(ਸਮਾਜ ਵੀਕਲੀ)
ਚੁੱਕਕੇ ਜਵਾਕ ਭਾਬੋ ਘਰ ਚ ਖਿਡਾਉਂਦੀ ਸੀ
ਚਰਖੇ ਦੇ ਉੱਤੇ ਬੈਠੀ ਤੰਦ ਮਾਈ ਪਾਉਂਦੀ ਸੀ
ਡਾਂਗਾਂ ਕਿਰਪਾਨਾਂ ਹੱਥ ਫੜ੍ਹੀਆਂ ਮੰਡੀਰ ਨੇ
ਗਲ਼ੀ ਵਿੱਚ ਭੜਕੀ ਹੋਈ ਭੀੜ ਤੁਰੀ ਆਉਂਦੀ ਸੀ
ਓ ਖੂਨ ਦੀਆਂ ਵਹਿਣ ਨਦੀਆਂ
ਨਾ ਕੋਈ ਚੱਲੇ ਓਸ ਭੀੜ ਅੱਗੇ ਚਾਰੇ
ਖੜ੍ਹੀ ਜਦੋਂ ਰੇਲ ਕੂਕਦੀ
ਵਾਜ਼ਾ ਖੜ੍ਹਕੇ ਸਟੇਸ਼ਨ ਤੇ ਮਾਰੇ
ਓ ਨਹੀਓਂ ਸੰਤਾਲ਼ੀ ਭੁੱਲਣੀ
ਰੱਬਾ ਦਿਨ ਨਾ ਵਿਖਾਈਂ ਓਹ ਦੁਬਾਰੇ
ਚੁੱਕਕੇ ਸਮਾਨ ਤੁਰੇ ਗੱਡਿਆਂ ਤੇ ਲੱਦਕੇ
ਤੁਰਨਾ ਹੀ ਪਿਆ ਪੈਲ਼ੀ ਡੰਗਰਾਂ ਨੂੰ ਛੱਡਕੇ
ਪਿੰਜਰ ਬਣਾਤੀ ਦੇਹ ਭੁੱਖ ਤਿਰਹਅ ਨੇ
ਬੈਠੀ ਸੀ ਚੁਫੇਰੇ ਜਿਵੇਂ ਲਾੜੀ ਮੌਤ ਸੱਜਕੇ
ਹਾਏ ਅੱਗ ਲੱਗੇ ਚੌਧਰਾਂ ਨੂੰ
ਕਦੇ ਹੋਣ ਨਾ ਏਦਾਂ ਦੇ ਬਟਵਾਰੇ
ਖੜ੍ਹੀ ਜਦੋਂ ਰੇਲ ਕੂਕਦੀ
ਵਾਜ਼ਾਂ ਖੜ੍ਹਕੇ ਸਟੇਸ਼ਨ ਤੇ ਮਾਰੇ
ਨਹੀਂਓਂ ਸੰਤਾਲ਼ੀ ਭੁੱਲਣੀ
ਰੱਬਾ ਦਿਨ ਨਾ ਵਿਖਾਈਂ ਓਹ ਦੁਬਾਰੇ
ਕਿੰਨਾ ਈ ਜਬਰ ਅਸੀਂ ਖੁਦ ਉੱਤੇ ਸਹਿ ਗਏ
ਡਰਦੇ ਕਮਾਦਾਂ ਵਿਚ ਲੁੱਕਕੇ ਸਾਂ ਬਹਿ ਗਏ
ਇੱਜਤਾਂ ਨੂੰ ਕਿੱਤਾ ਜ਼ਾਲਮਾਂ ਨੇ ਤਾਰ ਤਾਰ ਸੀ
ਆਸਾਂ ਦੇ ਸਜਾਏ ਮਹਿਲ ਪਲਾਂ ਵਿਚ ਢਹਿ ਗਏ
ਨਾ ਕਿਸੇ ਉੱਤੇ ਵਰ੍ਹੇ ਕਹਿਰ ਏਹ
ਪੈ ਗਏ ਜਿੰਦ ਨੂੰ ਮਾਮਲੇ ਭਾਰੇ
ਖੜ੍ਹੀ ਜਦੋਂ ਰੇਲ ਕੂਕਦੀ
ਵਾਜ਼ਾਂ ਖੜ੍ਹਕੇ ਸਟੇਸ਼ਨ ਤੇ ਮਾਰੇ
ਨਹੀਓਂ ਸੰਤਾਲ਼ੀ ਭੁੱਲਣੀ
ਰੱਬਾ ਦਿਨ ਨਾ ਵਿਖਾਈਂ ਓਹ ਦੁਬਾਰੇ
ਚੁੱਪ ਕਰ ਧੰਨਿਆਂ ਨਾ ਛੇੜ ਉਸ ਗੱਲ ਨੂੰ
ਮਸਾਂ ਲਾਇਲਪੁਰ ਤੋਂ ਆਏ ਪਟਿਆਲੇ ਵੱਲ ਨੂੰ
ਰਾਹ ਵਿੱਚ ਵੇਖੇ ਲੋਥਾਂ ਵਾਲ਼ੇ ਲੱਗੇ ਢੇਰ ਸੀ
ਕੱਢ ਸਕਦੇ ਉਂਝ ਮਸਲੇ ਦੇ ਹੱਲ ਨੂੰ
ਹਾਏ ਵੇਖਦੇ ਤਮਾਸ਼ਾ ਫਿਰਦੇ
ਵੰਡ ਕਾਣੀ ਦੇ ਭੁੱਖੇ ਹਤਿਆਰੇ
ਖੜ੍ਹੀ ਜਦੋਂ ਰੇਲ ਕੂਕਦੀ
ਵਾਜ਼ਾਂ ਖੜ੍ਹਕੇ ਸਟੇਸ਼ਨ ਤੇ ਮਾਰੇ
ਨਹੀਓਂ ਸੰਤਾਲ਼ੀ ਭੁੱਲਣੀ
ਰੱਬਾ ਦਿਨ ਨਾ ਵਿਖਾਈਂ ਓਹ ਦੁਬਾਰੇ
ਧੰਨਾ ਧਾਲੀਵਾਲ਼
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly