ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਸੌਂਪੇ ਜਾਣਗੇ ਮੰਗ ਪੱਤਰ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਈ.ਟੀ.ਟੀ.ਅਧਿਆਪਕ ਯੂਨੀਅਨ ਪੰਜਾਬ ਵੱਲੋਂ ਪੰਜਾਬ ਭਰ ਵਿੱਚ 6 ਫਰਵਰੀ ਨੂੰ ਜਿਲ੍ਹਾ ਪੱਧਰੀ ਮੀਟਿੰਗਾਂ ਕਰਕੇ ਡੀ.ਈ.ਓਜ ਨੂੰ ਮੰਗ ਪੱਤਰ ਦੇਣ ਦੇ ਉਲੀਕੇ ਪ੍ਰੋਗਰਾਮ ਤਹਿਤ ਜਿਲ੍ਹਾ ਕਪੂਰਥਲਾ ਵਿੱਚ ਈ. ਟੀ.ਟੀ.ਅਧਿਆਪਕ ਯੂਨੀਅਨ ਕਪੂਰਥਲਾ ਦੇ ਆਗੂ ਮੰਗਾਂ ਸਬੰਧੀ ਅਗਲੇ ਸੰਘਰਸ਼ ਦੀ ਤਿਆਰੀ ਲਈ ਵਿਚਾਰ ਵਟਾਂਦਰਾ ਕਰਨਗੇ ਅਤੇ ਮੰਗਾਂ ਸਬੰਧੀ ਮੰਗ ਪੱਤਰ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਰਾਹੀਂ ਸਿੱਖਿਆ ਮੰਤਰੀ ਪੰਜਾਬ ਨੂੰ ਭੇਜਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਗੁਰਮੇਜ ਸਿੰਘ ਅਤੇ ਜਿਲ੍ਹਾ ਜਨਰਲ ਸਕੱਤਰ ਇੰਦਰਜੀਤ ਸਿੰਘ ਥਿੰਦ ਨੇ ਕਿਹਾ ਕਿ ਛੇਵੇਂ ਪੇ ਕਮਿਸ਼ਨ ਦੇ ਲਾਗੂ ਹੋਣ ਤੋਂ ਬਾਅਦ ਅਧਿਆਪਕਾਂ ਦੀਆਂ ਤਨਖਾਹਾਂ ਵਿੱਚ ਅਨਾਮਲੀ ਪੈਦਾ ਹੋ ਗਈ ਹੈ। ਜੂਨੀਅਰ ਅਧਿਆਪਕਾਂ ਦੀ ਤਨਖਾਹ ਸੀਨੀਅਰ ਅਧਿਆਪਕਾਂ ਤੋੰ ਵੱਧ ਫਿਕਸ ਹੋਈ ਹੈ। ਇਹ ਅਨਾਮਲੀ ਦੂਰ ਕਰਨ ਦੀ ਮੰਗ ਪੂਰੀ ਕਰਨ, ਈ.ਟੀ.ਟੀ.ਤੋਂ ਮਾਸਟਰ ਕਾਡਰ ਪ੍ਰਮੋਸ਼ਨ ਪਿਛਲੇ ਪੰਜ ਸਾਲਾਂ ਤੋਂ ਬੰਦ ਹੈ , ਵਿਭਾਗ ਇਹ ਪ੍ਰਮੋਸ਼ਨਾਂ ਤੁਰੰਤ ਸ਼ੁਰੂ ਕਰੇ।
ਤਨਖਾਹਾਂ ਸਬੰਧੀ ਬਜਟ ਹਰ ਮਹੀਨੇ ਖਤਮ ਹੋ ਜਾਂਦਾ ਹੈ,ਸਾਲ ਦਾ ਬਜਟ ਇੱਕੋ ਵਾਰ ਜਾਰੀ ਹੋਵੇ। ਬੰਦ ਕੀਤੇ ਭੱਤੇ ਬਹਾਲ ਕਰਨ,ਏ.ਸੀ.ਪੀ.ਸਕੀਮ ਸ਼ੁਰੂ ਕੀਤੀ ਜਾਵੇ। ਇਹਨਾਂ ਮੰਗਾਂ ਦੇ ਹੱਲ ਸਬੰਧੀ ਸਿੱਖਿਆ ਮੰਤਰੀ ਤੋੰ ਲੈ ਕੇ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਕਈ ਵਾਰ ਮੀਟਿੰਗਾਂ ਕਰ ਚੁੱਕੇ ਹਾਂ ਪਰ ਹਰ ਮੀਟਿੰਗ ਵਿੱਚ ਮੰਗਾਂ ਦੇ ਹੱਲ ਦਾ ਭਰੋਸਾ ਮਿਲਣ ਦੇ ਬਾਵਜੂਦ ਅਜੇ ਤੱਕ ਮਸਲੇ ਹੱਲ ਨਹੀਂ ਹੋਏ ਜਿਸ ਕਾਰਨ ਮਜਬੂਰਨ ਜਥੇਬੰਦੀ ਨੂੰ ਸੰਘਰਸ਼ ਦਾ ਰਾਹ ਅਪਣਾਉਣਾ ਪੈ ਰਿਹਾ ਹੈ। ਉਨ੍ਹਾ ਕਿਹਾ ਕਿ ਫਰਵਰੀ ਦੇ ਮਹੀਨੇ ਹੀ ਸੂਬਾ ਪੱਧਰੀ ਐਕਸ਼ਨ ਕੀਤਾ ਜਾਵੇਗਾ। ਜਿਸ ਦੀ ਤਰੀਕ ਅਗਲੇ ਹਫਤੇ ਐਲਾਨੀ ਜਾਵੇਗੀ। ਇਸ ਮੌਕੇ ਤੇ ਦਲਜੀਤ ਸਿੰਘ ਸੈਣੀ ਸੂਬਾ ਕਮੇਟੀ ਮੈਂਬਰ,ਕਰਮਜੀਤ ਗਿੱਲ ਜਿਲ੍ਹਾ ਸਰਪ੍ਰਸਤ,ਅਵਤਾਰ ਸਿੰਘ ਕੈਸ਼ੀਅਰ, ਲਖਵਿੰਦਰ ਟਿੱਬਾ, ਸੁਖਦੇਵ ਸਿੰਘ ਠੱਟਾ, ਦਵਿੰਦਰ ਸਿੰਘ, ਪੰਕਜ ਮਰਵਾਹਾ,ਗੁਰਦੇਵ ਸਿੰਘ,ਸੁਖਵਿੰਦਰ ਸਿੰਘ ਕਾਲੇਵਾਲ,ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।