ਮੁੜਕੇ ਕਰੀਂ ਨਾ ਵੱਖ

ਰਿੱਤੂ ਵਾਸੂਦੇਵ
  (ਸਮਾਜ ਵੀਕਲੀ)
ਮਨ ਨੂੰ ਰਸਤੇ ਪਾ ਮਨਾ!
ਤਨ ਜਾਣਾ ਸ਼ਮਸ਼ਾਨ
ਕਾਹਨੂੰ ਸੁਰਤ ਵਿਸਾਰਦਾ
ਪੈ ਮਾਇਆ ਦੀ ਖ਼ਾਨ
ਸਮਝ-ਬੁੱਝ ਕੇ ਗਾ ਦਿਲਾ!
ਇੱਕੋ ਮੱਤ ਦਾ ਗੀਤ
ਬੈਠਾ ਰਾਹਾਂ ਵੇਖਦਾ
ਹੁਣ ਵੀ ਤੇਰਾ ਮੀਤ
ਗੱਲਾਂ – ਗੱਲਾਂ ਜੋੜ ਕੇ
ਦਿੱਤੀ ਉਮਰ ਵਿਹਾਅ
ਤਾਂ ਵੀ ਪੂਰੇ ਹੋਣ ਨਾ
ਮਨ ਮੌਜੀ ਦੇ ਚਾਅ
ਜੀਅ ਤਾਂ ਕਰਦਾ ਹਰਫ਼ ਨੂੰ
ਗੁਰੂ ਕਹਵਾਂ ਪਰ ਕਿੰਝ?
‘ਮੈਂ’ ਨੂੰ ਨਿਕਲਣ ਨਾ ਦਵੇ
ਪੰਜ ਚੋਰਾਂ ਦੀ ਛਿੰਝ
ਕੋਈ ਤਾਂ ਕਰੀਏ ਹੀਲੜਾ
ਚੇਤੇ ਆਵੇ ਰੱਬ
ਜਨਮ, ਜਵਾਨੀ, ਬਿਰਧਤਾ
ਟਾਕੀ ਬੰਨ੍ਹਿਆ ਲੱਭ
ਤਨ ਦੀ ਮਿੱਟੀ ਵਿਚ ਰਲ਼ੀ
ਧਰਤੀ, ਅਗਨ, ਤ੍ਰੇਹ
ਜਿੰਨਾ ਮਰਜ਼ੀ ਉੱਡ ਲਏ
ਖੇਹ ਤਾਂ ਆਖਿਰ ਖੇਹ
ਮਨ ਲੂਣਾਂ ਦੀ ਵਾਸ਼ਨਾ
ਹਿਰਦਾ ਕਰੇ ਪਲੀਤ
ਕਾਂਬਾ ਛਿੜਦਾ ਚਿੱਤ ਨੂੰ
ਚੇਤੇ ਕਰਾਂ ਅਤੀਤ
ਕਾਲ਼ੀ ਕਮਲੀ ਵਾਲ਼ਿਆ
ਮੇਰੇ ਬਦਲ ਵਿਚਾਰ
ਬਲ਼ਦੀ ਬਿਰਹਾ ਅਗਨ ‘ਤੇ
ਇੱਕ-ਦੋ ਛਿੱਟੇ ਮਾਰ
ਕਿਹੜੇ ਨੇ ? ਜੋ ਆਖ ਕੇ
ਤਲ਼ੀਏ ਸਰ੍ਹੋਂ ਜਮਾਣ
ਮੈਨੂੰ ਆਪੇ ਵਿਚਲੀਆਂ
ਸੋਚਾਂ ਵੱਢ-ਵੱਢ ਖਾਣ
ਦੁਖ਼ਦੀ ਰਗ਼ ‘ਤੇ ਆਣ ਕੇ
ਕੋਸਾ ਲੋਗੜ ਰੱਖ!
ਹੁਣ ਤਾਂ ਆਪਾਂ ਕੱਟ ਲਈ
ਮੁੜਕੇ ਕਰੀਂ ਨਾ ਵੱਖ!!
~ ਰਿੱਤੂ ਵਾਸੂਦੇਵ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਰਭ ਆਸਰਾ ਪਡਿਆਲਾ ਵਿਖੇ ਮਾਨਸਿਕ ਸਿਹਤ ਸਬੰਧੀ ਜਾਗਰੂਕਤਾ ਸਮਾਗਮ 28 ਮਈ ਨੂੰ
Next articleਹਾਏ ਗਰਮੀ :