ਦਿਵਾਲੀ

ਜਸਵੀਰ ਸੋਨੀ

(ਸਮਾਜ ਵੀਕਲੀ)

ਸੁੱਖੋ ਗੱਲ ਕਰੇ ਪ੍ਰਸਿਨੀਂ ਨਾਲ਼,
ਕੀ ਦੱਸਾਂ ਬੇਬੇ ਘਰ ਦਾ ਹਾਲ।
ਘਰ ਨਾਂ ਆਟਾ ਨਾ ਕੋਈ ਦਾਲ,
ਅਸੀਂ ਤਾਂ ਸਾਰੀ ਉਮਰ ਟਪਾਲੀ,
ਸਾਡੀ ਕਾਹਦੀ ਦਿਵਾਲੀ ਬੇਬੇ ।
ਸਾਡੀ ਕਾਹਦੀ ਦਿਵਾਲੀ***।

ਬਾਪੂ ਦਾ ਕਰਜ਼ਾ ਲਾਹੁੰਦਾ ਹੈ ਪੁੱਤ,
ਹਾੜ ਸਿਆਲ਼ ਦੀ ਲੰਘੀ ਸਾਰੀ ਰੁੱਤ।
ਮੇਰੀ ਵੀ ਗੋਹੇ ਨਾਲ ਲਿਬੜੀ ਗੁੱਤ।
ਗਲ ਚ ਕਰਜੇ ਦੀ ਪੰਜਾਲੀ ਬੇਬੇ।
ਸਾਡੀ ਕਾਹਦੀ************।

ਵੱਡਾ ਮੁੰਡਾ ਨਿੱਤ ਲੇਬਰ ਚੌਂਕ ਚ ਜਾਵੇ,
ਖ਼ਾਲੀ ਖੀਸੇ ਬੱਸ ਘਰ ਨੂੰ ਮੁੜ ਆਵੇ
ਦਿਹਾੜੀ ਦੱਪਾ ਕੁਝ ਵੀ ਨਾ ਥਿਆਵੇ।
ਸਵੇਰ ਤੋਂ ਹੋ ਜਾਂਦੀ ਤਰਕਾਲੀਂ ਬੇਬੇ।
ਸਾਡੀ ਕਾਹਦੀ**************।

ਕੀ ਦੱਸਾਂ ਬੇਬੇ ਤੈਨੂੰ ਘਰ ਦਾ ਹਾਲ,
ਨੰਣਦ ਵੀ ਰਹਿੰਦੀ ਹੈ ਸਾਡੇ ਨਾਲ,
ਸਕੂਲੋਂ ਹਟਾ ਮੈਂ ਅਪਣਾ ਨਿੱਕਾ ਬਾਲ
ਲਾ ਦਿੱਤਾ ਵੱਡੇ ਘਰ ਚ ਪਾਲੀ ਬੇਬੇ।
ਸਾਡੀ ਕਾਹਦੀ****************।

ਸੱਸ ਮੇਰੀ ਬੜੀ ਬਿਮਾਰ ਹੈ ਰਹਿੰਦੀ
ਮੰਜੇ ਤੇ ਆਪੇ ਨਾਂ ਉੱਠਦੀ ਬਹਿੰਦੀ,
ਦਵਾਈ ਨਿਪੁੱਤੀ ਵੀ ਬੜੀ ਹੈ ਮਹਿੰਗੀ।
ਵਿਕ ਗਏ ਸਾਡੇ ਪਤੀਲਾ ਥਾਲੀ ਬੇਬੇ।
ਸਾਡੀ ਕਾਹਦੀ ****************।

ਕੀ ਦੱਸਾਂ ਬੇਬੇ ਮੈਂ ਕੁਦਰਤ ਦਾ ਭਾਣਾ,
ਛੋਟੀ ਬਹੂ ਕੋਲ ਹੈ ਨਿੱਕਾ ਨਿਆਣਾ,
ਘਰੇ ਨਹੀਂ ਖਾਂਣ ਨੂੰ ਇੱਕ ਵੀ ਦਾਣਾ
ਸਾਡੀ ਤਾਂ ਜਿੰਦ ਫਿਕਰਾਂ ਨੇ ਖਾਲੀ ਬੇਬੇ।
ਸਾਡੀ ਕਾਹਦੀ ****************।

ਕੋਠੇ ਜਿੱਡੀ ਹੋਈ ਧੀ ਮੁਟਿਆਰ,
ਉਸ ਦਾ ਵੀ ਸਾਡੇ ਸਿਰ ਤੇ ਭਾਰ।
ਮਿਲਦਾ ਨਾ ਕਿਤੋਂ ਕੋਈ ਉਧਾਰ।
ਦੇਵਾਂਗਾ ਕਿਵੇਂ ਭੰਮਾਲੀ ਬੇਬੇ।
ਸਾਡੀ ਕਾਹਦੀ *************** ।

“ਸੋਨੀ” ਸੱਚੋ ਸੱਚ ਹੈ ਲਿਖਦਾ ਰਹਿੰਦਾ,
ਗੱਲਾਂ ਬੜੀਆਂ ਹੀ ਖਰੀਆਂ ਕਹਿੰਦਾ।
ਕਿਰਤ ਕਰਿਆਂ ਵੀ ਨਾਂ ਪੂਰਾ ਪੈਂਦਾ।
ਨਾਂ ਹੋਈ ਕਦੇ ਜੂਨ ਸੁਖਾਲੀ ਬੇਬੇ।
ਸਾਡੀ ਕਾਹਦੀ ਦਿਵਾਲੀ ਬੇਬੇ।
ਸਾਡੀ ਕਾਹਦੀ ਦਿਵਾਲੀ ******।

ਜਸਵੀਰ ਸੋਨੀ
 94787-76938

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleTrump to launch new social media platform
Next articleਅਨੰਨਿਆ ਪਾਂਡੇ ਤੋਂ ਅੱਜ ਵੀ ਪੁੱਛਗਿੱਛ ਕਰੇਗੀ ਐਨਸੀਬੀ