*ਦੋ ਨਸ਼ਾ ਤਸਕਰਾਂ ਦੇ ਘਰਾਂ ਨੂੰ ਜੇ. ਸੀ. ਬੀ ਨਾਲ ਕੀਤਾ ਢਹਿ ਢੇਰੀ*ਮੌਕੇ ‘ਤੇ ਪਹੁੰਚੇ ਐੱਸ. ਐੱਸ. ਪੀ ਜਲੰਧਰ ਦਿਹਾਤੀ ਹਰਕਮਲਪ੍ਰੀਤ ਸਿੰਘ ਖੱਖ, ਐੱਸ. ਪੀ. ਡੀ ਮੁਖਤਿਆਰ ਰਾਏ ਤੇ ਪੰਚਾਇਤ ਵਿਭਾਗ ਦੇ ਅਫਸਰ*ਪਿੰਡ ਖਾਨਪੁਰ ਵਿਖੇ ਮਾਹੌਲ ਹੋਇਆ ਤਣਾਪੂਰਨ*ਭਾਰੀ ਗਿਣਤੀ ‘ਚ ਪੁਲਿਸ ਫੋਰਸ ਤਾਇਨਾਤ*ਵਿਰੋਧ ਕਰਨ ਵਾਲਿਆਂ ਨੂੰ ਲਿਆ ਹਿਰਾਸਤ ‘ਚ*ਕਥਿਤ ਦੋਸ਼ੀ ਦੀ ਮਾਂ ਦੀ ਵੀ ਜੇਲ’ਚ ਹੋ ਚੁੱਕੀ ਹੈ ਮੌਤ*
ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਉਦੇਸ਼ ਨਾਲ ‘ਯੁੱਧ ਨਸ਼ੇ ਵਿਰੁੱਧ’ ਮੁਹਿੰਮ ਦੇ ਤਹਿਤ ਜਿਲਾ ਜਲੰਧਰ ਦਿਹਾਤੀ ਦੀ ਪੁਲਿਸ ਵਲੋਂ ਵੱਡੀ ਕਾਰਵਾਈ ਕਰਦੇ ਹੋਏ ਅੱਪਰਾ ਇਲਾਕੇ ਦੇ ਦੋ ਪਿੰਡਾਂ ਖਾਨਪੁਰ ਤੇ ਪਿੰਡ ਮੰਡੀ ਵਿਖੇ ਐੱਸ. ਐੱਸ ਪੀ ਜਲੰਧਰ ਦਿਹਾਤੀ ਸ. ਹਰਕਮਲਪ੍ਰੀਤ ਸਿੰਘ ਖੱਖ, ਐੱਸ. ਪੀ. ਡੀ. ਸ੍ਰੀ ਮੁਖਤਿਆਰ ਰਾਏ ਦੀ ਅਗਵਾਈ ਹੇਠ ਡੀ. ਐੱਸ. ਪੀ ਫਿਲੌਰ ਸ. ਸਰਵਣ ਸਿੰਘ ਬੱਲ, ਐੱਸ. ਐੱਚ. ਓ ਫਿਲੌਰ ਸ੍ਰੀ ਸੰਜੀਵ ਕਪੂਰ ਤੇ ਸਬ ਇੰਸਪੈਕਟਰ ਸਾਹਿਬ ਮੀਤ ਸਿੰਘ ਚੌਂਕੀ ਇੰਚਾਰਜ ਅੱਪਰਾ ਦੀ ਟੀਮ ਨੇ ਦੋ ਨਸ਼ਾਂ ਤਸਕਰਾਂ ਦੇ ਘਰਾਂ ਨੂੰ ਜੇ. ਸੀ. ਬੀ ਦੁਆਰਾ ਢਹਿ ਢੇਰੀ ਕਰ ਦਿੱਤਾ ਗਿਆ | ਇਸ ਮੌਕੇ ਪੰਚਾਇਤ ਵਿਭਾਗ ਤੋਂ ਸੁਖਜਿੰਦਰ ਸਿੰਘ ਕਾਰਜਕਾਰੀ ਪੰਚਾਇਤ ਅਫਸਰ ਫਿਲੌਰ, ਸ. ਸੁਰਜੀਤ ਸਿੰਘ ਪੰਚਾਇਤ ਸੈਕਟਰੀ ਖਾਨਪੁਰ, ਰਮਨਦੀਪ ਸਿੰਘ ਪੰਚਾਇਤ ਸੈਕਟਰੀ ਮੰਡੀ ਵੀ ਹਾਜ਼ਰ ਸਨ | ਇਸ ਮੌਕੇ ਐੱਸ. ਐੱਸ ਪੀ ਜਲੰਧਰ ਦਿਹਾਤੀ ਸ. ਹਰਕਮਲਪ੍ਰੀਤ ਸਿੰਘ ਖੱਖ, ਡੀ. ਐੱਸ. ਪੀ ਫਿਲੌਰ ਸ. ਸਰਵਣ ਸਿੰਘ ਬੱਲ, ਐੱਸ. ਐੱਚ. ਓ ਫਿਲੌਰ ਸ੍ਰੀ ਸੰਜੀਵ ਕਪੂਰ ਥਾਣਾ ਮੁਖੀ ਫਿਲੌਰ ਨੇ ਦੱਸਿਆ ਕਿ ਪਿੰਡ ਖਾਨਪੁਰ ਦਾ ਰਹਿਣ ਵਾਲਾ ਜਸਵੀਰ ਸਿੰਘ ਉਰਫ ਸ਼ੀਰਾ ਪੁੱਤਰ ਦਲਵੀਰ ਸਿੰਘ ਪਿਛਲੇ ਕਾਫੀ ਸਮੇਂ ਤੋਂ ਨਸ਼ਾ ਤਸਕਰੀ ਦਾ ਕੰਮ ਕਰਦਾ ਆ ਰਿਹਾ ਹੈ | ਉਸਦੇ ਖਿਲਾਫ਼ ਪਹਿਲਾ ਮੁਕੱਦਮਾ 2007 ਵਿੱਚ ਦਰਜ ਹੋਇਆ ਸੀ ਤੇ ਉਸਦੇ ਖਿਲਾਫ਼ ਕੁਲ 3 ਮੁਕੱਦਮੇ ਦਰਜ ਹਨ ਤੇ ਉਕਤ ਦੋਸ਼ੀ ਮਾਣਯੋਗ ਅਦਾਲਤ ਵਲੋਂ ਭਗੌੜਾ ਕਰਾਰ ਦਿੱਤਾ ਹੋਇਆ ਹੈ | ਪੰਜਾਬ ਸਰਕਾਰ ਤੇ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੁਲਿਸ ਫੋਰਸ ਨੂੰ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਸੁਰੱਖਿਆ ਲਈ ਤਾਇਨਾਤ ਕੀਤਾ ਹੋਇਆ ਹੈ | ਐੱਸ. ਐੱਸ ਪੀ ਜਲੰਧਰ ਦਿਹਾਤੀ ਸ. ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਉਕਤ ਦੋਸ਼ੀ ਨੇ ਪੰਚਾਇਤਕੀ ਜ਼ਮੀਨ ‘ਤੇ ਧੱਕੇ ਨਾਲ ਨਜ਼ਾਇਜ਼ ਤੌਰ ‘ਤੇ ਕਬਜ਼ਾ ਕਰਕੇ ਨਸ਼ਾ ਤਸਕਰੀ ਦੇ ਮਾੜੇ ਰੁਪਇਅਆਂ ਨਾਲ ਘਰ ਬਣਾਇਆ ਹੋਇਆ ਹੈ, ਜੋ ਕਿ
ਢਹਿ ਢੇਰੀ ਕਰ ਦਿੱਤਾ ਗਿਆ | ਐੱਸ. ਐੱਸ. ਪੀ ਨੇ ਅੱਗੇ ਦੱਸਿਆ ਕਿ ਕਥਿਤ ਦੋਸ਼ੀ ਨੇ ਜੋ ਪੰਚਾਇਤੀ ਜ਼ਮੀਨ ‘ਤੇ ਨਜ਼ਾਇਜ਼ ਤੌਰ ‘ਤੇ ਘਰ ਬਣਾਇਆ ਹੋਇਆ ਹੈ, ਇਹ ਜਗਾ ਪ੍ਰਾਈਮ ਲੋਕੇਸ਼ਨ ‘ਤੇ ਸਥਿਤ ਹੈ ਤੇ ਇਸ ਦੀ ਕੀਮਤ ਲੱਖਾਂ ਰੁਪਏ ‘ਚ ਹੈ | ਉਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਤੇ ਪੁਲਿਸ ਵਿਭਾਗ ਦਾ ਨਸ਼ਾ ਤਸਕਰਾਂ ਨੂੰ ਸਾਫ਼ ਤੇ ਸਪੱਸ਼ਟ ਸੰਦੇਸ਼ ਹੈ ਕਿ ਉਹ ਜਾਂ ਤਾਂ ਨਸ਼ਾ ਵੇਚਣਾ ਛੱਡ ਦੇਣ ਜਾਂ ਫਿਰ ਪੰਜਾਬ ਛੱਡ ਦੇਣ | ਇਸ ਮੌਕੇ ‘ਤੇ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਜਸਵੀਰ ਸ਼ੀਰਾ ਦੀ ਰਿਸ਼ਤੇ ਵਿੱਚ ਚਾਚੀ ਤੇ ਮਾਸੀ ਲੱਗਦੀ ਪਰਮਜੀਤ ਪੰਮੋ ਪਤਨੀ ਸਵ. ਸੁੱਚਾ ਰਾਮ ਨੇ ਆਕੇ ਘਰ ਨੂੰ ਢਾਹੁਣ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ | ਪਰਮਜੀਤ ਪੰਮੋ ਨੇ ਕਿਹਾ ਕਿ ਇਸ ਘਰ ‘ਚ ਮੇਰਾ ਵੀ ਹਿੱਸਾ ਹੈ | ਕੁਝ ਸਮਾਂ ਪਹਿਲਾ ਮੇਰੇ ਪਤੀ ਦੀ ਮੌਤ ਹੋ ਗਈ ਸੀ, ਜਿਸ ਕਾਰਣ ਮੈਂ ਆਪਣੇ ਬੱਚਿਆਂ ਦੇ ਨਾਲ ਆਪਣੇ ਮਾਪਿਆਂ ਦੇ ਪਿੰਡ ਰਹਿਣ ਲੱਗ ਪਈ | ਇਸ ਮੌਕੇ ਜਦੋਂ ਪੰਮੋ ਤੇ ਉਸਦੇ ਹੋਰ ਸਾਥੀ ਰਿਸ਼ਤੇਦਾਰਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤਾਂ ਪੁਲਿਸ ਫੋਰਸ ਨੇ ਪੰਮੋ ਤੇ ਉਸਦੇ ਹੋਰ ਰਿਸ਼ਤੇਦਾਰਾਂ ਨੂੰ ਹਿਰਾਸਤ ਵਿੱਚ ਲੈ ਲਿਆ | ਇਸ ਮੌਕੇ ਇਕੱਤਰ ਪਿੰਡ ਵਾਸੀਆਂ ਨੇ ਦੱਸਿਆ ਕਿਜਸਵੀਰ ਸ਼ੀਰਾ ਦੇ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਸਦੀ ਆਪਣੀ ਪਤਨੀ ਦੇ ਨਾਲ ਤਲਾਕ ਹੋ ਗਿਆ ਸੀ | ਜਸਵੀਰ ਸ਼ੀਰਾ ਦੀ ਮਾਤਾ ‘ਤੇ ਵੀ ਨਸ਼ਾ ਤਸਕਰੀ ਦੇ ਮੁਕੱਦਮੇ ਦਰਜ ਸਨ ਤੇ ਉਸਦੀ ਮੌਤ ਵੀ ਜੇਲ ਵਿੱਚ ਹੀ ਹੋ ਗਈ ਸੀ |
ਇਸੇ ਹੀ ਤਰਾਂ ਪੂਰੀ ਪੁਲਿਸ ਫੋਰਸ ਨੇ ਦੂਸਰੀ ਵੱਡੀ ਕਾਰਵਾਈ ਕਰਦੇ ਹੋਏ ਪਿੰਡ ਮੰਡੀ ਦੀ ਰਹਿਣ ਵਾਲੀ ਭੋਲੀ ਪਤਨੀ ਸਵ. ਰਾਮ ਪਾਲ ਦਾ ਘਰ ਵੀ ਜੇ. ਸੀ. ਬੀ ਦੇ ਨਾਲ ਪੂਰੀ ਤਰਾਂ ਢਹਿ ਢੇਰੀ ਕਰ ਦਿੱਤਾ | ਇਸ ਮੌਕੇ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ ਸਰਵਣ ਸਿੰਘ ਬੱਲ, ਐੱਸ. ਐੱਚ ਓ ਫਿਲੌਰ ਸੰਜੀਵ ਕਪੂਰ ਤੇ ਸਬ ਇੰਸਪੈਕਟਰ ਸਾਹਿਬ ਮੀਤ ਸਿੰਘ ਚੌਂਕੀ ਇੰਚਾਰਜ ਅੱਪਰਾ ਨੇ ਦੱਸਿਆ ਕਿ ਭੋਲੀ ਦੇ ਖਿਲਾਫ਼ ਵੀ ਕੁਲ 7 ਮੁਕੱਦਮੇ ਦਰਜ ਹਨ ਤੇ ਇਸਦੇ ਖਿਲਾਫ਼ ਪਹਿਲਾਂ ਨਸ਼ਾ ਤਸਕਰੀ ਦਾ ਮੁਕੱਦਮਾ 2005 ਵਿੱਚ ਦਰਜ ਕੀਤਾ ਗਿਆ ਸੀ | ਹਾਲ ਦੀ ਘੜੀ ਇਹ ਪਿੰਡ ਆਪਣੇ ਘਰ ‘ਚ ਹੀ ਰਹਿ ਰਹੀ ਹੈ | ਇਸ ਨੇ ਵੀ ਉਕਤ ਘਰ ਨਸ਼ਾ ਤਸਕਰੀ ਦੀ ਭੈੜੀ ਕਮਾਈ ਨਾਲ ਪੰਚਾਇਤੀ ਜ਼ਮੀਨ ਛੱਪੜ ‘ਤੇ ਨਜ਼ਾਇਜ਼ ਕਬਜ਼ਾ ਕਰਕੇ ਬਣਾਇਆ ਸੀ, ਜੋ ਕਿ ਸਰਕਾਰ ਤੇ ਪ੍ਰਸ਼ਾਸ਼ਨ ਦੇ ਹੁਕਮਾਂ ‘ਤੇ ਢਹਿ ਢੇਰੀ ਕਰ ਦਿੱਤਾ ਗਿਆ | ਡੀ. ਐੱਸ. ਪੀ ਸਰਵਣ ਸਿੰਘ ਬੱਲ ਨੇ ਕਿਹਾ ਕਿ ਸਰਕਾਰ ਦਾ ਸਾਫ਼ ਤੇ ਸਪੱਸ਼ਟ ਸੰਦੇਸ਼ ਹੈ ਕਿ ਪੰਜਾਬ ਨੂੰ ‘ਯੁੱਧ ਨਸ਼ੇ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤ ਕਰਕੇ ਸਿਹਤ, ਵਿੱਦਿਆ ਤੇ ਖੇਡਾਂ ਦੇ ਖੇਤਰ ਵਿੱਚ ਅੱਗੇ ਲੈ ਕੇ ਜਾਣਾ ਹੈ | ਉਨਾਂ ਇਸ ਲਈ ਉਨਾਂ ਇਲਾਕੇ ਪੰਚਾਂ-ਸਰਪੰਚਾਂ ਤੇ ਇਲਾਕੇ ਦੇ ਲੋਕਾਂ ਤੋਂ ਵੀ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਉਹ ਸਮਾਜ ਨੂੰ ਸਿਹਤਮੰਦ ਤੇ ਸੰਤੁਲਿਤ ਬਣਾਉਣ ਲਈ ਪੁਲਿਸ ਵਿਭਾਗ ਤੇ ਪ੍ਰਸ਼ਾਸ਼ਨ ਦਾ ਸਹਿਯੋਗ ਦੇਣ | ਇਸ ਮੌਕੇ ਵੱਡੀ ਗਿਣਤੀ ਵਿੱਚ ਪੁਲਿਸ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ, ਇਲਾਕੇ ਦੇ ਪੰਚ, ਸਰਪੰਚ ਤੇ ਮੋਹਤਬਰ ਵੀ ਹਾਜ਼ਰ ਸਨ |