ਕੁਦਰਤ ਬਚਾਉਣ ਲਈ ਇੱਕ ਏਕੜ ਦਾਨ ਕਰਕੇ ਲਗਾਏ ਬੂਟੇ , ਸੰਸਥਾ ਨਾਲ ਮਿਲ ਜੰਗਲ ਬਣਾਉਣ ਦੀ ਤਿਆਰੀ

ਕਪੂਰਥਲਾ ,(ਸਮਾਜ ਵੀਕਲੀ) ( ਕੌੜਾ ) – ਵਾਤਾਵਰਨ ਅਤੇ ਜੀਵ ਜੰਤੂਆਂ ਨੂੰ ਬਚਾਉਣਾ ਅੱਜ ਸਾਡੇ ਵਾਸਤੇ ਬੇਹੱਦ ਹੀ ਲਾਜ਼ਮੀ ਹੋ ਚੁੱਕਾ ਹੈ ਕਿਉਂਕਿ ਗੱਲ ਇੱਥੇ ਮਨੁੱਖੀ ਹੋਂਦ ਦੀ ਹੋ ਰਹੀ ਹੈ। ਮਨੁੱਖੀ ਜੀਵਨ ਇੱਕ ਚੰਗੇ ਤੇ ਸਾਫ ਸੁਥਰੇ ਵਾਤਾਵਰਣ ਤੋਂ ਬਿਨਾਂ ਬਿਲਕੁਲ ਵੀ ਸੁਰੱਖਿਤ ਨਹੀਂ ਹੋ ਸਕਦਾ। ਅਜੋਕੇ ਸਮੇਂ ਦੀ ਗੱਲ ਕਰੀਏ ਤਾਂ ਜਿਸ ਤਰ੍ਹਾਂ ਦੇ ਨਾਲ ਟੈਕਨੋਲੋਜੀ ਦਾ ਵਾਧਾ ਹੋ ਰਿਹਾ ਹੈ ਉਸ ਤਰ੍ਹਾਂ ਦੇ ਨਾਲ ਦਿਨ ਭਰ ਦਿਨ ਸਾਡਾ ਵਾਤਾਵਰਨ ਲਗਾਤਾਰ ਦੂਸ਼ਿਤ ਹੁੰਦਾ ਜਾ ਰਿਹਾ ਹੈ। ਜਿਸ ਦੇ ਕਾਰਨ ਕਈ ਜੀਵ ਜੰਤੂ ਦੀਆਂ ਜਾਤੀਆਂ ਲਗਭਗ ਅਲੋਪ ਹੋ ਚੁੱਕੀਆਂ ਹਨ। ਪਰ ਇਸ ਦੇ ਵਿੱਚ ਕੁਝ ਲੋਕ ਅਤੇ ਅਜਿਹੀਆਂ ਸੰਸਥਾਵਾਂ ਵੀ ਹਨ ਜੋ ਇਸ ਦੂਸ਼ਿਤ ਹੁੰਦੇ ਜਾ ਰਹੇ ਵਾਤਾਵਰਨ ਤੇ ਲਗਾਤਾਰ ਕੰਮ ਕਰ ਰਹੇ ਹਨ ਤੇ ਉਸ ਦੀ ਸਾਂਭ ਸੰਭਾਲ ਲਈ ਚੰਗੇ ਯਤਨ ਕਰ ਰਹੇ ਹਨ। ਜਿਸ ਦੇ ਵਿੱਚ ਇੱਕ ਅਜਿਹੀ ਸੰਸਥਾ ਹੈ ਜੋ ਲਗਭਗ ਪਿਛਲੇ 18-19 ਸਾਲ ਤੋਂ ਇਸ ਦੂਸ਼ਿਤ ਹੁੰਦੇ ਵਾਤਾਵਰਨ ਨੂੰ ਸੰਭਾਲਣ ਦੇ ਲਈ ਯਤਨਸ਼ੀਲ ਸਾਬਿਤ ਹੋ ਰਹੀ ਹੈ।ਅਸੀਂ ਗੱਲ ਕਰ ਰਹੇ ਹਾਂ ਸੋਚ ਸੰਸਥਾ ਦੀ ਜੋ ਲਗਭਗ ਪਿਛਲੇ ਲੰਮੇ ਸਮੇਂ ਤੋਂ ਵਾਤਾਵਰਨ ਦੀ ਸਾਂਭ ਸੰਭਾਲ ਤੇ ਜੀਵ ਜੰਤੂਆਂ ਦੀ ਰਾਖੀ ਦੇ ਲਈ ਹਰ ਪੱਖੋਂ ਚੰਗੇ ਕਾਰਜ ਨਿਭਾ ਰਹੀ ਹੈ। ਸੁਲਤਾਨਪੁਰ ਲੋਧੀ ਦੇ ਪਿੰਡ ਸ਼ਾਲਾਪੁਰ ਬੇਟ ਵਿਖੇ ‘ਚਿੜੀਆਂ ਦਾ ਚੰਬਾ’  ਸੋਚ ਤਹਿਤ ਪਹੁੰਚੇ ਸੋਚ ਸੰਸਥਾ ਦੇ ਮੁੱਖ ਆਗੂ ਡਾਕਟਰ ਬਲਵਿੰਦਰ ਸਿੰਘ ਲੱਖੇਵਾਲੀ ਨੇ ਕਿਹਾ ਕਿ ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਆਪਣੇ ਟੀਮ ਦੇ ਮੈਂਬਰਾਂ ਦੇ ਨਾਲ ਵਾਤਾਵਰਨ ਨੂੰ ਬਚਾਉਣ ਦੇ ਲਈ ਹਰ ਪੱਖੋਂ ਯਤਨ ਕਰ ਰਹੇ ਹਨ ਅਤੇ ਜਿਸ ਤਰ੍ਹਾਂ ਦੇ ਨਾਲ ਲੋਕਾਂ ਦੇ ਵਿੱਚ ਵਾਤਾਵਰਨ ਨੂੰ ਬਚਾਉਣ ਸਬੰਧੀ ਜਾਗਰੂਕਤਾ ਫੈਲਦੀ ਜਾ ਰਹੀ ਹੈ ਉਸੇ ਤਰ੍ਹਾਂ ਦੇ ਨਾਲ ਲੋਕ ਉਹਨਾਂ ਦੀ ਸੰਸਥਾ ਦੇ ਨਾਲ ਜੁੜਦੇ ਜਾ ਰਹੇ ਹਨ ਅਤੇ ਉਹਨਾਂ ਦਾ ਪਰਿਵਾਰ ਵੱਡਾ ਹੁੰਦਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਸੁਲਤਾਨਪੁਰ ਲੋਧੀ ਦੇ ਪਿੰਡ ਸ਼ਾਲਾਪੁਰ ਬੇਟ ਦੇ ਰਹਿਣ ਵਾਲੇ ਅਮਰਜੀਤ ਸਿੰਘ ਥਿੰਦ ਨੇ ਵੀ ਉਨਾਂ ਦੀ ਸੰਸਥਾ ਦਾ ਸਾਥ ਦਿੰਦੇ ਹੋਏ ਇੱਕ ਏਕੜ ਜਮੀਨ ਜੀਵ ਜੰਤੂਆਂ ਤੇ ਪੌਦਿਆਂ ਦੇ ਨਾਮ ਕੀਤੀ ਹੈ ਜੋ ਕਿ ਇੱਕ ਬਹੁਤ ਹੀ ਵੱਡੀ ਸੋਚ ਦਾ ਪ੍ਰਮਾਣ ਹੈ। ਉਹਨਾਂ ਕਿਹਾ ਕਿ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਵਾਤਾਵਰਨ ਨੂੰ ਬਚਾਉਣ ਅਤੇ ਖਾਸ ਕਰ ਪੰਛੀਆਂ ਨੂੰ ਬਚਾਉਣ ਦੇ ਲਈ ਅਸੀਂ ਬਨਾਵਟੀ ਆਲਣੇ ਤਿਆਰ ਕੀਤੇ ਹਨ ਅਤੇ ਕਈ ਤਰ੍ਹਾਂ ਦੇ ਬੂਟੇ ਲਗਾਏ ਜਾ ਰਹੇ ਹਨ ਜਿਸ ਦਾ ਮਕਸਦ ਮੁੜ ਤੋਂ ਸਾਡੇ ਵਿਰਾਸਤੀ ਬੂਟਿਆਂ ਨੂੰ ਬਚਾਉਂਦੇ ਹੋਏ ਪੰਛੀਆਂ ਦੇ ਲਈ ਉਹਨਾਂ ਦਾ ਰਹਿਣ ਬਸੇਰਾ ਬਣਾਉਣ ਨੂੰ ਲੈਕੇ ਵੱਖ-ਵੱਖ ਤਰਹਾਂ ਦੇ ਕਾਰਜ ਪੂਰੇ ਪੰਜਾਬ ਭਰ ਦੇ ਵਿੱਚ ਚਲਦੇ ਹੀ ਰਹਿੰਦੇ ਹਨ। ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਸਿਰਫ ਉਹੀ ਬੂਟੇ ਲਗਾਏ ਜਾ ਰਹੇ ਹਨ ਜਿਨਾਂ ਉੱਪਰ ਪੰਛੀ ਟਹਿਲਣ ਤੇ ਜਿਸ ਨਾਲ ਅਸੀਂ ਅਲੋਪ ਹੁੰਦੀ ਪੰਛੀਆਂ ਦੀ ਪ੍ਰਜਾਤੀ ਨੂੰ ਬਚਾ ਸਕੀਏ। ਬਲਵਿੰਦਰ ਸਿੰਘ ਲੱਖੇਵਾਲੀ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਨਾਲ ਦਿਨ ਭਰ ਦਿਨ ਡਿਵੈਲਪਮੈਂਟ ਹੋ ਰਹੀ ਹੈ ਉਸੇ ਤਰ੍ਹਾਂ ਹੀ ਪੰਛੀਆਂ ਦੀ ਪ੍ਰਜਾਤੀ ਵੀ ਲਗਾਤਾਰ ਅਲੋਪ ਹੁੰਦੀ ਜਾ ਰਹੀ ਹੈ। ਉਹਨਾਂ ਨੇ ਖਾਸ ਤੌਰ ਤੇ ਪੰਜਾਬ ਦੇ ਲੋਕਾਂ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਅਗਰ ਅਸੀਂ ਆਪਣਾ ਵਾਤਾਵਰਨ ਸੰਭਾਲਣਾ ਚਾਹੁੰਦੇ ਹਾਂ ਅਗਰ ਸਾਨੂੰ ਸ਼ੁੱਧ ਹਵਾ ਸ਼ੁੱਧ ਪਾਣੀ ਸ਼ੁੱਧ ਖੁਰਾਕ ਮਿਲੇ ਤਾਂ ਸਾਨੂੰ ਅੱਜ ਲੋੜ ਹੈ ਕਿ ਅਸੀਂ ਇੱਕ ਦੂਸਰੇ ਦਾ ਸਾਥ ਦੇ ਕੇ ਅਸੀਂ ਜੀਵ ਜੰਤੂਆਂ ਨੂੰ ਬਚਾਈਏ ਦੂਸ਼ਿਤ ਹੁੰਦੇ ਜਾ ਰਹੇ ਵਾਤਾਵਰਨ ਨੂੰ ਬਚਾਈਏ ਤਾਂ ਜੋ ਮਨੁੱਖੀ ਹੋਂਦ ਨੂੰ ਕਿਸੇ ਵੀ ਖਤਰੇ ਤੋਂ ਬਚਾ ਕੇ ਅਸੀਂ ਆਪਣਾ ਇੱਕ ਖੁਸ਼ਹਾਲ ਜੀਵਨ ਬਤੀਤ ਕਰ ਸਕੀਏ। ਇਸ ਦੌਰਾਨ ਸਰਪ੍ਰਸਤ ਸੰਤ ਬਾਬਾ ਗੁਰਮੀਤ ਸਿੰਘ ਜੀ ਖੋਸਿਆਂ ਵਾਲੇ ,ਡਾਕਟਰ ਬਲਵਿੰਦਰ ਸਿੰਘ ਲੱਖੇਵਾਲੀ ਪ੍ਰਧਾਨ, ਡਾਕਟਰ ਬ੍ਰਿਜ ਮੋਹਨ ਭਾਰਤਵਾਜ, ਇੰਜੀਨੀਅਰ ਅਮਰਜੀਤ ਸਿੰਘ, ਡਾਕਟਰ ਮਨਮੀਤ ਮਾਨਵ, ਸੁਲਿਲ ਬਾਂਸਲ, ਗੁਰਪ੍ਰੀਤ ਸਿੰਘ, ਸੁਖਪ੍ਰੀਤ ਸਿੰਘ ਸਰਪੰਚ, ਚਰਨਜੀਤ ਸਿੰਘ, ਰਵਿੰਦਰ ਕੌਰ ,ਰਾਹੁਲ ਕੁਮਾਰ, ਮਨਵੀਰ ਸਿੰਘ ,ਦਲੀਪ ਸਿੰਘ ਬਾਬਾ ਆਦਿ ਸਮੇਤ ਵੱਡੀ ਗਿਣਤੀ ਵਿੱਚ ਵਲੰਟੀਅਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਡੋਨਾਲਡ ਟਰੰਪ ਬਨਾਮ ਕਮਲਾ ਹੈਰਿਸ
Next articleਭਾਜਪਾ ਜ਼ਿਲ੍ਹਾ ਪ੍ਰਧਾਨ ਖੋਜੇਵਾਲ ਮਾਂ ਭਗਵਤੀ ਦੇ ਜਾਗਰਣ ਵਿੱਚ ਨਤਮਸਤਕ ਹੋਏ