ਨਾਮ ਨਹੀਂ ਸੀ ਲੈ ਰਿਹਾ। ਮੈਨੂੰ ਬਹੁਤ ਅਟਪਟਾ ਲੱਗ ਰਿਹਾ ਸੀ ਅਤੇ ਮੈਂ ਸੋਚ ਰਿਹਾ ਸੀ ਕਿ ਗਾਹਕ ਰੱਬ ਦਾ ਰੂਪ ਹੁੰਦਾ ਹੈ ਪਰ ਇਹ ਢਾਬੇ ਵਾਲਾ ਟੁੱਟੇ ਛਿੱਤਰ ਵਾਂਗ ਵਧਦਾ ਹੀ ਜਾ ਰਿਹਾ ਹੈ। ਮੈਂ ਦੂਰ ਬੈਠਾ ਆਪਣੀ ਚਾਹ ਦੀ ਆਖਰੀ ਘੁੱਟ ਭਰ ਕੇ ਮਾਮਲਾ ਜਾਣਨ ਦੀ ਗਰਜ਼ ਨਾਲ ਕਾਉੰਟਰ ਵੱਲ ਹੋ ਤੁਰਿਆ ਅਤੇ ਚਾਹ ਦੇ ਪੈਸੇ ਦਿੰਦੇ ਹੋਏ ਢਾਬੇ ਦੇ ਮਾਲਕ ਨੂੰ ਆਪਣਾ ਫ਼ੈਸਲਾ ਗਰਦਾਨਿਆ,”ਤੁਸੀਂ ਗਾਹਕ ਦੀ ਕਦਰ ਨਹੀਂ ਕਰ ਰਹੇ” ……. ਢਾਬੇ ਦੇ ਮਾਲਕ ਦੇ ਤੇਵਰ ਕੁੱਝ ਨਰਮ ਹੋਏ ਅਤੇ ਮੈਨੂੰ ਸੰਬੋਧਨ ਕਰਦਿਆਂ ਬੋਲਿਆ, ਭਾਈ ਸਾਹਿਬ ਮੈਂ ਮੰਨਦਾ ਹਾਂ ਕਿ ਗਾਹਕ ਰੱਬ ਦਾ ਰੂਪ ਹੁੰਦਾ ਹੈ ਪਰ ਜੂਠ ਛੱਡਣੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਹੋਵੇਗੀ
ਇਸ ਗੱਲ ਦੀ ਹਾਜ਼ਰ ਜਵਾਬੀ ਵਿੱਚ ਉਹੀ ਗਾਹਕ ਜੋ ਮੇਰੀ ਸ਼ਹਿ ਮੰਨ ਰਿਹਾ ਸੀ, ਹੋਰ ਤਿੱਖੇ ਸੁਰ ਵਿੱਚ ਬੋਲਿਆ, ਤੈਨੂੰ ਪੈਸੇ ਦਿੱਤੇ ਹਨ ਉਹ ਵੀ ਪੂਰੇ
     ਹੁਣ ਤੱਕ ਸਾਰਾ ਮਾਮਲਾ ਮੇਰੀ ਸਮਝ ਵਿੱਚ ਆ ਚੁੱਕਾ ਸੀ ਅਤੇ ਮੈਂ ਆਪਣੇ ਸਾਬਕਾ ਫੈਸਲੇ ਤੇ ਪਰਦਾ ਪਾਉਂਦਿਆਂ ਕਿਹਾ… ਭਾਈ ਸਾਹਿਬ ਤੁਸੀਂ ਆਪਣੇ ਢਾਬੇ ਤੇ ਲਿਖਤੀ ਤਖ਼ਤੀ ਕਿਉਂ ਨਹੀਂ ਲਾਉਂਦੇ ਕਿ ਗਾਹਕ ਲੋੜ ਅਨੁਸਾਰ ਅੱਧੀ ਰੋਟੀ ਵੀ ਲੈ ਸਕਦੇ ਹਨ ਪਰ ਜੂਠ ਨਹੀਂ ਛੱਡਣੀ
        ਮੇਰੇ ਹੁਣ ਵਾਲੇ ਸੁਝਾਅ ਦੀ ਕਦਰ ਕਰਦਿਆਂ ਢਾਬਾ ਮਾਲਕ ਸਾਨੂੰ ਸਾਰਿਆਂ ਨੂੰ ਸੰਬੋਧਨ ਕਰਦਿਆਂ ਕਹਿਣ ਲੱਗਾ ਕਿ ਠੀਕ ਹੈ ਇਹ ਵੀ ਕੱਲ੍ਹ ਤੋਂ ਹੋ ਜਾਵੇਗਾ ਪਰ……ਕਿਸਾਨ ਆਪਣੇ ਖੇਤਾਂ ਵਿੱਚ ਬਹੁਤ ਮੁਸ਼ਕਿਲਾਂ ਨਾਲ ਅੰਨ ਉਗਾਉਂਦਾ ਹੈ ਰਾਤਾਂ ਨੂੰ ਹਨੇਰੇ ਵਿੱਚ ਸੱਪਾਂ ਦੇ ਸਿਰਾਂ ਤੇ ਪੈਰ ਰੱਖ ਰੱਖ ਕੇ ਆਪਣੀ ਫ਼ਸਲ ਨੂੰ ਪਾਲਦਾ ਹੈ ।ਕਦੇ ਫ਼ਸਲ ਨੂੰ ਸੁੰਡੀ ਦੇ ਕਹਿਰ ਤੋਂ ਬਚਾਉਣ ਲਈ (ਅਸਲੀ ਨਕਲੀ)ਪੈਸਟੀਸਾਈਡ ਦੀ ਸਪਰੇਹ ਕਰਦਾ ਹੈ ਅਤੇ ਕਦੇ ਉਹ ਇਸ ਕੀੜੇ ਮਾਰ ਦਵਾਈਆਂ ਦੀ,ਜੇਬ ਅਤੇ ਸਰੀਰ ਦੋਵਾਂ ਉੱਪਰ ਮਾਰ ਝੱਲਦਾ ਹੈ ਤਾਂ ਜਾ ਕੇ ਫ਼ਸਲ ਤਿਆਰ ਹੁੰਦੀ ਹੈ ਜਿਸ ਤੇ ਮੰਡੀ ਵਿੱਚ ਵਿਕਣ ਤੱਕ ਬੇਮੌਸਮੀ ਬਰਸਾਤ ਦਾ ਡਰ ਬਣਿਆ ਰਹਿੰਦਾ ਹੈ ਫੇਰ ਕਿਤੇ ਜਾ ਕੇ ਸਾਡੇ ਕੋਲ ਇਹ ਅਨਾਜ ਪਹੁੰਚਦਾ ਹੈ……….ਇੱਕੋ ਸਾਹ ਵਿੱਚ ਸਾਰੀਆਂ ਕੀਮਤੀ ਗੱਲਾਂ ਕਹਿ ਕੇ ਲੰਮਾ ਸਾਹ ਲਿਆ ਅਤੇ ਫੇਰ ਬੋਲਿਆ… ਹੁਣ ਤੁਸੀਂ ਦੱਸੋ ਕਿ ਜੂਠ ਛੱਡਣੀ ਕਿੰਨੀ ਕੁ ਅਕਲਮੰਦੀ ਦੀ ਨਿਸ਼ਾਨੀ ਹੈ….?
ਗੱਲ ਬਹੁਤ ਹੀ ਮਾਇਨੇ ਭਰਪੂਰ ਸੀ ਇਸ ਲਈ ਮੈਂ ਵੀ ਆਪਣੇ ਮਨ ਹੀ ਮਨ ਵਿਚਾਰ ਕਰਦਾ ਕਰਦਾ ਸੋਚ ਰਿਹਾ ਸੀ ਕਿ ਇੱਕ ਇਹ ਇਨਸਾਨ ਹੈ ਜੋ ਖਾਣੇ ਦੀ ਪੂਰੀ ਕੀਮਤ ਵਸੂਲਣ ਤੋਂ ਬਾਅਦ ਵੀ ਅੰਨ ਦੀ ਬਰਬਾਦੀ ਤੇ ਚਿੰਤਾ ਕਰ ਰਿਹਾ ਹੈ ਦੂਜੇ ਪਾਸੇ ਪੈਲੇਸਾਂ ਵਿੱਚ ਕਿੰਨੇ ਹੀ ਅੰਨ ਦੀ ਬਰਬਾਦੀ ਹੁੰਦੀ ਅਸੀਂ ਰੋਜ਼ਾਨਾ ਹੀ ਦੇਖਦੇ ਹਾਂ। ਇੱਕ ਪਾਸੇ ਜੂਠ ਦੇ ਰੂਪ ਵਿੱਚ ਲੱਖਾਂ ਮਣ ਤਿਆਰ ਹੋਏ ਭੋਜਨ ਨੂੰ ਅਜਾਈਂ ਗੰਵਾਇਆ ਜਾਂਦਾ ਹੈ ਦੂਜੇ ਪਾਸੇ ਲੱਖਾਂ ਹੀ ਅਜਿਹੇ ਲੋਕ ਵੀ ਹੋਣਗੇ ਜਿਹੜੇ ਭੁੱਖੇ ਹੀ ਸੌਂ ਜਾਂਦੇ ਹਨ। ਬਣੇ ਹੋਏ ਭੋਜਨ ਵਿੱਚ ਸਿਰਫ਼ ਅੰਨ ਦੀ ਹੀ ਬਰਬਾਦੀ ਨਹੀਂ ਹੁੰਦੀ ਬਲਕਿ ਉਸਨੂੰ ਬਣਾਉਣ ਲਈ ਲੱਖਾਂ ਰੁਪਏ ਦੇ ਮਸਾਲੇ,ਤੇਲ,ਘੀ, ਬਿਜਲੀ,ਗੈਸ ਅਤੇ ਬਾਲਣ ਵਰਤੋਂ ਵਿੱਚ ਆਇਆ ਹੁੰਦਾ ਹੈ ਜੋ ਕਿ ਮਿੱਟੀ ਵਿੱਚ ਮਿਲ ਜਾਂਦਾ ਹੈ। ਮੈਂ ਉੱਥੇ ਹੀ ਖੜ੍ਹਾ ਖੜੋਤਾ ਇਹ ਸਾਰੀਆਂ ਗੱਲਾਂ ਸੋਚ ਰਿਹਾ ਸੀ ਕਿ ਅਚਾਨਕ ਮੇਰੀ ਨਿਗਾਹ ਆਪਣੀ ਬੱਸ ਵੱਲ ਗਈ….. ਜੋ ਕਿ ਮੇਰੇ ਖਿਆਲਾਂ ਦੇ ਵਹਿਣ ਵਿੱਚ ਡੁੱਬਣ ਕਾਰਨ ਨਿੱਕਲ ਚੁੱਕੀ ਸੀ
        ਮੇਰੀ ਬੱਸ ਜ਼ਰੂਰ ਨਿੱਕਲ ਗਈ ਸੀ ਪਰ ਉਸ ਦਿਨ ਤੋਂ ਬਾਅਦ ਇਹ ਕੀਮਤੀ ਗੱਲ ਮੇਰੇ ਦਿਮਾਗ਼ ਵਿੱਚੋਂ ਕਦੇ ਨਹੀਂ ਨਿੱਕਲੀ ਅਤੇ ਜਦੋਂ ਵੀ ਖਾਣਾ ਖਾਣ ਬੈਠਦਾ ਹਾਂ ਤਾਂ ਸਭ ਤੋਂ ਪਹਿਲਾਂ ਇਹ ਵਿਚਾਰ ਦਿਮਾਗ਼ ਵਿੱਚ ਆ ਜਾਂਦਾ ਹੈ ਕਿ “ਜੂਠ ਨਹੀਂ ਛੱਡਣੀ…..ਜੂਠ ਨਹੀਂ ਛੱਡਣੀ।
ਲੇਖਕ :-ਸਰਬਜੀਤ ਜੰਡੂ
ਛਾਜਲੀ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨੌਕਰ
Next articleਇਨਸਾਨ ਦੀ ਦੌੜ