ਅੰਨਦਾਤਾ

ਗੁਰਮਾਨ ਸੈਣੀ

(ਸਮਾਜ ਵੀਕਲੀ)

ਸਾਡੀਆਂ ਗਰੀਬੀਆਂ ਨੂੰ ਹੋਰ ਉਕਸਾ ਨਾ।
ਦੇਖ ਦੇਖ ਸਾਨੂੰ ਤਿਊੜ ਮੱਥੇ ਵਿਚ ਪਾ ਨਾ।

ਕੱਟਿਆ ਸਿਆਲ ਬਾਹਰ ਸਿਖ਼ਰ ਦੁਪਹਿਰਾ ਵੀ
ਕੱਟੀ ਦੀਵਾਲੀ ਬਾਹਰ ਲੋਹੜੀ ਤੇ ਦੁਸ਼ਹਿਰਾ ਵੀ
ਮਾਣੀਆਂ ਨਾ ਮੌਜਾਂ ਪੂਰਾ ਕੀਤਾ ਕੋਈ ਚਾਅ ਨਾ
ਦੇਖ ਦੇਖ ਸਾਨੂੰ ਤਿਊੜ ਮੱਥੇ ਵਿਚ ਪਾ ਨਾ।।

ਫਸਲਾਂ ਦੇ ਬੋਹਲ਼ ਤੇਰੇ ਦਰਾਂ ਉੱਤੇ ਆਣ ਧਰੇ
ਬੱਚਿਆਂ ਦੇ ਚਾਅ ਜਿਨ੍ਹਾਂ ਵਾਸਤੇ ਸੀ ਘਾਣ ਕਰੇ
ਦੇ ਦਿੰਦਾ ਪਰਚੀ ਤੂੰ , ਦੇਂਦਾ ਕੋਈ ਰੁਪਾ ਨਾ ।
ਦੇਖ ਦੇਖ ਸਾਨੂੰ ਤਿਊੜ ਮੱਥੇ ਵਿਚ ਪਾ ਨਾ।।

ਕਰਜ਼ੇ ਤੇ ਨਸ਼ਿਆਂ ਨੇ ਪਿੰਡ ਸਭ ਗਾਲ਼ ਤੇ
ਸਾਰੀ ਹਰਿਆਲੀ ਕੋਈ ਲੈ ਗਿਆ ਉਧਾਲ ਕੇ
ਆਣ ਕੇ ਤੂੰ ਤੱਕ ਇਥੇ ਹੋਇਆ ਕੀ ਗੁਨਾਹ ਨਾ ?
ਦੇਖ ਦੇਖ ਸਾਨੂੰ ਤਿਊੜ ਮੱਥੇ ਵਿਚ ਪਾ ਨਾ।।

ਇੱਕ ਵਾਰੀ ਬੀਜ ਕੇ ਤੂੰ ਪੰਜ ਸਾਲ ਵੱਢਦਾ
ਪੰਜੀਂ ਸਾਲੀਂ ਫੇਰ ਸਾਡੇ ਅੱਗੇ ਹੱਥ ਅੱਡਦਾ
ਮਾਣਦਾ ਤੂੰ ਮੌਜਾਂ ਸਾਡੀ ਕੋਈ ਪਰਵਾਹ ਨਾ।
ਦੇਖ ਦੇਖ ਸਾਨੂੰ ਤਿਊੜ ਮੱਥੇ ਵਿਚ ਪਾ ਨਾ।।

ਦਿੱਲੀ ਤੇ ਲਾਹੌਰ ਤੀਕ ਬਾਤ ਕਿਉਂ ਨਾ ਪਹੁੰਚਦੀ
ਕੱਲੇ ਕੱਲੇ ਲੜੇ ਗੱਲ ਬਣੀ ਨਾ ਵਿਉਂਤ ਦੀ
ਅੰਨਦਾਤਿਆਂ ਦਾ ਕੋਈ ਬਣੇ ਕਿਉਂ ਗਵਾਹ ਨਾ ?
ਦੇਖ ਦੇਖ ਸਾਨੂੰ ਤਿਊੜ ਮੱਥੇ ਵਿਚ ਪਾ ਨਾ।।

ਗੁਰਮਾਨ ਸੈਣੀ
ਸੰਪਰਕ : 9256346906

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ
Next articleਫੁੱਸ ਬੰਬ