ਜ਼ਿਲਾ ਸਿਹਤ ਅਫਸਰ ਵੱਲੋਂ ਵੱਡੀ ਕਾਰਵਾਈ, ਫੂਡ ਸੇਫਟੀ ਟੀਮ ਨੂੰ ਨਾਲ ਲੈ ਕੇ 500 ਕਿਲੋਗ੍ਰਾਮ ਦੇ ਕਰੀਬ ਪਨੀਰ ਫੜਿਆ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਲੋਕਾਂ ਨੂੰ ਸਾਫ ਅਤੇ ਮਿਆਰੀ ਖਾਧ ਪਦਾਰਥ ਮੁੱਹਈਆ ਕਰਵਾਉਣ ਲਈ ਮਾਣਯੋਗ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਡਾ. ਅਭਿਨਵ ਤ੍ਰਿਖਾ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੁਸ਼ਿਆਰਪੁਰ ਫੂਡ ਸੇਫਟੀ ਟੀਮ ਵੱਲੋਂ ਵੱਖ ਵੱਖ ਥਾਵਾਂ ਤੇ ਖਾਧ ਪਦਾਰਥਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਜਿਲਾ ਸਿਹਤ ਅਫਸਰ ਡਾ: ਜਤਿੰਦਰ ਭਾਟੀਆ ਨੇ ਦੱਸਿਆ ਕਿ ਉਹਨਾਂ ਦੀ ਟੀਮ ਜਿਸ ਵਿਚ ਫੂਡ ਸੇਫਟੀ ਅਫਸਰ ਵਿਵੇਕ ਕੁਮਾਰ ਅਤੇ ਫੂਡ ਸੇਫਟੀ ਅਫ਼ਸਰ ਅਵਿਨਵ ਖੋਸਲਾ ਤੇ ਟੀਮ ਮੈਂਬਰ ਰਾਮ ਲੁਭਾਇਆ ਤੇ ਅਰਵਿੰਦਰ ਸਿੰਘ ਸ਼ਾਮਿਲ ਹਨ ਵਲੋਂ ਟਾਂਡਾ ਰੋਡ ਤੇ ਦੁਸੜਕਾ ਨੇੜੇ ਦੂਜੇ ਜ਼ਿਲਿਆਂ ਤੋਂ ਆ ਰਹੀਆਂ ਗੱਡੀਆਂ ਨੂੰ ਰੋਕ ਕੇ ਚੈਕਿੰਗ ਕੀਤੀ ਗਈ। ਇਸ ਦੌਰਾਨ ਇਕ ਵੱਡੇ ਟਰੱਕ ਨੂੰ ਰੋਕਿਆ ਗਿਆ ਜਿਸ ਵਿੱਚ 250 ਕਿਲੋਗ੍ਰਾਮ ਦੇ ਕਰੀਬ ਪਨੀਰ ਫੜਿਆ ਗਿਆ। ਮਿਲੀ ਗੁਪਤ ਸੂਚਨਾ ਅਨੁਸਾਰ ਇਸ ਸਥਾਨ ਦੇ ਇਕ ਨੇੜਲੇ ਪਿੰਡ ਫਤਿਹਪੁਰ ਦੇ ਇਕ ਗੋਦਾਮ ਵਿਚ ਟੀਮ ਵਲੋਂ ਗ੍ਰਾਹਕ ਬਣ ਕੇ ਛਾਪਾ ਮਰਿਆ ਗਿਆ ਤੇ ਉਸ ਗੋਦਾਮ ਵਿਚੋਂ ਵੀ 200 ਤੋਂ 250 ਕਿਲੋ ਦੇ ਕਰੀਬ ਪਨੀਰ ਫੜਿਆ ਗਿਆ। ਇਹਨਾਂ ਵੱਖ ਵੱਖ ਥਾਵਾਂ ਤੋਂ ਇਕੱਤਰ ਕੀਤੇ ਸੈਂਪਲ ਲੈਬ ਟੈਸਟ ਲਈ ਭੇਜ ਦਿੱਤੇ ਗਏ ਹਨ। ਸੈਂਪਲ ਦੀ ਰਿਪੋਰਟ ਆਉਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਜਿਲਾ ਸਿਹਤ ਅਫਸਰ ਡਾ ਜਤਿੰਦਰ ਭਾਟੀਆ ਨੇ ਦੱਸਿਆ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਵੱਖ ਵੱਖ ਟੀਮਾਂ ਬਣਾ ਕੇ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਮਿਲਾਵਟਖੋਰਾਂ ਵਿਰੋਧ ਸਿਹਤ ਵਿਭਾਗ ਵੱਲੋ ਵਿੱਢੀ ਗਈ ਇਸ ਮੁਹਿੰਮ ਵਿੱਚ ਇਹਨਾਂ ਖਿਲਾਫ ਸੂਚਨਾ ਦੇ ਕੇ ਆਪਣਾ ਬਣਦਾ ਹਿੱਸਾ ਪਾਉਣ ਤਾਂ ਜੋ ਲੋਕਾਂ ਨੂੰ ਸਹੀ ਤੇ ਮਿਆਰੀ ਖਾਧ ਪਦਾਰਥ ਮੁਹੱਈਆ ਕਰਵਾ ਸਕੀਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੂਕੋ ਬੈਂਕ, ਲੁਧਿਆਣਾ ਦੀਆਂ ਸ਼ਾਖਾਵਾਂ ਵੱਲੋਂ ਵਿਜੀਲੈਂਸ ਜਾਗਰੂਕਤਾ ਸਪਤਾਹ ਸਮਾਰੋਹ ਦਾ ਆਯੋਜਨ ਕੀਤਾ ਗਿਆ
Next articleਹਰ ਸ਼ੁਕਰਵਾਰ ਡੇਂਗੂ ਤੇ ਵਾਰ ਮੁਹਿੰਮ ਦੇ ਤਹਿਤ ਵੱਖ ਵੱਖ ਸਥਾਨਾਂ ਤੇ ਕੀਤੀਆਂ ਗਈਆਂ ਜਾਗਰੂਕਤਾ ਗਤੀਵਿਧੀਆਂ