ਨਹੀਂ ਭੁੱਲਦਾ ਚੁੱਲ੍ਹੇ ਵਿੱਚ ਬਣੀ ਰੋਟੀ ਦਾ ਸਵਾਦ…

ਮਾਸਟਰ ਸੰਜੀਵ ਧਰਮਾਣੀ

(ਸਮਾਜ ਵੀਕਲੀ)

ਚੁੱਲ੍ਹਾ ਪੇਂਡੂ ਪੰਜਾਬੀ ਸੱਭਿਆਚਾਰ , ਪਰਿਵਾਰਕ ਤੇ ਸਮਾਜਿਕ ਸਾਂਝ , ਆਪਸੀ ਪਿਆਰ , ਹਸਤਕਲਾ ਅਤੇ ਘਰ ਦੀ ਬਰਕਤ ਦੀ ਨਿਸ਼ਾਨੀ ਹੈ। ਕੁਝ ਸਾਲ ਪਹਿਲਾਂ ਪੰਜਾਬ ਦੇ ਪਿੰਡਾਂ ਵਿੱਚ ਚੁੱਲ੍ਹੇ ਦਾ ਕਾਫੀ ਚਲਣ ਸੀ , ਪਰ ਆਧੁਨੀਕਰਨ ਨਾਲ ਜਿੱਥੇ ਹੋਰ ਕਾਫ਼ੀ ਕੁਝ ਖ਼ਤਮ ਹੀ ਹੋ ਗਿਆ , ਉੱਥੇ ਗੈਸ ਸਿਲੰਡਰ , ਬਿਜਲਈ ਚੁੱਲ੍ਹਿਆਂ , ਰੋਟੀ ਬਣਾਉਣ ਦੀਆਂ ਭਾਂਤ – ਭਾਂਤ ਦੀਆਂ ਮਸ਼ੀਨਾਂ ਤੇ ਸਾਧਨਾਂ ਆਦਿ ਦੀ ਆਮਦ ਨਾਲ ਸਾਡੇ ਰਸੋਈ ਘਰਾਂ ਅਤੇ ਵਿਹੜਿਆਂ ਵਿੱਚੋਂ ਚੁੱਲ੍ਹੇ ਖ਼ਤਮ ਹੋਣ ਕਿਨਾਰੇ ਹੋ ਗਏ। ਪੇਂਡੂ ਸੁਆਣੀਆਂ ਟੋਭਿਆਂ , ਤਲਾਬਾਂ ਜਾਂ ਢਿੱਗਾਂ ਦੀ ਚੀਕਣੀ ਮਿੱਟੀ ਪੁੱਟ ਕੇ ਲਿਆਉਂਦੀਆਂ ਅਤੇ ਭਾਂਤ – ਭਾਂਤ ਦੇ ਰੰਗ – ਰੂਪ ਦੇ ਸਥਾਈ ਜਾਂ ਚੱਕਵੇਂ – ਚੁੱਲ੍ਹੇ ਬਣਾਉਂਦੀਆਂ ਹੁੰਦੀਆਂ ਸਨ।

ਫਿਰ ਉਹਨਾਂ ਨੂੰ ਗੋਹੇ – ਤੂੜੀ ਆਦਿ ਨਾਲ ਲਿੱਪ ਕੇ ਤਿਆਰ ਕਰਦੀਆਂ ਹੁੰਦੀਆਂ ਸਨ। ਅੱਗ ਬਾਲਣ ਲਈ ਭੂਕਨਾ ਜੋ ਕਿ ਲੋਹੇ ਦਾ ਬਣਿਆ ਹੁੰਦਾ ਸੀ , ਦੀ ਵਰਤੋਂ ਕਰਦੀਆਂ ਸਨ। ਲੋਕ ਗੋਬਰ ਤੋਂ ਤਿਆਰ ਪਾਥੀਆਂ , ਕਾਲੇ ਕੱਖ ਅਤੇ ਟੁੱਕੀਆਂ ਹੋਈਆਂ ਲੱਕੜਾਂ ਤੇ ਤਿੰਬੜੂ ਆਦਿ ਨਾਲ ਚੁੱਲ੍ਹੇ ਵਿੱਚ ਅੱਗ ਬਾਲਦੇ ਹੁੰਦੇ ਸੀ। ਚੁੱਲ੍ਹੇ ਦੀ ਅੱਗ ਉੱਤੇ ਤਿਆਰ ਕੀਤੀ ਰੋਟੀ , ਖ਼ਾਸ ਤੌਰ ‘ਤੇ ਮੱਕੀ ਦੀ ਰੋਟੀ ਅਤੇ ਚੁੱਲ੍ਹੇ ਦੇ ਕੌਲਿਆਂ ਉੱਤੇ ਰੱਖ ਕੇ ਰਾੜ੍ਹੀ / ਤਿਆਰ ਰੋਟੀ ਤੇ ਸਰ੍ਹੋਂ ਦੇ ਸਾਗ ਦਾ ਅਨੰਦ ਅਤੇ ਸਵਾਦ ਵੱਖਰਾ ਹੀ ਹੁੰਦਾ ਸੀ , ਜੋ ਅੱਜ ਹੋਰ ਸਾਧਨਾਂ ‘ਤੇ ਤਿਆਰ ਕੀਤੀ ਰੋਟੀ ਵਿੱਚ ਨਹੀਂ ਮਿਲਦਾ।

ਬੱਚੇ ਅਕਸਰ ਰੋਟੀ ਬਣਨ ਤੋਂ ਬਾਅਦ ਸ਼ਕਰਕੰਦੀਆਂ ਜਾਂ ਆਲੂ ਚੁੱਲ੍ਹੇ ਦੇ ਕੌਲਿਆਂ ਵਿੱਚ ਪਾ ਕੇ ਦੱਬ ਦਿੰਦੇ ਸਨ ਅਤੇ ਕੁਝ ਦੇਰ ਬਾਅਦ ਇਹ ਭੁੰਨੇ ਹੋਏ ਆਲੂ ਤੇ ਸ਼ਕਰਕੰਦੀਆਂ ਖਾ ਕੇ ਅਥਾਹ ਖ਼ੁਸ਼ੀ ਮਹਿਸੂਸ ਕਰਦੇ ਹੁੰਦੇ ਸੀ। ਨਹਾਉਣ ਜਾਂ ਹੋਰ ਕੰਮਾਂ ਲਈ ਗਰਮ ਪਾਣੀ ਦੀ ਜ਼ਰੂਰਤ ਪੂਰੀ ਕਰਨ ਦੇ ਲਈ ਪਾਣੀ ਗਰਮ ਕਰਨ ਲਈ ਚੁੱਲ੍ਹੇ ‘ਤੇ ਹੀ ਵੱਡਾ ਪਤੀਲਾ ਜਾਂ ਹੋਰ ਬਰਤਨ ਰੱਖ ਕੇ ਚੁੱਲ੍ਹੇ ਦੇ ਬਚੇ ਹੋਏ ਕੋਲ਼ਿਆਂ ਅੰਗਾਰਿਆਂ ਦੇ ਆਸਰੇ ਕੰਮ ਚਲਾ ਲਿਆ ਜਾਂਦਾ ਹੁੰਦਾ ਸੀ। ਪਰਿਵਾਰ ਦੇ ਸਾਰੇ ਜੀਅ ਇਕੱਠੇ ਹੋ ਕੇ ਪਟੜਿਆਂ , ਪੀੜ੍ਹੀ ਜਾਂ ਸਫ਼ ਆਦਿ ‘ਤੇ ਬੈਠ ਕੇ ਚੁੱਲ੍ਹੇ ਕੋਲ ਹੀ ਘਰ ਬਣਾਈ ਪੂਦਨੇ ( ਪੁਦੀਨੇ) ਦੀ ਖੱਟੀ – ਮਿੱਠੀ ਚਟਨੀ ਨਾਲ਼ ਗਰਮਾ – ਗਰਮ ਤਿਆਰ ਰੋਟੀ ਖਾਣ ਦਾ ਅਨੰਦ ਮਾਣਦੇ ਹੁੰਦੇ ਸੀ।

ਕਈ ਵਾਰ ਬੱਚੇ ਪਹਿਲਾਂ ਰੋਟੀ ਖਾਣ ਦੇ ਚੱਕਰਾਂ ਵਿੱਚ ਚਾਅ – ਚਾਅ ਵਿੱਚ ਝੂਠੀ – ਮੂਠੀ ਦਾ ਨਾਰਾਜ਼ ਵੀ ਹੋ ਜਾਇਆ ਕਰਦੇ ਸਨ। ਇਹ ਰੁੱਸਣ – ਮਨਾਉਣ ਦਾ ਵਰਤਾਰਾ ਵੀ ਚੁੱਲ੍ਹੇ – ਚੌੰਕੇ ਕਰਕੇ ਹੀ ਹੁੰਦਾ ਸੀ। ਪੇਂਡੂ ਖੇਤਰ ਵਿੱਚ ਲੋਕਾਂ ਨੂੰ ਇਹ ਚੰਗੀ ਆਦਤ ਹੁੰਦੀ ਸੀ ਕਿ ਤੜਕੇ ਉੱਠ ਕੇ ਚੁੱਲ੍ਹਾ ਬਾਲ਼ ਕੇ ਪਾਣੀ ਆਦਿ ਗਰਮ ਕਰਨਾ ਚੁੱਲ੍ਹੇ ‘ਤੇ ਰੱਖਦੇ ਹੁੰਦੇ ਸੀ। ਚੁੱਲ੍ਹੇ ਵਿੱਚ ਸੁਵੱਖਤੇ ਅੱਗ ਜਗਾ ਦੇਣਾ ਬਰਕਤ ਅਤੇ ਸਬਰ – ਸੰਤੋਖ ਦੀ ਨਿਸ਼ਾਨੀ ਹੁੰਦੀ ਸੀ। ਸਰਦੀਆਂ ਵਿੱਚ ਚੁੱਲ੍ਹੇ ਦੇ ਚਾਰੇ ਪਾਸੇ ਇਕੱਠੇ ਹੋ ਕੇ ਅੱਗ ਸੇਕਣ ਦਾ ਬੜਾ ਨਜ਼ਾਰਾ ਆਉਂਦਾ ਹੁੰਦਾ ਸੀ। ਲੋਕੀਂ ਚੁੱਲ੍ਹੇ ਦੇ ਆਲੇ – ਦੁਆਲੇ ਬੈਠ ਕੇ ਗੁੜ ਤੇ ਮੂੰਗਫਲੀਆਂ ਖਾਂਦੇ ਹੁੰਦੇ ਸੀ ਤੇ ਆਪਸ ਵਿੱਚ ਦਿਲਾਂ ਦੀਆਂ ਰਮਜ਼ਾਂ ਵੀ ਸਾਂਝੀਆਂ ਕਰ ਲੈਂਦੇ ਹੁੰਦੇ ਸੀ।

ਸੁਆਣੀਆਂ ਸਮੇਂ – ਸਮੇਂ ਸਿਰ ਚੁੱਲ੍ਹੇ ਨੂੰ ਗੇਰੂ ਮਿੱਟੀ ਤੇ ਗੋਬਰ , ਤੂੜੀ ਆਦਿ ਨਾਲ ਲਿੱਪ ਕੇ ਉਸ ਦੀ ਸਾਂਭ – ਸੰਭਾਲ ਕਰਦੀਆਂ ਰਹਿੰਦੀਆਂ ਹੁੰਦੀਆਂ ਸਨ। ਕਈ ਵਾਰ ਨਵਾਂ ਚੁੱਲ੍ਹਾ ਬਣਾਉਣ ਲਈ ਆਂਢੀਆਂ – ਗੁਆਂਢੀਆਂ ਨੂੰ ਵੀ ਮੱਦਦ ਲਈ ਬੁਲਾ ਲਿਆ ਜਾਂਦਾ ਸੀ। ਜਿਸ ਨਾਲ ਕਿ ਆਪਸੀ ਮਿਲਵਰਤਨ , ਸਾਂਝ ਤੇ ਭਾਈਚਾਰਕ ਪ੍ਰੇਮ – ਪਿਆਰ ਕਾਇਮ ਰਹਿੰਦਾ ਹੁੰਦਾ ਸੀ। ਸਮੇਂ ਦੇ ਬਦਲਣ ਨਾਲ ਚੁੱਲ੍ਹੇ – ਚੌਂਕਿਆਂ ਦਾ ਵਜੂਦ ਵੀ ਖ਼ਤਮ ਹੋ ਰਿਹਾ ਹੈ , ਪਰ ਜਿਸ ਕਿਸੇ ਨੇ ਵੀ ਦਾਦਕੇ ਜਾਂ ਨਾਨਕੇ ਘਰ ਵਿੱਚ ਬਜ਼ੁਰਗਾਂ ਕੋਲ਼ ਬੈਠ ਕੇ ਚੁੱਲ੍ਹੇ – ਚੌਂਕੇ ‘ਤੇ ਬਣੀਆਂ ਰੜ੍ਹੀਆਂ ਰੋਟੀਆਂ , ਭੁੰਨੇ ਆਲੂ ਤੇ ਸ਼ਕਰਕੰਦੀਆਂ ਦਾ ਅਨੰਦ ਓਸ ਭਲੇ ਸਮੇਂ ਮਾਣਿਆ ਹੋਵੇ , ਉਸ ਨੂੰ ਚੁੱਲ੍ਹੇ – ਚੌਂਕੇ ਨਾਲ ਜੁੜੀਆਂ ਯਾਦਾਂ ਤੇ ਬਿਤਾਇਆ ਸਮਾਂ ਕਦੇ ਨਹੀਂ ਭੁੱਲ ਸਕਦਾ।

ਲੇਖਕ ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
9478561356

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article ਨਵਜੋਤ ਸਿੱਧੂ-ਧਰਤੀ ਪੁੱਤਰ ਜਾਂ ਨੱਕ ਦੀ ਫਿਨਸੀ
Next articleਹਰ ਕੰਮ ਵਿੱਚ ਸਿਆਸਤ ਚਲਦੀ ਏ