ਕਪੂਰਥਲਾ, (ਸਮਾਜ ਵੀਕਲੀ) ( ਕੌੜਾ )- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਨੇ ਸੋਮਵਾਰ ਨੂੰ ਜਨਤਕ ਸ਼ਿਕਾਇਤਾਂ ਨੂੰ ਪਾਰਦਰਸ਼ੀ ਅਤੇ ਸਮਾਂਬੱਧ ਤਰੀਕੇ ਨਾਲ ਪ੍ਰਾਪਤ ਅਤੇ ਮਸਲਿਆਂ ਦਾ ਢੁੱਕਵੇਂ ਨਿਪਟਾਰੇ ਲਈ ਸੀ.ਐਮ. ਵਿੰਡੋ ਦੀ ਸ਼ੁਰੂਆਤ ਕੀਤੀ।
ਆਮ ਲੋਕਾਂ ਦੀ ਸਹੂਲਤ ਲਈ ਡਿਪਟੀ ਕਮਿਸ਼ਨਰ ਦਫਤਰ ਦੀ ਮੁੱਖ ਐਂਟਰੀ ‘ਤੇ ਪ੍ਰਸ਼ਾਸਨ ਵਲੋੰ ਸਵਾਗਤ ਅਤੇ ਸਹਾਇਤਾ ਡੈਸਕ ਵੀ ਸਥਾਪਤ ਕੀਤਾ ਗਿਆ ਜਿੱਥੋਂ ਵੱਖ-ਵੱਖ ਦਫ਼ਤਰਾਂ ਨਾਲ ਸਬੰਧਤ ਕੰਮਾਂ ਲਈ ਲੋੜੀਂਦੀ ਜਾਣਕਾਰੀ ਹਾਸਲ ਕਰਨ ਦੇ ਨਾਲ਼-ਨਾਲ ਅਰਜ਼ੀਆਂ ਦਿੱਤੀਆਂ ਜਾ ਸਕਣਗੀਆਂ।
ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ.ਐਮ. ਵਿੰਡੋ ‘ਤੇ ਲੋਕਾਂ ਵਲੋੰ ਆਪਣੇ ਮਸਲਿਆਂ ਨਾਲ ਸੰਬੰਧਤ ਅਰਜ਼ੀਆਂ ਦਿੱਤੀਆਂ ਜਾ ਸਕਣਗੀਆਂ ਜਿਹੜੀਆਂ ਕਿ ਤਾਇਨਾਤ ਅਧਿਕਾਰੀ ਅੱਗੋਂ ਸੰਬੰਧਤ ਦਫਤਰ ਨੂੰ ਭੇਜਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸ਼ਿਕਾਇਤਾਂ/ਮਸਲਿਆਂ ਦਾ ਸਮਾਂਬੱਧ ਅਤੇ ਢੁੱਕਵਾਂ ਨਿਪਟਾਰਾ ਯਕੀਨੀ ਬਣਾਇਆ ਜਾਵੇਗਾ । ਉਨ੍ਹਾਂ ਦੱਸਿਆ ਕਿ ਸੀ. ਐਮ. ਵਿੰਡੋ ਅਤੇ ਰਿਸੈਪਸ਼ਨ ‘ਤੇ ਪ੍ਰਾਪਤ ਹੋਣ ਵਾਲੀ ਹਰੇਕ ਅਰਜ਼ੀ ਨੂੰ ਸਿਸਟਮ ‘ਚ ਦਰਜ ਅਤੇ ਰਿਕਾਰਡ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਕਿਹਾ ਕਿ ਨਾਗਰਿਕ ਆਪਣੀਆਂ ਸਮੱਸਿਆਵਾਂ ਅਤੇ ਸ਼ਿਕਾਇਤਾਂ ਮੁੱਖ ਮੰਤਰੀ ਵਿੰਡੋ ਅਤੇ ਰਿਸੈਪਸ਼ਨ ਜਾਂ ਹੈਲਪ ਡੈਸਕ ਰਾਹੀਂ ਸ਼ਿਕਾਇਤ ਦੀ ਮੌਜੂਦਾ ਸਥਿਤੀ ਤੋਂ ਵੀ ਜਾਣੂ ਹੋ ਸਕਣਗੇ। ਉਨ੍ਹਾਂ ਕਿਹਾ ਕਿ ਹੈਲਪ ਡੈਸਕ ‘ਤੇ ਲੋਕ ਆਸਾਨੀ ਨਾਲ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਸੀ.ਐਮ. ਵਿੰਡੋ ਅਤੇ ਹੈਲਪ ਡੈਸਕ ਦਾ ਉਦੇਸ਼ ਸ਼ਿਕਾਇਤਾਂ ਨੂੰ ਸੁਵਿਧਾਜਨਕ ਅਤੇ ਪਾਰਦਰਸ਼ੀ ਢੰਗ ਨਾਲ ਹੱਲ ਕਰਨਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸ਼ਿਕਾਇਤਾਂ ਅਤੇ ਮਸਲਿਆਂ ਦਾ ਤੁਰੰਤ ਨਿਪਟਾਰਾ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਬਿਨੈਕਾਰ ਨੂੰ ਉਹਨਾਂ ਦੇ ਮੁੱਦੇ ਜਮ੍ਹਾ ਕਰਵਾਉਣ ਤੋਂ ਬਾਅਦ ਉਸਦੇ ਦਿੱਤੇ ਗਏ ਮੋਬਾਈਲ ਨੰਬਰ ‘ਤੇ ਇੱਕ ਸੁਨੇਹਾ ਮਿਲੇਗਾ ਅਤੇ ਉਹ ਸਥਿਤੀ ਨੂੰ ਵੀ ਟਰੈਕ ਕਰ ਸਕਦਾ ਹੈ ਕਿਉਂਕਿ ਇਸ ਨੂੰ ਜਲਦੀ ਨਿਪਟਾਰੇ ਲਈ ਸਬੰਧਤ ਵਿਭਾਗਾਂ ਨੂੰ ਭੇਜਿਆ ਜਾਵੇਗਾ। ਪੰਚਾਲ ਨੇ ਕਿਹਾ ਕਿ ਉਹ ਨਿੱਜੀ ਤੌਰ ‘ਤੇ ਵਿੰਡੋ ਅਤੇ ਹੈਲਪ ਡੈਸਕ ਦੇ ਕੰਮਾਂ ਦੀ ਨਿਯਮਤ ਤੌਰ ‘ਤੇ ਨਿਗਰਾਨੀ ਕਰਨਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly