(ਸਮਾਜ ਵੀਕਲੀ)
ਜਗਤ ਆਉਣਾ ਇੱਕ ਫੇਰੀ,
ਹੋ ਜਾਣਾ ਖਾਕ ਦੀ ਢੇਰੀ।
ਖੁਦਾ ਦੀ ਜਾਤ ਨੂੰ ਪਰਖੋ,
ਦਿੱਤੀ ਔਕਾਤ ਨੂੰ ਪਰਖੋ।
ਸਮੇਂ ਦੇ ਵਹਿਣ ਨੇ ਡਾਢੇ,
ਕੋਈ ਰਸਤਾ ਨਵਾਂ ਘੜਿਓ,
ਜੇ ਜੀਣਾ, ਤਾਂ ਜਿਓ ਹਿੱਕ ਤਣ ਕੇ,
ਮਰਨ ਤੋਂ ਪਹਿਲਾਂ ਈ ਨਾ ਮਰਿਓ।
ਇਹ ਰੂਹ ਤੇ ਜਾਨ ਦੇ ਰਿਸ਼ਤੇ,
ਇਹ ਕੁਫ਼ਰ ,ਇਮਾਨ ਦੇ ਰਿਸ਼ਤੇ।
ਕਦੇ ਤਾਂ ਨਿਭਦੇ ਖਿਆਲਾਂ ਨਾਲ,
ਕਦੇ ਮੁੱਕਦੇ ਜੰਜਾਲਾਂ ਨਾਲ।
ਨਾ ਰੱਖਿਓ ਅਣਖ ਨੂੰ ਗਹਿਣੇ,
ਪੈਂਦੇ ਨੇ ਦੁੱਖ ਵੀ ਸਹਿਣੇ।
ਰੱਖਿਓ ਇਮਾਨ ਨੂੰ ਸੁੱਚਾ,
ਨਾ ਪੱਗ ਪੈਰਾਂ ਤੇ ਹੀ ਧਰਿਓ।
ਜੇ ਜੀਣਾ ਜਿਓ ਹਿੱਕ ਤਣ ਕੇ,
ਮਰਨ ਤੋਂ ਪਹਿਲਾਂ ਨਾ ਮਰਿਓ।
ਖੰਡੇ ਦੀ ਧਾਰ ਚੋਂ ਨਿਕਲੇ,
ਤਿੱਖੀ ਤਲਵਾਰ ਚੋ ਨਿਕਲੇ,
ਤਵੀ ਦਾ ਸੇਕ ਵੀ ਜਰਿਆ,
ਤਲੀ ਤੇ ਸੀਸ ਵੀ ਧਰਿਆ।
ਜੋ ਨੀਂਹਾਂ ਵਿੱਚ ਚਿਣਾਏ ਸੀ,
ਸਿਦਕ ਕਿੱਥੋਂ ਲਿਆਏ ਸੀ।
ਉਹਨਾਂ ਨੂੰ ਕਰ ਲਿਓ ਚੇਤੇ,
ਪੱਲਾ ਸਦਾ ਆਸ ਦਾ ਫੜਿਓ,
ਜੇ ਜੀਣਾ ,ਜਿਓ ਹਿੱਕ ਤਣ ਕੇ,
ਮਰਨ ਤੋਂ ਪਹਿਲਾਂ ਨਾ ਮਰਿਓ।
ਸਤਨਾਮ ਕੌਰ ਤੁਗਲਵਾਲਾ