ਵਿਧਾਇਕ ਬਲਾਚੌਰ ਸੰਤੋਸ਼ ਕਟਾਰੀਆ ਨੇ ਮਿਸ਼ਨ ਵਾਤਸਲਿਆ ਸਕੀਮ ਤਹਿਤ 97 ਲਾਭਪਾਤਰੀਆਂ ਨੂੰ ਵੰਡੇ ਗਏ ਚੈੱਕ
ਬਲਾਚੌਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਡਾਇਰੈਕਟਰ,ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਸ਼ਨ ਵਾਤਸਲਿਆ ਸਕੀਮ ਅਧੀਨ ਸਪੋਂਸਰਸ਼ਿਪ ਸਕੀਮ ਤਹਿਤ ਜੀਰੋ ਤੋਂ 18 ਸਾਲ ਤੱਕ ਦੇ ਬੇਸਹਾਰਾ ਅਤੇ ਲੋੜਵੰਦ ਬੱਚਿਆਂ ਨੂੰ 4000 ਪ੍ਰਤੀ ਮਹੀਨਾ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਇਸ ਸਕੀਮ ਦਾ ਲਾਭ ਦੇਣ ਲਈ ਅੱਜ ਜਿਲਾ ਬਾਲ ਸੁਰੱਖਿਆ ਯੂਨਿਟ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਨਵਜੋਤ ਪਾਲ ਸਿੰਘ ਰੰਧਾਵਾ (ਆਈ.ਏ.ਐਸ) ਦੀ ਹਦਾਇਤਾਂ ਅਨੁਸਾਰ ਬਾਬਾ ਬਲਰਾਜ ਕਾਲਜ ਬਲਾਚੌਰ ਵਿਖੇ ਜ਼ਿਲਾ ਪੱਧਰੀ ਸਪੋਂਸਰਸ਼ਿਪ ਦਿਵਸ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੌਰਾਨ ਵਿਧਾਇਕ ਹਲਕਾ ਬਲਾਚੌਰ ਸ਼੍ਰੀਮਤੀ ਸੰਤੋਸ਼ ਕਟਾਰੀਆ ਅਤੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਰਾਜੀਵ ਵਰਮਾ (ਪੀ.ਸੀ.ਐਸ.) ਵੱਲੋਂ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ ਅਤੇ ਸਕੀਮ ਦਾ ਲਾਭ ਲੈ ਰਹੇ 97 ਲਾਭਪਾਤਰੀਆਂ ਨੂੰ ਸਕੀਮ ਅਧੀਨ ਵਿੱਤੀ ਲਾਭ (4000 ਰੁਪਏ ਪ੍ਰਤੀ ਮਹੀਨਾ) ਸਬੰਧੀ ਚੈੱਕ ਵੰਡੇ ਗਏ। ਵਿਧਾਇਕ ਹਲਕਾ ਬਲਾਚੌਰ ਸ਼੍ਰੀਮਤੀ ਸੰਤੋਸ਼ ਕਟਾਰੀਆ ਵੱਲੋਂ ਸਮਾਗਮ ਦੌਰਾਨ ਹਾਜ਼ਰ ਬੱਚਿਆਂ ਦੇ ਮਾਤਾ ਪਿਤਾ ਨੂੰ ਇਸਤਰੀ ਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਚਲਾਈ ਜਾ ਰਹੀ ਮਿਸ਼ਨ ਵਾਤਸੱਲੀਆ ਸਕੀਮ ਤਹਿਤ ਬੱਚਿਆਂ ਨੂੰ ਵਿੱਤੀ ਪੱਖੋਂ ਮਜਬੂਤ ਬਣਾਉਣ ਲਈ ਵੱਧ ਤੋਂ ਵੱਧ ਬੱਚਿਆਂ ਨੂੰ ਸਪੋਂਸਰਸ਼ਿਪ ਸਕੀਮ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਲੋੜਵੰਦ ਅਤੇ ਬੇਸਹਾਰਾ ਬੱਚਿਆਂ ਨੂੰ ਉਪਰੋਕਤ ਸਕੀਮ ਦਾ ਲਾਭ ਮਿਲ ਸਕੇ। ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਰਜੀਵ ਵਰਮਾ ਪੀ.ਸੀ.ਐਸ. ਵੱਲੋਂ ਜੂਵੇਨਾਈਲ ਜਸਟਿਸ ਐਕਟ ਨੂੰ ਸੁਚੱਜੇ ਢੰਗ ਨਾਲ ਜਿਲੇ ਵਿੱਚ ਲਾਗੂ ਕਰਨ ਲਈ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜਿਲਾ ਬਾਲ ਸੁਰੱਖਿਆ ਯੂਨਿਟ ਨਾਲ ਸੰਪਰਕ ਕਰਨ ਅਤੇ ਚਾਇਲਡ ਹੈਲਪਲਾਈਨ ਨੰਬਰ 1098 ਦੀ ਵਰਤੋਂ ਕਰਨ ਲਈ ਹਦਾਇਤ ਕੀਤੀ ਗਈ। ਜ਼ਿਲਾ ਬਾਲ ਸੁਰੱਖਿਆ ਅਫਸਰ ਸ੍ਰੀਮਤੀ ਕੰਚਨ ਅਰੋੜਾ ਵੱਲੋਂ ਦੱਸਿਆ ਗਿਆ ਕਿ ਸਪੋਂਸਰਸ਼ਿਪ ਸਕੀਮ ਦਾ ਲਾਭ ਇੱਕ ਪਰਿਵਾਰ ਦੇ ਜੀਰੋ ਤੋਂ 18 ਸਾਲ ਤੱਕ ਦੇ ਦੋ ਬੱਚਿਆਂ ਨੂੰ ਦਿੱਤਾ ਜਾ ਸਕਦਾ ਹੈ ਅਤੇ ਅਜੀਹੇ ਮਾਤਾ ਪਿਤਾ ਜੋ ਸਰੀਰਕ ਅਤੇ ਵਿੱਤੀ ਪੱਖੋਂ ਆਪਣੇ ਬੱਚਿਆਂ ਦਾ ਪਾਲਨ ਪੋਸ਼ਣ ਕਰਨ ਵਿੱਚ ਸਮਰੱਥ ਨਹੀਂ ਹਨ, ਇਸ ਦੇ ਨਾਲ ਹੀ ਸਿੰਗਲ ਪੇਰੈਂਟ, ਵਿਧਵਾ ਔਰਤ ਜਾਂ ਕਿਸੀ ਮੇਜਰ ਬਿਮਾਰੀ (ਜਿਵੇਂ ਕਿ ਕੈਂਸਰ ਟੀਬੀ ਆਦੀ) ਨਾਲ ਗ੍ਰਸਤ ਮਾਤਾ ਪਿਤਾ, ਉਹ ਬੱਚੇ ਜਿਸ ਦੇ ਮਾਤਾ ਪਿਤਾ ਜੇਲ ਵਿੱਚ ਹਨ ਅਤੇ ਜੋ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਨਹੀਂ ਕਰ ਸਕਦੇ ਹਨ, ਉਹ ਆਪਣੇ ਬੱਚਿਆਂ ਲਈ ਇਸ ਸਕੀਮ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਕੀਮ ਦਾ ਲਾਭ ਲੈਣ ਲਈ ਜ਼ਿਲਾ ਬਾਲ ਸੁਰੱਖਿਆ ਯੂਨਿਟ ਕਮਰਾ ਨੰਬਰ 413 ਜਿਲਾ ਪ੍ਰਬੰਧਕੀ ਕੰਪਲੈਕਸ ਤੀਜੀ ਮੰਜ਼ਿਲ ਤੇ ਸੰਪਰਕ ਕੀਤਾ ਜਾ ਸਕਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly