ਜ਼ਿਲ੍ਹੇ ਦੇ ਸਮੂਹ ਸਕੂਲਾਂ ਵਿੱਚ ਮਨਾਇਆ ਜਾ ਰਿਹੈ ਸਵੱਛਤਾ ਪਖਵਾੜਾ, ਇਸ ਮੁਹਿੰਮ ਦਾ ਉਦੇਸ਼ ਸਕੂਲਾਂ ਵਿੱਚ ਸਫਾਈ ਪ੍ਰਬੰਧਾਂ ਨੂੰ ਮਜ਼ਬੂਤ ਕਰਨਾ- ਮਹਿੰਦਰਪਾਲ ਸਿੰਘ

ਬਠਿੰਡਾ (ਸਮਾਜ ਵੀਕਲੀ) ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਮਨਿੰਦਰ ਕੌਰ ਨੇ ਸਮੂਹ ਸਕੂਲਾਂ ਨੂੰ 1 ਸਤੰਬਰ ਤੋਂ 15 ਸਤੰਬਰ 2024 ਤੱਕ ‘ਸਵੱਛਤਾ ਪਖਵਾੜਾ’ ਮਨਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਮੁਹਿੰਮ ਦਾ ਉਦੇਸ਼ ਸਕੂਲਾਂ ਵਿੱਚ ਸਫਾਈ ਪ੍ਰਬੰਧਾਂ ਨੂੰ ਮਜ਼ਬੂਤ ਕਰਨਾ ਅਤੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਮਾਜ ਦੇ ਲੋਕਾਂ ਵਿੱਚ ਸਫਾਈ ਪ੍ਰਤੀ ਜਾਗਰੂਕਤਾ ਵਧਾਉਣਾ ਹੈ। ਇਸ ਸਬੰਧੀ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਹਿੰਦਰਪਾਲ ਸਿੰਘ ਵੱਲੋਂ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਸਵੱਛਤਾ ਪਖਵਾੜਾ 1 ਸਤੰਬਰ ਨੂੰ ‘ਸਵੱਛਤਾ ਸੰਕਲਪ ਦਿਵਸ’ ਵਜੋਂ ਸ਼ੁਰੂ ਕੀਤਾ ਜਾਵੇਗਾ। ਜਿੱਥੇ ਸਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਕੂਲ ਸਟਾਫ ਨੂੰ ਸਫ਼ਾਈ ਰੱਖਣ ਦੀ ਸਹੁੰ ਚੁਕਾਈ ਜਾਵੇਗੀ। ਇਸ ਮੁਹਿੰਮ ਤਹਿਤ ਸਫ਼ਾਈ ਨੂੰ ਪਹਿਲ ਦੇਣ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਇਹਨਾਂ ਵਿੱਚ ਮੁੱਖ ਤੌਰ ‘ਤੇ ਸਵੱਛਤਾ ਜਾਗਰੂਕਤਾ ਦਿਵਸ, ਗ੍ਰੀਨ ਸਕੂਲ ਡਰਾਈਵ ਅਤੇ ਸੈਨੀਟੇਸ਼ਨ ਐਕਸ਼ਨ ਪਲਾਨ ਸ਼ਾਮਲ ਹਨ। ‘ਸਵੱਛਤਾ ਜਾਗਰੂਕਤਾ ਦਿਵਸ’ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਸਵੱਛਤਾ ਅਤੇ ਕੂੜਾ ਪ੍ਰਬੰਧਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਦੌਰਾਨ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਸਕੂਲ ਦੀ ਚਾਰਦੀਵਾਰੀ ਅਤੇ ਆਲੇ-ਦੁਆਲੇ ਦੇ ਖੇਤਰ ਨੂੰ ਸਾਫ਼ ਰੱਖਣ ਲਈ ਸਾਰੇ ਲੋੜੀਂਦੇ ਉਪਰਾਲੇ ਕੀਤੇ ਜਾਣ। ‘ਗਰੀਨ ਸਕੂਲ ਡਰਾਈਵ’ ਤਹਿਤ ਵਿਦਿਆਰਥੀਆਂ ਨੂੰ ਸਲੋਗਨਾਂ, ਪੋਸਟਰਾਂ ਅਤੇ ਪੈਂਫਲਟਾਂ ਰਾਹੀਂ ਵਾਤਾਵਰਨ ਦੀ ਸੰਭਾਲ ਅਤੇ ਸਵੱਛਤਾ ਬਾਰੇ ਜਾਗਰੂਕ ਕੀਤਾ ਜਾਵੇਗਾ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਹੱਥਾਂ ਦੀ ਸਫਾਈ ਅਤੇ ਨਿੱਜੀ ਸਫਾਈ ਦੀ ਮਹੱਤਤਾ ਬਾਰੇ ਦੱਸਿਆ ਜਾਵੇਗਾ। ‘ਹੱਥ ਧੋਣ ਵਾਲੇ ਦਿਨਾਂ’ ਦੌਰਾਨ, ਵਿਦਿਆਰਥੀਆਂ ਨੂੰ ਨਿਯਮਿਤ ਤੌਰ ‘ਤੇ ਹੱਥ ਧੋਣ ਦੀ ਆਦਤ ਪੈਦਾ ਕਰਨ ਲਈ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਸਵੱਛਤਾ ਪਖਵਾੜਾ ਦੌਰਾਨ ਵੱਖ-ਵੱਖ ਮੁਕਾਬਲੇ ਵੀ ਕਰਵਾਏ ਜਾਣਗੇ, ਜਿਨ੍ਹਾਂ ਵਿੱਚ ਸਲੋਗਨ ਰਾਈਟਿੰਗ, ਪੇਂਟਿੰਗ, ਮਾਡਲ ਮੇਕਿੰਗ, ਕੁਇਜ਼, ਕਵਿਤਾ ਮੁਕਾਬਲੇ ਅਤੇ ਵਾਦ-ਵਿਵਾਦ ਸ਼ਾਮਲ ਹਨ। ਇਹ ਸਾਰੇ ਮੁਕਾਬਲੇ ਸਵੱਛਤਾ ਅਤੇ ਵਾਤਾਵਰਨ ਸੁਰੱਖਿਆ ਦੇ ਵਿਸ਼ਿਆਂ ‘ਤੇ ਆਧਾਰਿਤ ਹੋਣਗੇ। ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸਕੂਲਾਂ ਨੂੰ ਸਨਮਾਨਿਤ ਕੀਤਾ ਜਾਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਇੱਜਤਾਂ ਨੂੰ ਹੱਥ
Next articleਰੇਲ ਕੋਚ ਫੈਕਟਰੀ, ਨੇ ਐੱਮ ਈ ਟੀ ਐੱਚ ਟੀ ਐੱਸ 2024 ਵਿਚ ਪ੍ਰਦਰਸ਼ਨੀ ਲਗਾ ਕੇ ਵਾਹ ਵਾਹੀ ਲੁੱਟੀ