(ਸਮਾਜ ਵੀਕਲੀ)
ਕਿਵੇਂ ਆ ਬਈ ਹੈਡਮਾਸਟਰਾ? ਭੋਲ਼ੇ ਨੇ ਸੱਥ ਵਿੱਚ ਬੈਠਿਆਂ ਕੋਲੋ ਲੰਘ ਰਹੇ ਸਰਵਣ ਸਿੰਘ ਨੂੰ ਸੁਲਾਹ ਮਾਰੀ।
ਬੱਸ ਠੀਕ ਹਾਂ ਭੋਲਿਆ, ਤੂੰ ਸੁਣਾ! ਸਰਵਣ ਸਿੰਘ ਨੇ ਤੁਰਦਿਆਂ- ਤੁਰਦਿਆਂ ਹੀ ਉੱਤਰ ਦਿੱਤਾ।
ਓ ਖੜ ਜਾ ਭਾਈ, ਕਿੱਥੇ ਭੱਜਿਆ ਜਾਨਾਂ? ਕੋਈ ਗੱਲ ਬਾਤ ਸੁਣਾ ਦੇ ਆਪਣੇ ਸਕੂਲ ਦੀ। ਭੋਲ਼ੇ ਨੇ ਉਸਨੂੰ ਗੱਲੀਂ ਪਾਉਂਦਿਆਂ ਕਿਹਾ।
ਲੈ ਦੱਸ ਫਿਰ ਕਿਹੜੀ ਗੱਲ- ਬਾਤ ਸੁਣਨੀਂ ਤੂੰ? ਸਰਵਣ ਸਿੰਘ ਨੇ ਉਸਦੇ ਕੋਲ਼ ਰੁਕਦਿਆਂ ਹੋਇਆ ਕਿਹਾ।
ਗੱਲ ਕੀ? ਆਹ ਹੁਣੇ-ਹੁਣੇ ਦੀਵਾਲੀ ਖਤਮ ਹੋਈ ਆ। ਓਸੇ ਦੀ ਸੁਣਾ ਦੇ ਗੱਲ ਕੋਈ। ਤੂੰ ਤਾਂ ਫੇਰ ਹੈਡਮਾਸਟਰ ਐ। ਵੰਡੇ ਹੋਊ ਤੋਹਫ਼ੇ-
ਤੂਹਫ਼ੇ ਬੜੇ। ਚੱਲ ਦੱਸ ਫ਼ੇਰ ਕੀ ਵੰਡ ਕੇ ਆਇਆਂ ਐਤਕੀਂ ਆਪਣੇ ਮਾਸਟਰਾਂ ਨੂੰ? ਭੋਲ਼ੇ ਨੇ ਇੱਕੋ ਸਾਹੇ ਕਿੰਨਾ ਕੁੱਝ ਪੁੱਛ ਲਿਆ।
ਓ !ਰੁੱਕ ਜਾ ਬਾਈ ਭੋਲਿਆ, ਸਾਹ ਲੈ ਲੈ । ਬਾਕੀ ਤੋਹਫ਼ੇ ਤਾਂ ਹਰ ਸਾਲ ਦੇਣੇ ਹੀ ਹੁੰਦੇ। ਇਹਦੇ ਵਿੱਚ ਕੀ ਨਵੀਂ ਗੱਲ ਭਲਾਂ? ਐਤਕੀਂ ਵੀ ਵੰਡ ਦਿੱਤੇ ਤੋਹਫ਼ੇ। ਹੋਰ ਫ਼ੇਰ ਸਾਲ ਬਾਅਦ ਦੀਵਾਲੀ ਆਉਂਦੀ। ਸੱਭ ਨੂੰ ਆਸ ਹੁੰਦੀ ਬਈ। ਸਰਵਣ ਸਿੰਘ ਨੇ ਮਾਣਮੱਤਾ ਹੁੰਦਿਆਂ ਕਿਹਾ।
ਉਹ ਤਾਂ ਠੀਕ ਹੈ ਬਾਈ। ਪਰ ਇੱਕ ਗੱਲ ਹੋਰ ਦੱਸ ਯਾਰਾ। ਇਹਦੇ ਵਿੱਚ ਤਾਂ ਬਾਹਲ਼ਾ ਖਰਚਾ ਹੋ ਜਾਦਾ ਹੋਣਾ ਕਿ ਸੌ-ਸੌ ਆਲ਼ੇ ਈ ਵੰਡ ਆਉਨਾਂ ਪਤੰਦਰਾ। ਭੋਲ਼ੇ ਨੇ ਅਗਲਾ ਸਵਾਲ ਰੱਖਿਆ।
ਓ ਭੋਲਿਆ, ਭੋਲ਼ਾ ਹੀ ਐ ਤੂੰ ਵੀ। ਦੂਜੀ ਗੱਲ ਇਹ ਕਿ ਨਾਂ ਤਾਂ ਬਹੁਤਾ ਖਰਚਾ ਕਰੀਦਾ ਤੇ ਤੋਹਫ਼ੇ ਵੀ ਵਧੀਆ ਦੇਈਦੇ, ਹੁਣ ਉਹ ਦੱਸ ਕਿਵੇਂ? ਸਰਵਣ ਸਿੰਘ ਨੇ ਮੁੱਛਕੜੀਆਂ ਹੱਸਦਿਆਂ ਕਿਹਾ।
ਹੈਂ! ਉਹ ਕਿਵੇਂ ਭਲਾ? ਭੋਲਾ ਥੋੜਾ ਹੈਰਾਨ ਹੋਇਆ ਪਰ ਫੇਰ ਦਾਹੜੀ ਖੁਰਕਦਿਆਂ ਬੋਲਿਆ, ਦੁਕਾਨਾਂ ਵਾਲਿਆਂ ਨਾਲ਼ ਕੋਈ ਗੱਲਬਾਤ ਹੋਊ ਤੁਹਾਡੀ ।
ਨਾ ਬਈ ਨਾ ਭੋਲਿਆ। ਇਹ ਤਾਂ ਸਿੱਧਾ ਜਿਹਾ ਕੰਮ ਹੈ। ਹਰ ਸਾਲ ਬੱਚਿਆਂ ਤੋਂ ਪੈਸੇ ‘ਕੱਠੇ ਕਰੀਦੇ ਤੇ ਉਹਨਾਂ ਪੈਸਿਆਂ ਵਿੱਚੋਂ ਹੀ ਸਕੂਲ ਵਿੱਚ ਪਾਰਟੀ ਕਰ ਦਈਦੀ ਨਾਲ਼ੇ ਸਾਰੇ ਮਾਸਟਰ ਮਾਸਟਰਨੀਆਂ ਨੂੰ ਤੋਹਫ਼ੇ ਦੇ ਦਈਦੇ, ਸਗੋਂ ਇਸ ਵਾਰ ਤਾਂ ਚਪੜਾਸੀਆਂ ਦੇ ਤੋਹਫ਼ੇ ਵੀ ਆ ਗਏ।
ਹਜੇ ਵੀ ਬੱਚ ਗਏ ਪੈਸੇ! ਸਰਵਣ ਸਿੰਘ ਨੇ ਕੰਨ ਕੋਲ਼ ਮੂੰਹ ਕਰਕੇ ਗੁਪਤ ਤਰੀਕੇ ਨਾਲ ਦੱਸਦਿਆਂ ਕਿਹਾ।
ਵਾਹ ਬਈ ਵਾਹ! ਇਹ ਤਾਂ ਉਹ ਗੱਲ ਹੋ ਗਈ ਬਈ ‘ਹਿੰਗ ਲੱਗੇ ਨਾ ਫਟਕੜੀ ਰੰਗ ਚੋਖਾ ਆਵੇ’ । ਭੋਲੇ ਨੇ ਤਾੜੀ ਮਾਰੀ ਤੇ ਦੋਵੇਂ ਹੱਸਦਿਆਂ ਹੱਸਦਿਆਂ ਆਪੋ-ਆਪਣੇ ਰਾਹ ਹੋ ਤੁਰੇ।
ਮਨਜੀਤ ਕੌਰ ਲੁਧਿਆਣਵੀ
ਸ਼ੇਰਪੁਰ, ਲੁਧਿਆਣਾ। ਸੰ:9464633059
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly