ਦੀਵਾਲੀ ਦੀ ਸਫ਼ਾਈ

(ਸਮਾਜ ਵੀਕਲੀ)

ਨਿਰਮਲਾ ਆਪਣੇ ਮਨ ਵਿੱਚ ਸੋਚ ਰਹੀ ਸੀ ਕਿ ਕਈ ਦਿਨਾਂ ਤੋਂ ਗਲ਼ੀ ਦੀਆਂ ਔਰਤਾਂ ਦੀ ਚੁਗਲਮੰਡਲੀ ਗਲ਼ੀ ਵਿੱਚ ਦਿਖਾਈ ਨਹੀਂ ਦੇ ਰਹੀ ਸੀ। ਫਿਰ ਅਚਾਨਕ ਦਿਮਾਗ ਵਿੱਚ ਖਿਆਲ ਆਇਆ ਕਿ ਸਾਰੀਆਂ ਔਰਤਾਂ ਦੀਵਾਲੀ ਕਰਕੇ ਆਪੋ ਆਪਣੇ ਘਰਾਂ ਦੀ ਸਫ਼ਾਈ ਵਿੱਚ ਰੁੱਝੀਆਂ ਹੋਈਆਂ ਸਨ। ਕਿਸੇ ਦੇ ਘਰ ਵਿੱਚ ਰੰਗ ਰੋਗਨ ਹੋ ਰਿਹਾ ਸੀ, ਕਿਸੇ ਦੇ ਘਰ ਪਰਦੇ ਧੋਤੇ ਨਜ਼ਰ ਆ ਰਹੇ ਸਨ, ਕਿਸੇ ਦੇ ਘਰ ਅੱਗੇ ਫਰਸ਼ ਧੋ ਧੋ ਕੇ ਪਾਣੀ ਦੀਆਂ ਛੱਪੜੀਆਂ ਲੱਗੀਆਂ ਦਿਖਾਈ ਦਿੰਦੀਆਂ ਸਨ। ਨਿਰਮਲਾ ਵੀ ਆਪਣੇ ਘਰ ਦੀ ਸਫ਼ਾਈ ਕਰਨ ਵਿੱਚ ਰੁੱਝ ਗਈ।

ਦੀਵਾਲੀ ਤੋਂ ਇੱਕ ਦਿਨ ਪਹਿਲਾਂ ਤੱਕ ਸਾਰੀਆਂ ਔਰਤਾਂ ਦੀ ਚੁਗਲਮੰਡਲੀ ਫ਼ੇਰ ਗਲ਼ੀ ਵਿੱਚ ਕੁਰਸੀਆਂ ਡਾਹ ਕੇ ਬੈਠੀ ਹੋਈ ਸੀ। ਨਿਰਮਲਾ ਘਰ ਦੀ ਸਫ਼ਾਈ ਕਰਦੇ ਕਰਦੇ ਥਕਾਵਟ ਮਹਿਸੂਸ ਕਰ ਰਹੀ ਸੀ।ਉਸ ਨੂੰ ਹੱਡ ਭੰਨਣੀ ਜਿਹੀ ਲੱਗੀ ਹੋਈ ਸੀ। ਉਸ ਨੇ ਸੋਚਿਆ ਕਿਉਂ ਨਾ ਮੁਹੱਲੇ ਵਾਲ਼ੀ ਡਿਸਪੈਂਸਰੀ ਤੋਂ ਦਵਾਈ ਹੀ ਲੈ ਆਵੇ।ਉਹ ਦਵਾਈ ਲੈਣ ਜਾਂਦੀ ਜਾਂਦੀ ਗਲ਼ੀ ਵਿੱਚ ਬੈਠੀਆਂ ਸਾਰੀਆਂ ਔਰਤਾਂ ਨੂੰ ਦੁਆ ਸਲਾਮ ਕਰਕੇ ਅੱਗੇ ਨਿਕਲਣ ਲੱਗੀ ਤਾਂ ਇੱਕ ਔਰਤ ਨੇ ਉਸ ਨੂੰ ਵੀ ਬੈਠਣ ਲਈ ਕਿਹਾ।ਉਸ ਨੇ ‘ਡਿਸਪੈਂਸਰੀ ਕਿਤੇ ਬੰਦ ਹੀ ਨਾ ਹੋ ਜਾਵੇ’ ਦਾ ਬਹਾਨਾ ਲਾਇਆ ਤੇ ਅੱਗੇ ਨਿਕਲ ਗਈ।

ਹਜੇ ਦੋ ਚਾਰ ਕਦਮ ਹੀ ਅੱਗੇ ਗਈ ਸੀ ਕਿ ਇੱਕ ਔਰਤ ਬੋਲੀ,” ਕਿੰਨੀ ਹੰਕਾਰੀ ਹੋਈ ਆ….ਭਲਾ ਜੇ ਬੈਠ ਜਾਂਦੀ ਤਾਂ ਅਸੀਂ ਇਹਦਾ ਕੀ ਲਾਹ ਲੈਣਾ ਸੀ?” ਦੂਜੀ ਬੋਲੀ,”ਬਹੁਤੀ ਪੜ੍ਹੀ ਲਿਖੀ ਬਣਦੀ ਆ ਆਪਣੇ ਆਪ ਨੂੰ….!” ਤੀਜੀ ਬੋਲੀ,” ਪੜ੍ਹੀ ਲਿਖੀ ਹੋਊ ਤਾਂ ਆਪਣੇ ਘਰ ਹੋਊ…… ਅਸੀਂ ਕਿਸੇ ਨੇ ਇਹ ਤੋਂ ਕੀ ਲੈਣਾ…?” ਚੌਥੀ ਬੋਲੀ,” ਐਹੋ ਜਿਹੀਆਂ ਬਥੇਰੀਆਂ ਦੇਖੀਆਂ ਬਹੁਤੀਆਂ ਪੜ੍ਹਾਕੂ……ਘਰ ਦਾ ਕੰਮ ਚਾਹੇ ਕੱਖ ਨਾ ਆਉਂਦਾ ਹੋਵੇ…!”

ਇਹ ਗੱਲਾਂ ਸੁਣਦੀ ਸੁਣਦੀ ਉਹ ਕਾਫ਼ੀ ਦੂਰ ਚਲੀ ਗਈ ਤੇ ਨਾਲ਼ ਨਾਲ਼ ਹੀ ਸਾਰੀਆਂ ਔਰਤਾਂ ਦੀ ਅਵਾਜ਼ ਮੱਧਮ ਹੁੰਦੀ ਹੁੰਦੀ ਉਸ ਦੇ ਕੰਨਾਂ ਵਿੱਚ ਪੈਣੀ ਬੰਦ ਹੋ ਗਈ ਸੀ। ਹੁਣ ਉਸ ਦਾ ਧਿਆਨ ਵਾਰ ਵਾਰ ਉਹਨਾਂ ਦੀਆਂ ਗੱਲਾਂ ਵੱਲ ਜਾ ਰਿਹਾ ਸੀ ਜੋ ਉਸ ਦੇ ਕੰਨਾਂ ਵਿੱਚ ਗੂੰਜ ਰਹੀਆਂ ਸਨ। ਉਹ ਸੋਚ ਰਹੀ ਸੀ, ” ਚੰਗਾ ਹੋਇਆ ਮੈਂ ਉੱਥੋਂ ਲੰਘ ਕੇ ਆਈ ਹਾਂ…. ਚਲੋ ਵਿਚਾਰੀਆਂ ਨੂੰ ਕਮ ਸੇ ਕਮ ਅੱਧਾ ਘੰਟਾ ਚਰਚਾ ਲਈ ਕੋਈ ਵਿਸ਼ਾ ਤਾਂ ਮਿਲਿਆ…. ਮੈਨੂੰ ਤਾਂ ਚਾਹੇ ਉਸ ਦਾ ਕੋਈ ਫਾਇਦਾ ਨਾ ਹੋਵੇ ਪਰ ਉਹਨਾਂ ਲਈ ਤਾਂ ਲਾਹੇ ਦਾ ਹੋਇਆ।” ਸੋਚਦੀ ਸੋਚਦੀ ਦੇ ਉਸਦੇ ਚਿਹਰੇ ਤੇ ਆਪ ਮੁਹਾਰੇ ਹੀ ਹਲਕੀ ਜਿਹੀ ਮੁਸਕਰਾਹਟ ਆ ਜਾਂਦੀ ਹੈ। ਐਨੇ ਨੂੰ ਉਹ ਡਿਸਪੈਂਸਰੀ ਵੀ ਪਹੁੰਚ ਜਾਂਦੀ ਹੈ।

ਨਿਰਮਲਾ ਦਵਾਈ ਲੈ ਕੇ ਵਾਪਸ ਆ ਰਹੀ ਸੀ ਤਾਂ ਉਸ ਨੂੰ ਦੂਰੋਂ ਮੋੜ ਤੋਂ ਹੀ ਉਹੀ ਅੱਠ ਦਸ ਜਾਣੀਆਂ ਬੈਠੀਆਂ ਨਜ਼ਰੀਂ ਪਈਆਂ ਤੇ ਉਹੀ ਗੱਲਾਂ ਫਿਰ ਦਿਮਾਗ ਵਿੱਚ ਘੁੰਮਣ ਲੱਗੀਆਂ। ਜਦ ਕੋਲ ਆਈ ਤਾਂ ਉਹ ਵੀ ਹੱਸਦੀ ਹੱਸਦੀ ਉਹਨਾਂ ਕੋਲ ਬਹਿ ਗਈ ਜਿਵੇਂ ਉਸ ਨੇ ਉਹਨਾਂ ਦੀ ਕੋਈ ਗੱਲ ਸੁਣੀ ਹੀ ਨਾ ਹੋਵੇ। ਉਹ ਸਾਰੀਆਂ ਔਰਤਾਂ ਉਸ ਨਾਲੋਂ ਉਮਰ ਵਿੱਚ ਵੱਡੀਆਂ ਹੋਣ ਕਰਕੇ ਸਭ ਨੂੰ ਇੱਜ਼ਤ ਨਾਲ਼ ਕੁਝ ਨਾ ਕੁਝ ਕਹਿ ਕੇ ਹੀ ਬੁਲਾਉਂਦੀ ਸੀ।ਉਸ ਨੇ ਪਹਿਲੀ ਔਰਤ ਨੂੰ ਪੁੱਛਿਆ,”ਦੀਦੀ …. ਦੀਵਾਲੀ ਦੀ ਸਫ਼ਾਈ ਹੋ ਗਈ?” ਸਾਰੀਆਂ ਔਰਤਾਂ ਹੀ ਵਾਰੀ ਵਾਰੀ ਬੋਲਣ ਲੱਗੀਆਂ,” ਸਫ਼ਾਈ ਤਾਂ ਅਸੀਂ ਸੁੱਖ ਨਾਲ ਹਫ਼ਤਾ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਸੀ।”

.. ‌‌… ਦੂਜੀ ਬੋਲੀ,” ਸਾਡੇ ਤਾਂ ਪੰਦਰਾਂ ਦਿਨ ਹੋ ਗਏ ਨੇ ਰੰਗ ਰੋਗਨ ਹੁੰਦੇ ਨੂੰ….!” ਇੱਕ ਹੋਰ ਬੋਲੀ, “…… ਮੈਂ ਤਾਂ ਪੰਦਰਾਂ ਦਿਨ ਪਹਿਲਾਂ ਹੀ ਪਰਦੇ ਧੋ ਦਿੱਤੇ ਸੀ….!” ਇਸ ਤਰ੍ਹਾਂ ਸਾਰੀਆਂ ਆਪਣੇ ਆਪਣੇ ਘਰਾਂ ਦੀ ਸਫ਼ਾਈ ਬਾਰੇ ਗੱਲਾਂ ਕਰਦੀਆਂ ਕਰਦੀਆਂ ਆਪਣੀ ਵਡਿਆਈ ਕਰ ਰਹੀਆਂ ਸਨ। “ਤੂੰ ਕਰ ਲਈ ਸਫ਼ਾਈ…..ਕਦੇ ਬਹੁਤਾ ਖੜਕਾ ਦੜਕਾ ਸੁਣਿਆ ਹੈ ਨੀ ਸਫ਼ਾਈ ਹੁੰਦੀ ਦਾ…..!” ਇੱਕ ਔਰਤ ਉਸ ਨੂੰ ਨਿਹੋਰੇ ਨਾਲ ਪੁੱਛਣ ਲੱਗੀ। ਨਿਰਮਲਾ ਆਖਣ ਲੱਗੀ,”ਹਾਂ ਜੀ ! ਦੇਖੋ ਆਪਾਂ ਸਾਰੇ ਕਿੰਨੇ ਹਿੰਮਤੀ ਆਂ….. ਮੈਂ ਤਾਂ ਆਪ ਪਹਿਲੇ ਨਰਾਤੇ ਤੋਂ ਹੀ ਸਫ਼ਾਈ ਸ਼ੁਰੂ ਕਰ ਦਿੱਤੀ ਸੀ……!”

“ਐਨਾ ਚਿਰ ਪਹਿਲਾਂ…..ਓਹਦਾ ਕੀ ਫਾਇਦਾ …. ਦੀਵਾਲੀ ਤੱਕ ਤਾਂ ਫਿਰ ਗੰਦ ਪੈ ਜਾਣਾ ਸੀ…!” ਇੱਕ ਸਿਆਣੀ ਔਰਤ ਬੋਲੀ। ਨਿਰਮਲਾ ਹੱਸ ਕੇ ਕਟਾਖਸ਼ ਕਰਦੇ ਹੋਏ ਆਖਣ ਲੱਗੀ,”ਮੈਂ ਤਾਂ ਜੀ ਮਨ ਦੀ ਸਫ਼ਾਈ ਦੀ ਗੱਲ ਕਰਦੀ ਆਂ…..ਦੇਖੋ ਜੀ! ਆਹ ਝਾੜੂ ਵਾਲ਼ੀ ਸਫ਼ਾਈ ਤਾਂ ਹੀ ਸੋਹਣੀ ਲੱਗਦੀ ਆ ਜੇ ਸਾਫ਼ ਘਰਾਂ ਵਿੱਚ ਸਾਫ਼ ਦਿਲਾਂ ਵਾਲੇ ਲੋਕ ਰਹਿੰਦੇ ਹੋਣ……ਆਹ ! ਜਿਹੜੇ ਝੂਠ, ਨਿੰਦਿਆ, ਚੁਗਲੀਆਂ ਵੀ ਤਾਂ ਨਿਰਾ ਕੂੜ ਹੀ ਏ,ਬਸ ਹੁਣ ਜਦੋਂ ਦੀਵਾਲੀ ਦੇ ਦੀਵੇ ਜਗਾ ਕੇ ਜਿਵੇਂ ਰਾਤ ਨੂੰ ਰੋਸ਼ਨੀ ਬਾਹਰ ਕਰਨੀ ਐਂ , ਓਦਾਂ ਹੀ ਆਪਾਂ ਨੇ ਗੁਰਦੁਆਰੇ ਤੇ ਮੰਦਰ ਮੱਥਾ ਟੇਕ ਕੇ ਆਪਣੇ ਮਨ ਵਿੱਚ ਪਰਮਾਤਮਾ ਦੇ ਨਾਂ ਦਾ ਦੀਵਾ ਵੀ ਜਗਦਾ ਰੱਖਣ ਦੀ ਅਰਦਾਸ ਕਰ ਆਉਣੀ ਐਂ………।

….ਲੈ …. ਮੈਂ ਵੀ ਗੱਲਾਂ ਵਿੱਚ ਮਸਤ ਹੋ ਗਈ….ਚੰਗਾ ਜੀ ਸਾਰਿਆਂ ਨੂੰ ਸਤਿ ਸ੍ਰੀ ਆਕਾਲ।” ਕਹਿਕੇ ਨਿਰਮਲਾ ਹੱਥ ਜੋੜ ਕੇ ਉੱਥੋਂ ਚਲੀ ਗਈ। ਸਾਰੀਆਂ ਔਰਤਾਂ ਸ਼ਰਮਿੰਦਾ ਹੋਈਆਂ ਇੱਕ ਦੂਜੇ ਦੇ ਮੂੰਹ ਵੱਲ ਦੇਖ ਰਹੀਆਂ ਸਨ। ਇੱਕ ਸਿਆਣੀ ਔਰਤ, ਜਿਸ ਦੇ ਘਰ ਅੱਗੇ ਰੋਜ਼ ਚੁਗਲਮੰਡਲੀ ਲੱਗਦੀ ਸੀ,ਉਹ ਆਖਣ ਲੱਗੀ,” ਗੱਲ ਤਾਂ ਠੀਕ ਦੱਸ ਕੇ ਗਈ ਆ ਕੁੜੀ……. ਚੱਲੋ! ਕੁੜੀਓ ਆਪਣੇ ਆਪਣੇ ਘਰਾਂ ਨੂੰ……. ਕੱਲ੍ਹ ਤੋਂ ਇੱਥੇ ਕੋਈ ਮਹਿਫ਼ਲ ਨਹੀਂ ਸਜੇਗੀ ਜਿਸ ਵਿੱਚ ਸਾਰੇ ਲੋਕਾਂ ਦੀਆਂ ਚੁਗਲੀਆਂ ਹੁੰਦੀਆਂ ਹੋਣ। ਮੈਂ ਵੀ ਆਪਣੇ ਬੂਹੇ ਅੱਗਿਓਂ ਦੀਵਾਲ਼ੀ ਦੀ ਸਫ਼ਾਈ ਕਰਨੀ ਹੈ।”

ਬਰਜਿੰਦਰ ਕੌਰ ਬਿਸਰਾਓ
9988901324

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਨੁਭਵੀ ਫ਼ਕੀਰ
Next articleਵਿਦੇਸ਼ੀ ਨੌਕਰੀ ਤੇ ਸਾਹਿਤ ਦੀ ਸੇਵਕ – ਸਰਬਜੀਤ ਲੌਂਗੀਆਂ