ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਅੱਜ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼( ਇਫਟੂ )ਨਿਊ ਆਟੋ ਵਰਕਰ ਯੂਨੀਅਨ ਅਤੇ ਰੇਹੜੀ ਵਰਕਰ ਯੂਨੀਅਨ ਵਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਦੇ 134ਵੇਂ ਜਨਮ ਦਿਵਸ ਮੌਕੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।ਅੰਬੇਡਕਰ ਚੌਂਕ ਵਿਚ ਡਾਕਟਰ ਬੀ.ਆਰ.ਅੰਬੇਡਕਰ ਦੇ ਬੁੱਤ ਤੇ ਫੁੱਲ ਮਾਲਾਵਾਂ ਪਹਿਨਾਉਣ ਉਪਰੰਤ ਸੰਬੋਧਨ ਕਰਦਿਆਂ ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਸੂਬਾ ਆਗੂ ਅਵਤਾਰ ਸਿੰਘ ਤਾਰੀ, ਜਸਬੀਰ ਦੀਪ, ਜਿਲਾ ਪ੍ਰਧਾਨ ਗੁਰਦਿਆਲ ਰੱਕੜ, ਜਿਲਾ ਸਕੱਤਰ ਪਰਵੀਨ ਕੁਮਾਰ ਨਿਰਾਲਾ, ਆਟੋ ਵਰਕਰ ਯੂਨੀਅਨ ਦੇ ਜਿਲਾ ਪ੍ਰਧਾਨ ਪੁਨੀਤ ਕੁਮਾਰ ਬਛੌੜੀ, ਤਰਨਜੀਤ ਅਤੇ ਗੁਰਪ੍ਰੀਤ ਨੇ ਕਿਹਾ ਕਿ ਜਦੋਂ ਡਾ. ਅੰਬੇਡਕਰ ਦਾ ਜਨਮ ਹੋਇਆ ਉਸ ਸਮੇਂ ਭਾਰਤ ਜਗੀਰੂ ਵਿਚਾਰਧਾਰਾ ਵਿੱਚ ਜਕੜਿਆ ਛੂਤ ਛਾਤ ਜਾਤੀਵਾਦ ਪ੍ਰਥਾ ਅਧਾਰਤ ਜਮਾਤੀ ਸਮਾਜ ਵਿੱਚ ਵੰਡਿਆ ਹੋਇਆ ਸੀ। ਡਾਕਟਰ ਸਾਹਿਬ ਨੇ ਛੂਤ ਛਾਤ, ਜਾਤੀਵਾਦ ਦਾ ਜਬਰ ਆਪਣੇ ਪਿੰਡੇ ਤੇ ਹਡਾਉਂਦੇ ਆਪਣੀ ਪੜ੍ਹਾਈ ਮੁਕੰਮਲ ਕੀਤੀ ।1927 ਵਿੱਚ ਉਹਨਾਂ ਛੂਤ ਛਾਤ,ਜਾਤੀਵਾਦ ਦੇ ਖਿਲਾਫ ਆਪਣਾ ਸਘੰਰਸ਼ ਤੇਜ ਕਰ ਦਿੱਤਾ ਅਤੇ ਮਹਾਰਾਸ਼ਟਰ ਵਿੱਚ ਰਾਏਗੜ੍ਹ ਦੇ ਮਹਾੜ ਵਿੱਚ ਉਹਨਾਂ ਨੇ ਮੰਨੂੰ ਸਿਮਰਤੀ ਦੀ ਪੁਰਾਣੀ ਕਾਪੀ ਫੂਕ ਕੇ ਇਸ ਵਿਰੁੱਧ ਸੰਘਰਸ਼ ਜਾਰੀ ਰੱਖਣ ਦਾ ਸੱਦਾ ਦਿੱਤਾ। ਉਹ ਦੇਸ਼ ਦੇ ਪਹਿਲੇ ਲੇਬਰ ਮੰਤਰੀ ਬਣੇ, ਉਹਨਾਂ ਦਲਿਤਾਂ ਲਈ ਨੌਕਰੀਆਂ, ਜਮੀਨਾਂ ਦੇ ਅਧਿਕਾਰ ਸਮੇਤ ਬਹੁਤ ਸਾਰੇ ਕਾਨੂੰਨੀ ਉਪਰਾਲੇ ਕੀਤੇ। ਉਹਨਾਂ ਵੱਲੋਂ ਦੇਸ਼ ਦੇ ਦਲਿਤ ਭਾਈਚਾਰੇ ਨੂੰ ,ਪੜੋ ਜੁੜੋ ਸੰਘਰਸ਼ ਕਰੋ ਦੇ ਨਾਅਰੇ ਤਹਿਤ ਜਥੇਬੰਦ ਹੋਣ ਦਾ ਸੱਦਾ ਇਸ ਲਈ ਦਿੱਤਾ ਕਿ ਭਾਵੇਂ ਸੰਵਿਧਾਨ ਵਿੱਚ ਦੇਸ਼ ਦੇ ਮਿਹਨਤਕਸ਼ ਲੋਕਾਂ ਦੀ ਮੁਕਤੀ ਲਈ ਕਾਨੂੰਨੀ ਅਧਿਕਾਰ ਹਨ,ਪਰੰਤੂ ਇਹਨਾਂ ਅਧਿਕਾਰਾਂ ਨੂੰ ਜਥੇਬੰਦ ਹੋਣ ਉਪਰੰਤ ਹੀ ਲਾਗੂ ਕਰਾਇਆ ਜਾ ਸਕਦਾ ਹੈ। ਇਫਟੂ ਦੇ ਜਿਲਾ ਪ੍ਰਧਾਨ ਗੁਰਦਿਆਲ ਰੱਕੜ ਨੇ ਦੱਸਿਆ ਕਿ ਇਫਟੂ ਵਲੋਂ ਪਹਿਲੀ ਮਈ ਨੂੰ ਕੌਮਾਂਤਰੀ ਮਜਦੂਰ ਦਿਵਸ ਵਿਸ਼ਵਕਰਮਾ ਮੰਦਰ ਰਾਹੋਂ ਰੋਡ ਨਵਾਂਸ਼ਹਿਰ ਵਿਖੇ ਜਿਲਾ ਪੱਧਰੀ ਮਨਾਇਆ ਜਾਵੇਗਾ।ਇਸ ਮੌਕੇ ਆਜਾਦ ਰੰਗਮੰਚ ਫਗਵਾੜਾ ਵਲੋਂ ਡਾਕਟਰ ਅੰਬੇਡਕਰ ਦੀ ਜਿੰਦਗੀ ਅਤੇ ਸੰਘਰਸ਼ਾਂ ਉੱਤੇ ਅਧਾਰਤ ਨਾਟਕ ਖੇਡਿਆ ਜਾਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj