*ਬੱਚਿਆਂ ਦੀ ਹਿੰਮਤ ਬਣੋ..ਨਾ ਕਿ ਪੈਰਾਂ ਦੀਆਂ ਬੇੜੀਆਂ…**

ਪਰਵੀਨ ਕੌਰ ਸਿੱਧੂ
 ਪਰਵੀਨ ਕੌਰ ਸਿੱਧੂ
(ਸਮਾਜ ਵੀਕਲੀ) ਆਪਣੇ ਬੱਚਿਆਂ ਦੀ ਹਿੰਮਤ ਬਣੋ.. ਨਾ ਕਿ ਉਹਨਾਂ ਦੇ ਪੈਰਾਂ ਦੀਆਂ ਬੇੜੀਆਂ …..। ਉਹਨਾਂ ਨੂੰ ਵਿਗਸਣ ਦਿਉ। ਉੱਚੀਆ ਉਡਾਰੀਆਂ ਭਰਨ ਲਈ ਉਹਨਾਂ ਅੰਦਰ ਉਤਸ਼ਾਹ ਅਤੇ ਉਮੰਗ ਭਰੋ। ਉਹਨਾਂ ਦਾ ਸਾਥ ਦੇਵੋ। ਉਹਨਾਂ ਦੇ ਦਿਲ ਦੀ ਗੱਲ ਸੁਣੋ। ਗੱਲ-ਗੱਲ ਉੱਤੇ ਉਹਨਾਂ ਨੂੰ ਝਿੜਕਣ ਦੀ ਥਾਂ ‘ਤੇ ਉਹਨਾਂ ਨੂੰ ਸੁਣਨ ਦੀ ਆਦਤ ਪਾਓ। ਬਚਪਨ ਤੋਂ ਹੀ ਉਹਨਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ। ਬੱਚਿਆਂ ਅੰਦਰ ਵਧੀਆ ਆਦਤਾਂ ਦਾ ਅਤੇ ਚੰਗੇ ਸੰਸਕਾਰਾਂ ਨੂੰ ਪੈਂਦਾ ਕਰਨਾ ਵੱਡਿਆਂ ਦਾ ਹੀ ਫਰਜ਼ ਹੁੰਦਾ ਹੈ। ਜਿੱਥੇ ਵੀ ਤੁਹਾਨੂੰ ਲੱਗੇ ਕਿ ਇਹਨਾਂ ਨੂੰ ਸਹੀ ਰਾਇ ਦੇਣ ਦੀ ਲੋੜ ਹੈ.. ਤਾਂ ਜ਼ਰੂਰ ਸਹੀ ਰਾਇ ਦਿਓ। ਸਮਝਾਉਣ ਲੱਗਿਆਂ ਕਾਹਲ਼ੀ ਤੋਂ ਕੰਮ ਨਾ ਲਿਆ ਜਾਵੇ.. ਸਗੋਂ ਬੜੇ ਠਰ੍ਹਮੇ ਤੋਂ ਕੰਮ ਲਿਆ ਜਾਵੇ। ਜੇਕਰ ਤੁਸੀਂ ਘਰ ਵਿੱਚ ਹੀ ਪਿਆਰ ਅਤੇ ਸੁਖਾਵਾਂ ਮਾਹੌਲ ਦਿਉਗੇ, ਤਾਂ ਉਹ ਬਾਹਰੀ ਪਿਆਰ ਵੱਲ ਘੱਟ ਭੱਜਣਗੇ। ਇਹ ਤੁਹਾਡੀ ਹਿੰਮਤ, ਖਿੱਚ ਅਤੇ ਪਿਆਰ ਹੈ ਕਿ ਤੁਸੀਂ ਆਪਣੇ ਬੱਚੇ ਨੂੰ ਕਿਵੇਂ ਆਪਣੇ ਨਾਲ਼ ਰੱਖ ਸਕਦੇ ਹੋ? ਬੇਸ਼ੱਕ ਉਹ ਤੁਹਾਡੇ ਕੋਲੋਂ ਦੂਰ ਵੀ ਹੋਣ ,ਪਰ ਹੋਣ ਦਿਲ ਦੇ ਕਰੀਬ। ਹਰ ਇੱਕ ਗੱਲ ਇੰਝ ਸਾਂਝੀ ਕਰਨ ਜਿਵੇਂ ਤੁਹਾਡੇ ਤੋਂ ਵਧੀਆ ਸਾਥੀ ਅਤੇ ਸਲਾਹਕਾਰ ਕੋਈ ਹੋਰ ਹੋ ਹੀ ਨਹੀਂ ਸਕਦਾ।
ਉਹਨਾਂ ਨੂੰ ਆਪਣੇ ਨਿੱਕੇ-ਨਿੱਕੇ ਫ਼ੈਸਲੇ ਆਪ ਲੈਣ ਦੀ ਇਜ਼ਾਜਤ ਦਿਉ। ਉਹਨਾਂ ਨੂੰ ਆਪਣੇ ਉੱਪਰ ਨਿਰਭਰ ਨਹੀਂ.. ਸਗੋਂ ਆਤਮ ਨਿਰਭਰ ਬਣਾਓ। ਕੋਈ ਵੀ ਕੰਮ ਕਰਦੇ ਸਮੇਂ ਉਹਨਾਂ ਦੇ ਮਨ ਵਿੱਚ ਕੰਮ ਪ੍ਰਤੀ ਵੱਡੀ-ਨਿੱਕੀ ਸੋਚ ਪੈਦਾ ਨਾ ਹੋਵੇ। ਘਰ ਦੇ ਕੰਮਾਂ ਵਿੱਚ ਵੀ ਥੋੜਾ-ਥੋੜਾ ਹੱਥ ਵਟਾਉਣ ਲਈ ਕਹੋ.. ਵਿਸ਼ਵਾਸ ਕਰੋ ,ਦੌਲਤ ਨਾਲ਼ੋਂ ਵੱਧ ਪਿਆਰ ਲੁਟਾਉ, ਕਾਬਲ ਬਣਾਉ, ਪੈਸੇ ਉਹਨਾਂ ਆਪ ਬਥੇਰੇ ਕਮਾ ਲੈਣੇ ਹਨ। ਘਰ ਦੀਆਂ ਨਿੱਕੀਆਂ-ਨਿੱਕੀਆਂ ਜ਼ਿੰਮੇਵਾਰੀਆਂ ਉਹਨਾਂ ਨੂੰ ਦਿਓ। ਉਹਨਾਂ ਅੰਦਰ ਕੰਮ ਕਰਨ ਦਾ ਉਤਸ਼ਾਹ ਭਰੋ.. ਨਾ ਕਿ ਵਿਹਲੇ ਰੱਖੋ। ਪੜ੍ਹਾਈ ਦੇ ਨਾਲ਼-ਨਾਲ਼ ਉਹਨਾਂ ਨੂੰ ਆਪਣੇ ਜੱਦੀ ਕਾਰੋਬਾਰ ਨਾਲ਼ ਵੀ ਜ਼ਰੂਰ ਜੋੜੋ। ਜਿੰਨਾ ਹੋ ਸਕੇ ਕੁਦਰਤ ਨਾਲ਼ ਜੋੜ ਕੇ ਰੱਖੋ। ਚੰਗੀਆਂ ਕਿਤਾਬਾਂ ਅਤੇ ਚੰਗੀਆਂ ਸ਼ਖਸ਼ੀਅਤਾਂ ਬਾਰੇ ਸਮੇਂ-ਸਮੇਂ ਜਾਣਕਾਰੀ ਦਿੰਦੇ ਰਹੋ। ਕੋਸ਼ਿਸ਼ ਕਰੋ, ਅਜਿਹੇ ਮਾਂ-ਬਾਪ ਬਣੋ ਕਿ ਬੱਚਾ ਆਪ ਕਹੇ ਕਿ ਮੇਰੇ ਮਾਪਿਆਂ ਵਰਗਾ ਕੋਈ ਹੈ ਹੀ ਨਹੀਂ? ਬੇਸ਼ੱਕ ਬਹੁਤ ਖ਼ੁਸਕਿਸਮਤ ਬੱਚੇ ਅਜਿਹੇ ਹਨ, ਪਰ ਇਹਨਾਂ ਦੀ ਮਿਕਦਾਰ ਅਜੇ ਵੀ ਬਹੁਤ ਘੱਟ ਹੈ। ਇਹਨਾਂ ਨੂੰ ਧਰਤੀ ਨਾਲ਼ ਜੋੜ ਕੇ ਅੰਬਰ ਤੱਕ ਪਹੁੰਚਾਉ।
ਬੱਚੇ ਕੋਰੇ ਕਾਗਜ਼ ਹੁੰਦੇ ਹਨ। ਇਹਨਾਂ ਕੋਰੇ ਵਰਕਿਆ ਉੱਤੇ ਪਿਆਰ ਦੇ ਅੱਖਰ ,ਇਤਬਾਰ ਦੀ ਸਿਆਹੀ ਨਾਲ਼ ਉਲੀਕੋ। ਮੇਰੇ ਵੀਹ ਸਾਲਾਂ ਦੇ ਤਜਰਬੇ ਮੁਤਾਬਕ ਬਾਰ੍ਹਵੀਂ ਤੱਕ ਦੇ ਬੱਚੇ ਜ਼ਿਆਦਾਤਰ ਨਿਆਣੇ ਅਤੇ ਬੇਸਮਝ ਹੀ ਹੁੰਦੇ ਹਨ। ਇਹ ਮੈਨੂੰ ਕਦੀ-ਕਦੀ ਪਾਣੀ ਵਰਗੇ ਲਗਦੇ ਹਨ। ਇਹਨਾਂ ਵਿੱਚ ਜੋ ਮਰਜ਼ੀ ਘੋਲ ਲਵੋ, ਉਹੋ ਜਿਹੇ ਹੋ ਜਾਂਦੇ ਹਨ। ਮੇਰਾ ਵਾਹ ਵੱਖ-ਵੱਖ ਤਰ੍ਹਾਂ ਦੇ ਬੱਚਿਆਂ ਨਾਲ਼ ਪੈਂਦਾ ਹੈ। ਮੇਰੇ ਕੋਲੋਂ ਜ਼ਿਆਦਾਤਰ ਅੱਠਵੀਂ ਤੋਂ ਬਾਰ੍ਹਵੀ ਤੱਕ ਦੇ ਬੱਚੇ ਹੁੰਦੇ ਹਨ ਅਤੇ ਇਹੀ ਉਮਰ ਇਹਨਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਹੁੰਦੀ ਹੈ। ਫ਼ਸਲ ਜਦੋਂ ਪੱਕਣ ‘ਤੇ ਹੋਵੇ ਮੀਂਹ, ਗੜੇ, ਹਨੇਰੀ, ਝੱਖੜ ਵੀ ਉਦੋਂ ਹੀ ਮਾਰ ਕਰਦੇ ਹਨ। ਇਹਨਾਂ ਦੀ ਇਸੇ ਉਮਰ ਵਿੱਚ ਹੀ ਸਹੀ ਸਾਂਭ ਸੰਭਾਲ ਕਰਨ ਦੀ ਅਤੇ ਸਹੀ ਰਸਤਾ ਦਿਖਾਉਣ ਦੀ ਜ਼ਰੂਰਤ ਹੁੰਦੀ ਹੈ। ਕਈ ਤਾਂ ਵਿਚਾਰੇ ਸਹਾਰੇ ਭਾਲਦੇ-ਭਾਲਦੇ ਭਟਕ ਹੀ ਜਾਂਦੇ ਹਨ। ਉਹ ਜ਼ਿੰਦਗੀ ਵਿੱਚ ਅਜਿਹੇ ਭਟਕਦੇ ਹਨ, ਕਿ ਸਾਰੀ ਉਮਰ ਭਟਕਦਿਆਂ ਹੀ ਲੰਘ ਜਾਂਦੀ ਹੈ। ਕਈ ਤਾਂ ਘਰ ਦੇ ਪਿਆਰ ਤੋਂ ਸੱਖਣੇ ਹੀ ਰਹਿ ਜਾਂਦੇ ਹਨ। ਪੂਰਾ ਪਿਆਰ, ਇਤਬਾਰ ਅਤੇ ਚੰਗੇ ਸੰਸਕਾਰ ਮਿਲਦੇ ਹੀ ਨਹੀਂ ਹਨ। ਮੇਰੀ ਥੋੜ੍ਹੀ ਜਿਹੀ ਹਿੰਮਤ ਨਾਲ਼ ਕਈ ਬੜੀ ਵਧੀਆ ਕਾਰਗੁਜ਼ਾਰੀ ਕਰ ਜਾਂਦੇ ਹਨ। ਮੈਂ ਮਨ ਭਰ ਖੁਸ਼ ਹੋ ਜਾਂਦੀ ਹਾਂ। ਬੱਚੇ ਦੀ ਜ਼ਿੰਦਗੀ ਸੋਹਣੀ ਬਣ ਜਾਂਦੀ ਹੈ।
ਪਤਾ ਨਹੀਂ ਕਿਉਂ..?  ਮੈਨੂੰ ਇਹ ਬੱਚੇ ਬੜੇ ਪਿਆਰੇ ਲਗਦੇ ਹਨ। ਕਦੀ ਜੀਅ ਕਰਦਾ ਹੈ ਇਹਨਾਂ ਨਾਲ਼ ਗੱਲਾਂ ਕਰੀਂ ਜਾਵਾਂ, ਇਹ ਕਿੰਨੇ ਪਿਆਰ ਨਾਲ਼ ਮੈਨੂੰ ਸੁਣਦੇ ਹਨ। ਇਹਨਾਂ ਨੂੰ ਸਮਝ ਕੇ ਸਹੀ ਰਾਹ ਦਿਖਾ ਸਕਾ। ਇਹਨਾਂ ਨੂੰ ਥੋੜ੍ਹਾ ਜਿਹਾ ਪਿਆਰ ਦਈਏ, ਤਾਂ ਅੱਗੋ ਢੇਰ ਸਾਰਾ ਪਿਆਰ ਵਾਪਸ ਕਰਦੇ ਹਨ। ਸਾਡੀ ਸਾਰਿਆ ਦੀ ਥੋੜ੍ਹੀ-ਥੋੜ੍ਹੀ ਕੋਸ਼ਿਸ਼ ਇੱਕ ਦਿਨ ਜ਼ਰੂਰ ਰੰਗ ਲਿਆਵੇਗੀ। ਇਹਨਾਂ ਨੂੰ ਚੰਗੇ-ਮਾੜੇ ਹਾਲਾਤਾਂ ਨਾਲ਼ ਨਜਿੱਠਣ ਦੇ ਕਾਬਲ ਬਣਾਉਣ ਦੀ ਬਹੁਤ ਜ਼ਰੂਰਤ ਹੈ। ਆਉ..! ਮਿਲ ਕੇ ਇਹਨਾਂ ਆਉਣ ਵਾਲੀਆ ਪੀੜ੍ਹੀਆਂ ਦੇ ਵਾਰਸਾਂ ਦੀ ਹਿੰਮਤ ਬਣੀਏ। ਪਰਿਵਾਰਕ ਅਤੇ ਸਮਾਜਕ ਤੌਰ ‘ਤੇ ਇਹਨਾਂ ਦਾ ਸਾਥ ਦੇਈਏ। ਇਹਨਾਂ ਨੂੰ ਗ਼ਲਤ ਅਤੇ ਸਹੀ ਦੀ ਪਹਿਚਾਣ ਸ਼ੁਰੂ ਤੋਂ ਹੀ ਕਰਵਾਈਏ। ਆਪਣੀ ਮਾਹਨ ਕੌਮ ਦੇ ਕੀਤੇ ਕਾਰਜਾਂ ਤੋਂ ਜਾਣੂ ਕਰਵਾਈਏ। ਤਿੱਥਾਂ-ਤਿਉਹਾਰਾਂ, ਸਾਂਝਾਂ-ਪਿਆਰਾਂ ਦੀਆਂ ਗੱਲਾਂ ਇਹਨਾਂ ਨਾਲ ਕਰੀਏ, ਤਾਂ ਹੀ ਇਹ ਆਪਣੇ ਵਿਰਸੇ ਨਾਲ਼ ਜੁੜ ਸਕਣਗੇ। ਇੱਕ ਵਧੀਆ ਅਤੇ ਸਾਫ਼-ਸੁਥਰੇ ਸਮਾਜ ਦਾ ਨੀਂਹ-ਪੱਥਰ ਰੱਖੀਏ। ਇਹਨਾਂ ਵਿੱਚੋਂ ਹਮੇਸ਼ਾ ਹੀ ਨੁਕਸ ਅਤੇ ਨਕਾਰਮਕਤਾ ਭਾਲਣ ਦੀ ਥਾਂ ‘ਤੇ ਇਹਨਾਂ ਵਿੱਚ ਨੁਕਸ ਪੈਣ ਹੀ ਨਾ ਦਈਏ। ਇਸ ਸੋਚ ਨੂੰ ਨਕਾਰੀਏ ਕਿ ਕਿਸੇ ਨੇ ਸਾਡੇ ਲਈ ਕੀ ਕੀਤਾ ਹੈ? ਸਗੋਂ ਇਹ ਕਹੀਏ ਕਿ ਅਸੀਂ ਆਪਣਿਆਂ ਲਈ ਅਤੇ ਸਮਾਜ ਦੀ ਬਿਹਤਰੀ ਲਈ ਕੀ ਕਰ ਸਕਦੇ ਹਾਂ?
ਇਹਨਾਂ ਨੂੰ ਪੜ੍ਹਾਈ ਨਾਲ਼ ਏਨਾ ਜੋੜ ਦਈਏ ਕਿ ਇਹ ਕਾਬਲ ਬਣਨ , ਨਾ ਕਿ ਕਿਸੇ ਦੇ ਮੁਹਤਾਜ਼ ਰਹਿਣ। ਪੜ੍ਹਾਈ ਨੂੰ ਇੱਕ ਹਊਆ ਨਾ ਸਮਝਣ.. ਸਗੋਂ ਸ਼ੌਂਕ ਅਤੇ ਕੁਝ ਵਧੀਆ ਸਿੱਖਣ ਦੇ ਇਰਾਦੇ ਨਾਲ਼ ਪੜ੍ਹਾਈ ਕਰਨ। ਜ਼ਿੰਦਗੀ ਵਿੱਚ ਜਿਸ ਪਾਸੇ ਵੀ ਜਾਣ ਉਸ ਪਾਸੇ ਰੱਜੀ ਹੋਈ ਰੂਹ ਦੇ ਨਾਲ਼ ਕੰਮ ਕਰਨ ਅਤੇ ਸਫ਼ਲ ਹੋਣ। ਨੌਕਰੀ ਕਰਨ ਜਾ ਬਿਜ਼ਨਸ ਕਰਨ, ਉਹਨਾਂ ਨੂੰ ਵਿਕਾਸ ਦੇ ਰਾਹ ‘ਤੇ ਚੱਲਣ ਦਾ ਪਤਾ ਹੋਵੇ। ਆਪਣੀਆਂ ਜ਼ਰੂਰਤਾਂ ਅਤੇ ਖਾਹਿਸ਼ਾਂ ਆਪ ਪੂਰੀਆਂ ਕਰਨ ਦੇ ਕਾਬਲ ਬਣਨ। ਉਹਨਾਂ ਨੂੰ ਖ਼ਵਾਹਿਸ਼ਾ ਅਤੇ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਦਾ ਹੁਨਰ ਸਿਖਾਉ, ਤਾਂ ਕਿ ਉਹ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ਼ ਬਿਤਾ ਸਕਣ। ਅਜਿਹੇ ਰੁੱਖ ਬਣਨ ਜੋ ਦੂਜਿਆਂ ਨੂੰ ਛਾਂ, ਫ਼ਲ, ਫ਼ੁੱਲ, ਪੱਤੇ, ਲੱਕੜ ਆਦਿ ਦੇ ਕੇ ਵੀ ਅਹਿਸਾਨ ਨਾ ਜਿਤਾਉਣ। ਇਹਨਾਂ ਵਿੱਚ ਬਹੁਤ ਅੱਗੇ ਜਾਣ ਦੀ ਹਿੰਮਤ ਹੁੰਦੀ ਹੈ। ਬਸ ਥੋੜ੍ਹਾ ਜਿਹਾ ਸਾਥ ਅਤੇ ਹੱਲਾਸ਼ੇਰੀ ਦੀ ਜ਼ਰੂਰਤ ਹੁੰਦੀ ਹੈ। ਇਹ ਮੁਸ਼ਕਲ ਤੋਂ ਮੁਸ਼ਕਲ ਰਸਤੇ ਤੈਅ ਕਰ ਲੈਂਦੇ ਹਨ। ਬਸ ਇਹ ਪਿਆਰ ਅਤੇ ਆਪਣੇਪਨ ਦੇ ਭੁੱਖੇ ਹੁੰਦੇ ਹਨ। ਇਹਨਾਂ ਕੋਮਲ ਕਲੀਆਂ ਨੂੰ ਸੰਭਾਲ ਕੇ ਸਮਾਜ ਵਿੱਚ ਚੰਗਿਆਈ ਦਾ ਬੀਜ ਖਿਲਾਰੀਏ ਪਿਆਰਿਓ..!! ਆਉ ਆਪਣੇ ਬੱਚਿਆ ਦੀ ਹਿੰਮਤ ਬਣੀਏ.. ਸਦਾ ਖੁਸ਼ ਰਹੋ.. ਹੱਸਦੇ-ਵੱਸਦੇ ਰਹੋ ਪਿਆਰਿਓ..!
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article‌ ਜ਼ਿੰਦਗੀ ਜਿਉਣ ਦਾ ਸਲੀਕਾ
Next articleਗਲੀ ਆਪਣੀ- ‌‌