ਇੱਕ ਲਾਈਕ ਕਰਦੋ ਬਾਬੂ

ਰਮੇਸ਼ਵਰ ਸਿੰਘ ਪਟਿਆਲਾ

(ਸਮਾਜ ਵੀਕਲੀ)

ਆਹ ਮੈਂ ਸੁਣਿਆ ਪਿਛਲੇ ਦਿਨੀਂ ਬਠਿੰਡੇ ਵਾਲਿਆਂ ਮਾਸਟਰਾਂ ਨੇ ਵਾਹਵਾ ਹੀ ਰੌਲਾ ਰੱਪਾ ਪਾਇਆ। ਸ਼ਹਿਰਾਂ, ਪਿੰਡਾਂ ,ਗਲੀ-ਮੁਹੱਲਿਆਂ, ਬੱਸ ਅੱਡਿਆਂ, ਚੌਂਕਾਂ ਵਿੱਚ, ਬਜ਼ਾਰਾਂ ਵਿੱਚ ,ਦੁਕਾਨਾਂ ਉਤੇ ,ਰਾਹਗੀਰਾਂ ਨੇ, ਰੇਲਵੇ ਸਟੇਸ਼ਨ, ਪੁਲਿਸ ਸਟੇਸ਼ਨ ਕਹਿਣ ਦਾ ਭਾਵ ਹਰ ਉਹ ਜਗ੍ਹਾ ਜਿਥੇ ਉਨ੍ਹਾਂ ਨੂੰ ਇਕੱਠ ਜਿਹਾ ਦਿਸਿਆ। ਹਰ ਇਕ ਕੋਲ ਜਾ ਕੇ ਕਹਿਣ ਕਿ ਸਾਡਾ ਫੇਸਬੁੱਕ ਪੇਜ਼ ਲਾਈਕ ਕਰ ਦਿਓ।

ਮੈਨੂੰ ਵੀ ਤਾਂ ਓਦੋਂ ਪਤਾ ਲੱਗਿਆ ਜਦੋਂ ਮੂੰਹ ਬੋਲੀ ਭੈਣ ਜੋ ਅਧਿਆਪਕਾ ਹੈ ਨੇ ਰਾਤ ਨੂੰ ਸਾਢੇ ਕੁ ਦਸ ਵਜੇ ਫੋਨ ਕਰਕੇ ਕਿਹਾ ਕੇ “ਭਰਾ ਜੀ ਸੁੱਤੇ ਤਾਂ ਨਹੀਂ ਅਜੇ?” ਮੈਂ ਕਿਹਾ ਭੈਣ ਜੀ ਦਾ ਫੋਨ ਐਸ ਵੇਲੇ? ਮਨ ਵਿਚ ਥੋੜ੍ਹਾ ਜਿਹਾ ਸਹਿਮ ਆ ਗਿਆ। ਹੌਸਲਾ ਜਿਹਾ ਕਰਕੇ ਮੈਂ ਕਿਹਾ” ਭੈਣ ਜੀ ਐਸ ਵੇਲੇ , ਸੁੱਖ ਤਾਂ ਹੈ? ਹਾਂ ਭਰਾ ਜੀ ਸੁੱਖ-ਸਾਂਦ ਆ ,ਤੁਸੀਂ ਆਪਣੀ ਫੇਸਬੁੱਕ ਤੇ ਸਾਡਾ ਐਕਟੀਵਿਟੀ ਪੇਜ ਲਾਈਕ ਕਰ ਦਿਉ, ਨਾਲੇ ਭਰਜਾਈ ਦੇ ਫੋਨ ਤੋ ਵੀ ਪੇਜ ਲਾਈਕ ਕਰਵਾ ਦਿਉ। ਮੈਂ “ਠੀਕ ਹੈ” ਕਹਿ ਕੇ ਫੋਨ ਰੱਖ ਦਿੱਤਾ।

ਅੱਜ ਆਥਣੇ ਜਿਹੇ ਸੈਰ ਕਰਦਿਆਂ ਭੈਣ ਜੀ ਮਿਲ ਗਏ। ਮੈਂ ਸਰਸਰੀ ਜਿਹੀ ਪੁੱਛਿਆ “ਭੈਣ ਜੀ ਕਿੰਨੇ ਕੁ ਹੋ ਗਏ ਫੇਰ ਸੋਡੇ ਲਾਈਕ?”
” ਕਾਹਦੇ ਭਰਾ ਜੀ ਲਾਈਕ, ਉਹ ਤਾਂ 73000 ਹੋ ਗਏ । ਪੰਜਾਬ ਚੋਂ ਬਠਿੰਡਾ ਜ਼ਿਲ੍ਹਾ ਪਹਿਲੇ ਨੰਬਰ ਤੇ ਆ ਗਿਆ ,ਪਰ ਚੰਡੀਗੜ੍ਹ ਵਾਲੇ ਵੱਡੇ ਸਾਹਿਬ ਨੇ ਸਾਡਾ ਤਾਂ ਜਮਾਂ ਹੀ ਜਲੂਸ ਕੱਢ ਦਿੱਤਾ।

ਜ਼ਿਲ੍ਹੇ ਦੇ ਵੱਡੇ ਅਫਸਰਾਂ ਨੇ ਵੀ ਲਹੂ ਪੀ ਲਿਆ। ਸਾਡੇ ਤਾਂ ਬੱਚੇ ਵੀ ਉਹ ਨੇ ਸਕੂਲ ਵਿੱਚ ਜਿਹੜੇ ਝੁੱਗੀਆਂ ਵਾਲੇ ਨੇ। ਸਾਰੇ ਦੇ ਸਾਰੇ ਉਹ ਬੱਚੇ ਨੇ ਜੋ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਨੇ। ਪਰਸੋਂ ਕੀ ਹੋਇਆ ਕਿ ਸਾਨੂੰ ਸਕੂਲ ਵਿਚੋਂ ਹੁਕਮ ਹੋਇਆ ਕੀ ਇਲਾਕੇ ਵੰਡ ਕੇ ਹੀ ਪੇਜ਼ ਲਾਈਕ ਕਰਵਾਉਣਾ ਹੈ ।ਮੈਨੂੰ ਤੇ ਦੂਜੀ ਭੈਣ ਜੀ ਨੂੰ ਸੜਕ ਵਾਲਾ ਤੇ ਬਜ਼ਾਰ ਵਾਲ਼ਾ ਹਿੱਸਾ ਦਿੱਤਾ ਗਿਆ। ਸਾਡੇ ਹੱਥਾਂ ਵਿਚ ਫੋਨ, ਜੋ ਮਿਲੇ ਉਸ ਨੂੰ ਕਹੀਏ ਕਿ ਭਾਈ ਅਸੀਂ ਸਰਕਾਰੀ ਸਕੂਲ ਦੇ ਅਧਿਆਪਕ ਹਾਂ, ਸਾਡਾ ਗਤੀਵਿਧੀਆਂ ਵਾਲਾ ਪੇਜ ਲਾਈਕ ਕਰੋ ਫੇਸਬੁੱਕ ਤੇ ਜਾ ਕੇ। ਸਾਡੀ ਹਾਲਤ ਤਾਂ ਮੰਗਤਿਆਂ ਵਾਲੀ ਸੀ।

ਇਕ ਪਾਸੇ ਅਸੀਂ ਫੋਨ ਤੇ ਲੋਕਾਂ ਤੋਂ ਇਕ-ਇਕ ਲਾਈਕ ਕਰਵਾ ਰਹੇ ਸੀ ਤੇ ਦੂਜੇ ਪਾਸੇ ਸਾਡੇ ਬੱਚੇ (ਜੋ ਝੁੱਗੀ ਝੌਂਪੜੀ ਵਾਲੇ ਹਨ) ਬਾਜ਼ਾਰ ਚੋਂ ਪੈਸੇ ਮੰਗ ਰਹੇ ਸਨ। ਅਸੀਂ ਇੱਕ ਗੱਡੀ (ਕਾਰ) ਕੋਲ਼ ਗਈਆਂ, ਡਰਾਈਵਰ ਭਾਈ ਨੂੰ ਪੇਜ ਲਾਈਕ ਕਰਨ ਦੀ ਬੇਨਤੀ ਕੀਤੀ। ਡਰਾਈਵਰ ਲਗਦਾ ਸੀ ਅਨਪੜ੍ਹ ਹੈ ਉਸ ਨੇ ਬੜੀ ਟੇਢੀ ਜਿਹੀ ਨਜ਼ਰ ਨਾਲ ਸਾਡੇ ਵੱਲ ਦੇਖਿਆ ਅਤੇ ਕਿਹਾ, ਕਿ ਉਸ ਕੋਲ ਫੋਨ ਤੇ ਫੇਸਬੁੱਕ ਨਹੀਂ ਚੱਲਦੀ।ਅਸੀਂ ਕੱਚੀਆਂ ਜਿਹੀਆਂ ਹੋ ਕੇ ਚੁੱਪ ਕਰ ਗਈਆਂ। ਅਸੀਂ ਅੱਗੇ ਜਾ ਰਹੀਆਂ ਸੁਣ ਕੇ ਮੇਰੇ ਕੰਨਾਂ ਵਿੱਚ ਡਰਾਇਵਰ ਭਾਈ ਦੀ ਧੀਮੀ ਜਿਹੀ ਆਵਾਜ਼ ਪਈ ਜੋ ਨਾਲ ਬੈਠੇ ਆਪਣੇ ਸਾਥੀ ਨੂੰ ਕਹਿ ਰਿਹਾ ਸੀ,ਆਹ ਮੈਡਮਾਂ ਜੀਆਂ ਕਾਹਦੇ ਜਵਾਕ ਪੜ੍ਹਾਉਂਦੀਆਂ ਹੋਣਗੀਆਂ । ਇਹ ਨਵਾਂ ਹੀ ਕੰਮ ਤੋਰ ਲਿਆ। ਨਾਲ ਦਾ ਕਹਿ ਰਿਹਾ ਸੀ ।

ਇਨਾਂ ਨੂੰ ਵੀ ਅਫਸਰਾਂ ਦਾ ਹੁਕਮ ਹੁੰਦਾ। ਭਰਾ ਜੀ ਕੀ ਦੱਸਾਂ ਪੜ੍ਹਾਉਣ ਤਾਂ ਸਰਕਾਰ ਦਿੰਦੀ ਹੀ ਨਹੀਂ ਸਾਰਾ ਦਿਨ ਡਾਕਾਂ ਵਿੱਚ ਉਲਝਾਈ ਰੱਖਦੇ ਨੇ। ਅੰਕੜਿਆਂ ਵਿੱਚ ਤਾਂ ਭਾਵੇਂ ਪੰਜਾਬ ਦੇਸ਼ ਭਾਰਤ ਚੋਂ ਨੰਬਰ ਇਕ ਬਣ ਗਿਆ ਹੈ ਪਰ ਅਸਲੀਅਤ ਤੋਂ ਕੋਹਾਂ ਦੂਰ ਹੈ। ਆਨ ਲਾਈਨ ਪੜਾਈ ਦਾ ਖ਼ਾਹ ਮਖ਼ਾਹ ਰੌਲਾ ਪਾਈ ਜਾਂਦੇ ਨੇ। ਸਾਡੇ ਕੋਲ ਜੋ ਬੱਚੇ ਆਉਂਦੇ ਨੇ ਉਨ੍ਹਾਂ ਬਹੁਤਿਆਂ ਕੋਲ ਤਾਂ ਟੱਚ ਵਾਲੇ ਫੋਨ ਹੀ ਨਹੀਂ। ਜੇ ਇਕ ਜਾਂ ਦੋ ਪ੍ਰਤੀਸ਼ਤ ਕੋਲ਼ ਹੈ ਵੀ ਤਾਂ ਉਹ ਉਨ੍ਹਾਂ ਦੇ ਮਾਂ ਜਾਂ ਪਿਉ ਕੋਲ ਹੁੰਦਾ ਹੈ ਜੋ ਬੱਚੇ ਨੂੰ ਨਹੀਂ ਦਿੰਦੇ ਅਤੇ ਆਪ ਕੰਮ ਤੇ ਹੁੰਦੇ ਹਨ। ਜੇ ਕਿਤੇ ਬੱਚੇ ਦੇ ਹੱਥ ਰਾਤ ਬਰਾਤੇ ਫੋਨ ਆ ਵੀ ਜਾਵੇ ਤਾਂ ਉਹ ਗੇਮ ਖੇਡਦਾ ਹੈ। ਪੜ੍ਹਾਈ ਨਹੀਂ ਕਰਦਾ।

ਪੜ੍ਹਾਈ ਤਾਂ ਬੱਚਿਆਂ ਤੋਂ ਬਹੁਤ ਦੂਰ ਹੋ ਗਈ ਹੈ । ਉਪਰੋਂ ਵੱਡੇ ਸਾਹਿਬ ਦਾ ਹੁਕਮ ਹੁੰਦਾ ਹੈ ਕਿ ਬੱਚਿਆਂ ਦਾ ਪੇਪਰ ਕਰਨ ਦਾ ਨਤੀਜਾ ਸੌ ਪ੍ਰਤੀਸ਼ਤ ਦਾ ਹੋਵੇ। ਫੇਰ ਭਰਾ ਜੀ ਕੀ ਕਰੀਏ, ਸਾਨੂੰ ਵੀ ਤਾਂ ਮਰਦਿਆਂ ਨੂੰ ਅੱਕ ਚੱਬਣਾ ਪੈਂਦਾ। ਨੌਕਰੀ ਆ ਕੀ ਕਰੀਏ। ਸਾਰੇ ਬੱਚਿਆਂ ਦੇ ਪੇਪਰ ਫੋਨ ਤੇ ਆਪ ਹੀ ਹੱਲ ਕਰਨੇ ਪੈਂਦੇ ਹਨ। ਨਹੀਂ ਤਾਂ ਜੂਮ ਮੀਟਿੰਗ ਤੇ ਆਹ ਸਿਰ ਚੜਾਏ ਹੋਏ ਬੀ ਐਮ ਟੀ ਜੇ ਜਲੀਲ ਕਰਦੇ ਨੇ ਕੇ ਤੁਹਾਡੇ ਬੱਚਿਆਂ ਨੇ ਪੇਪਰ ਹੱਲ ਨਹੀਂ ਕੀਤੇ। ਭਰਾ ਜੀ ਗੱਲਾਂ ਤਾਂ ਬਹੁਤ ਨੇ ਹੁਣ ਆਥਣ ਹੋ ਗਿਆ। ਫੇਰ ਸਹੀ”।

ਮੈਂ ਸੋਚ ਰਿਹਾ ਸੀ ਕੇ ਪੰਜਾਬ ਅੰਕੜਿਆਂ ਦੇ ਅਧਾਰ ਤੇ ਦੇਸ਼ ਭਰ ਚੋਂ ਨੰਬਰ ਇਕ ਤਾਂ ਬਣ ਗਿਆ, ਪਰ ਕੀ ਇਹ ਅੰਕੜੇ ਸਾਡੇ ਦੇਸ਼ ਦਾ ਸਹੀ ਭਵਿੱਖ ਹਨ? ਅਤੇ ਸਾਡੇ ਬੱਚੇ ਵੀ ਨੰਬਰ ਵਨ…..?

ਰਮੇਸ਼ਵਰ ਸਿੰਘ ਪਟਿਆਲਾ

ਸੰਪਰਕ ਨੰਬਰ-9914880392

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡਾਇਣ ਦਾ ਪੁੱਤ
Next articleਸਾਡੇ ਹੌਸਲੇ ਪੂਰੇ ਨੇ ਬੁਲੰਦ ਦਿੱਲੀਏ ……