(ਸਮਾਜ ਵੀਕਲੀ)
ਹਰਫ਼ਾਂ ਦੇ ਨਾਲ ਖੇਡੀ ਸੱਜਣਾਂ,
ਦਿਲ ਦੇ ਨਾਲ ਨਹੀ ਖੇਡੀਦਾ।
ਜਿੱਥੇ ਦਿਲ ਨਾ ਭਰੇ ਗਵਾਹੀ,
ਉੱਥੇ ਮੁੜ ਨਹੀਂ ਵੇਖੀਦਾ।
ਇੱਕ ਹੀ ਦਰ ਤੇ ਸਿਜਦਾ ਕਰੀਏ,
ਹਰ ਦਰ ਮੱਥਾ ਨਹੀਂ ਟੇਕੀਦਾ।
ਇੱਕੋ ਓਟ ਉਸ ਮਾਲਕ ਦੀ ਏ,
ਰੱਖੇ ਲੇਖਾ ਜੋ ਬਦੀ ਨੇਕੀ ਦਾ।
ਅਦਬ ਅਦਾਬ ਸਭ ਆਪਣੀ ਥਾਂ ਤੇ,
ਬਦਲਾ ਲਈਦਾ ਹੇਠੀ ਦਾ।
ਵੈਰੀਆਂ ਰੱਖੇ ਹੋਣ ਅੰਗਾਰੇ,
ਤਾਂ ਵੀ ਨੱਚ ਕੇ ਵੇਖੀਦਾ।
ਅੱਖਾਂ ਦੇ ਵਿੱਚ ਅੱਖਾਂ ਪਾ ਕੇ,
ਜਾਲਮ ਦੇ ਵੱਲ ਵੇਖੀਦਾ।
ਨਾਲ ਜ਼ਮੀਰਾਂ ਵਚਨ ਨੇ ਨਿਭਦੇ,
ਨਹੀ ਰਾਹ ਸੁਖਾਲਾ ਨੇਕੀ ਦਾ।
ਜਿਉਂਦੇ ਜੀਅ ਹੀ ਪੱਤ ਲੱਥ ਜਾਵੇ,
ਕੀ ਫਾਇਦਾ ਦੁਨੀਆਂ ਵੇਖੀਦਾ।
ਅੰਬਰਾਂ ਉੱਤੇ ਨਜ਼ਰਾਂ ਰੱਖੀਏ,
ਰਾਹਾਂ ਨੂੰ ਨਹੀ ਵੇਖੀਦਾ।
ਸਤਨਾਮ ਕੌਰ ਤੁਗਲਵਾਲਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly