ਸਿਹਤ ਵਿਭਾਗ ਵਲੋਂ ਜਿਲਾ ਪੱਧਰੀ “ਧੀਆਂ ਦੀ ਲੋਹੜੀ” ਦਾ ਸਮਾਗਮ ਦਾ ਆਯੋਜਨ

ਫੋਟੋ ਅਜਮੇਰ ਦੀਵਾਨਾ
ਹੁਸ਼ਿਆਰਪੁਰ (ਸਮਾਜ ਵੀਕਲੀ) (ਤਰਸੇਮ ਦੀਵਾਨਾ )  ਲੜਕੇ ਲੜਕੀਆਂ ਦੇ ਲਿੰਗ ਅਨੁਪਾਤ ਨੂੰ ਬਰਾਬਰ ਕਰਨ ਅਤੇ ਇੱਕ ਸਮਾਨਤਾ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ ਜੀ ਦੀ ਪ੍ਰਧਾਨਗੀ ਹੇਠ ਪੀਸੀਪੀਐਨਡੀਟੀ ਤਹਿਤ ਅੱਜ ਦਫਤਰ ਸਿਵਲ ਸਰਜਨ ਵਿਖੇ ‘ਧੀਆਂ ਦੀ ਲੋਹੜੀ ਸਮਾਗਮ’ ਕਰਵਾਇਆ ਗਿਆ। ਇਸ ਸਮਾਗਮ ਵਿੱਚ 11 ਨਵਜੰਮੀਆਂ ਬੱਚੀਆਂ ਦੀ ਲੋਹੜੀ ਪਾਈ ਗਈ ਅਤੇ ਬੱਚੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਧੀਆ ਕਾਰਗੁਜ਼ਾਰੀ ਵਾਲੀਆਂ 4 ਆਸ਼ਾ ਵਰਕਰਾਂ ਨੂੰ ਵੀ ਕੋਟੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਰੋਹ ਵਿੱਚ ਏਐਨਐਮ ਟ੍ਰੇਨਿੰਗ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਸਿਹਤ ਸਕੀਮਾਂ ਪ੍ਰਤੀ ਜਾਗਰੂਕ ਕਰਦਾ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਸਭ ਨੂੰ ਲੋਹੜੀ ਵੀ ਵੰਡੀ ਗਈ।ਲੋਹੜੀ ਦੇ ਸਮਾਰੋਹ ਵਿੱਚ ਸੰਬੋਧਨ ਕਰਦਿਆਂ ਡਾ. ਪਵਨ ਕੁਮਾਰ ਸ਼ਗੋਤਰਾ ਨੇ ਲੋਹੜੀ ਦੀ ਮਹੱਤਤਾ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਧੀਆਂ ਦੀ ਲੋਹੜੀ ਪਾਉਣ ਦੇ ਇਸ ਉਪਰਾਲੇ ਨਾਲ ਜਿੱਥੇ ਭਰੂਣ ਹੱਤਿਆ ਨੂੰ ਠੱਲ ਪਾਉਣ ਵਿੱਚ ਮਦਦ ਮਿਲੇਗੀ ਉੱਥੇ ਲੋਕਾਂ ਦੇ ਮਨਾ ਵਿੱਚ ਵੀ ਲੜਕੀਆਂ ਪ੍ਰਤੀ ਇੱਕ ਸੱਚੀ ਸੁਚੀ ਸੋਚ ਨੂੰ ਬਲ ਮਿਲੇਗਾ ਕਿਉਂਕਿ ਲੜਕੀਆਂ ਹੀ ਸਾਡੇ ਸਮਾਜ ਦਾ ਆਧਾਰ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਮਾਦਾ ਭਰੂਣ ਹੱਤਿਆ ਰੋਕਣ ਲਈ ਪੀ.ਸੀ. ਪੀ.ਐਨ.ਡੀ.ਟੀ. ਐਕਟ ਅਧੀਨ ਕਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਵਿੱਚ ਹੋਰ ਸੁਧਾਰ ਕਰਨ ਲਈ ਸਾਨੂੰ ਆਪਣੀ ਸੋਚ ਵਿੱਚ ਬਦਲਾਅ ਲਿਆਉਣ ਦੀ ਜਰੂਰਤ ਹੈ ਤਾਂ ਕਿ ਕੁੜੀਆਂ ਨੂੰ ਅਸੀਂ ਵਧੀਆ ਸੋਚ ਦੇ ਨਾਲ ਮਜਬੂਤ ਬਣਾਈਏ। ਸਿਵਲ ਸਰਜਨ ਨੇ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਜਿਸ ਤਰ੍ਹਾਂ ਅਸੀਂ ਆਪਣੇ ਲੜਕਿਆਂ ਦੀ ਲੋਹੜੀ ਪੂਰੀ ਧੂਮ ਧਾਮ ਨਾਲ ਮਨਾਉਂਦੇ ਹਾਂ ਇਸ ਸੋਚ ਨਾਲ ਕਿ ਉਹ ਉਹਨਾਂ ਦਾ ਸਹਾਰਾ ਬਣੇਗਾ, ਜੇਕਰ ਇਹੀ ਸੋਚ ਅਸੀਂ ਆਪਣੀਆਂ ਲੜਕੀਆਂ ਲਈ ਅਪਣਾਈਏ, ਉਹਨਾਂ ਨੂੰ ਪੜਾਈਏ ਅਤੇ ਲੜਕਿਆਂ ਬਰਾਬਰ ਪਾਲਣ ਪੋਸ਼ਣ ਕਰੀਏ ਤਾਂ ਲੜਕੀਆਂ ਵੀ ਸਮਾਜ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਕੇ ਇਸ ਸਮਾਜ ਨੂੰ ਖੁਸ਼ਹਾਲ ਅਤੇ ਬੁਢਾਪੇ ਵਿੱਚ ਆਪਣੇ ਮਾਂ ਬਾਪ ਦਾ ਸਹਾਰਾ ਬਣ ਸਕਦੀਆਂ ਹਨ। ਧੀਆਂ ਦੀ ਲੋਹੜੀ ਸਮਾਗਮ ਵਿੱਚ ਸਹਾਇਕ ਸਿਵਲ ਸਰਜਨ ਡਾ ਕਮਲੇਸ਼ ਕੁਮਾਰੀ, ਸੀਨੀਅਰ ਮੈਡੀਕਲ ਅਫਸਰ ਡਾ ਕੁਲਦੀਪ ਸਿੰਘ, ਜਿਲਾ ਐਪੀਡਮੋਲਜਿਸਟ ਡਾ ਜਗਦੀਪ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਤ੍ਰਿਪਤਾ ਦੇਵੀ, ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ, ਸੁਪਰਡੈੰਟ ਮਨੋਹਰ  ਸਿੰਘ, ਏ.ਐਨ.ਐਮ ਟ੍ਰੇਨਿੰਗ ਸਕੂਲ ਦੇ ਪ੍ਰਿੰਸੀਪਲ ਸੁਖਵਿੰਦਰ ਕੌਰ ਤੇ ਸਮੂਹ ਸਟਾਫ ਦਾ ਪੂਰਣ ਸਹਿਯੋਗ ਰਿਹਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੇਂਟ ਕਬੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੱਗਰਾਂ ਵਿਖ਼ੇ ਲੋਹੜੀ ਦਾ ਤਿਓਹਾਰ ਧੂਮਧਾਮ ਨਾਲ ਮਨਾਇਆ : ਡਾ ਆਸ਼ੀਸ਼ ਸ਼ਰੀਨ
Next articleਸਾਡੀਆਂ ਧੀਆਂ ਪਰਿਵਾਰ ਅਤੇ ਸੂਬੇ ਦਾ ਮਾਣ ਵਧਾ ਰਹੀਆਂ ਹਨ-ਡਾ. ਰਾਜ ਕੁਮਾਰ