ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਸਰਕਾਰ ਨੇ ਅੱਜ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਐਡਵੋਕੇਟ ਜਨਰਲ ਨੂੰ ਹਟਾਏ ਜਾਣ ਦੇ ਮੁੱਦੇ ’ਤੇ ਠੰਢਾ ਛਿੜਕ ਦਿੱਤਾ ਹੈ। ਪੰਜਾਬ ਸਰਕਾਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਨੂੰ ਬੇਅਦਬੀ ਤੇ ਗੋਲੀਕਾਂਡ ਦੇ ਕੇਸਾਂ ਵਿੱਚ ਤੇਜ਼ੀ ਨਾਲ ਕਾਰਵਾਈ ਲਈ ਸਪੈਸ਼ਲ ਪਬਲਿਕ ਪ੍ਰਾਸੀਕਿਊਟਰ ਨਿਯੁਕਤ ਕੀਤਾ ਹੈ। ਇਸ ਨਿਯੁਕਤੀ ਤੋਂ ਇਹ ਜਾਪਦਾ ਹੈ ਕਿ ਹੁਣ ਐਡਵੋਕੇਟ ਜਨਰਲ ਨੂੰ ਬਦਲਣ ਦਾ ਮਾਮਲਾ ਮੱਠਾ ਪੈ ਗਿਆ ਹੈ।
ਮੁੱਖ ਮੰਤਰੀ ਚਰਨਜੀਤ ਚੰਨੀ, ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਹਰੀਸ਼ ਚੌਧਰੀ ਦਰਮਿਆਨ ਲੰਘੇ ਕੱਲ੍ਹ ਸਮਝੌਤਾ ਮੀਟਿੰਗ ਹੋਈ ਸੀ ਜਿਸ ’ਚ ਤਾਲਮੇਲ ਕਮੇਟੀ ਬਣਾਈ ਗਈ। ਮੀਟਿੰਗ ਮਗਰੋਂ ਪੰਜਾਬ ਸਰਕਾਰ ਵੱਲੋਂ ਅਧਿਕਾਰਤ ਤੌਰ ’ਤੇ ਕੁਝ ਨਹੀਂ ਕਿਹਾ ਗਿਆ ਹੈ ਅਤੇ ਨਾ ਹੀ ਹਾਈ ਕਮਾਂਡ ਨੇ ਇਸ ਮਾਮਲੇ ’ਤੇ ਜ਼ੁਬਾਨ ਖੋਲ੍ਹੀ ਹੈ। ਨਵਜੋਤ ਸਿੱਧੂ ਵੀ ਮੀਟਿੰਗ ਮਗਰੋਂ ਚੁੱਪ ਹਨ। ਭਾਵੇਂ ਨਵਜੋਤ ਸਿੱਧੂ ਦੇ ਕਾਂਗਰਸ ਦੇ ਪ੍ਰਧਾਨ ਬਣੇ ਰਹਿਣ ’ਤੇ ਕੋਈ ਸ਼ੱਕ ਨਹੀਂ ਰਿਹਾ ਪਰ ਸਿੱਧੂ ਵੱਲੋਂ ਉਠਾਏ ਮੁੱਦਿਆਂ ਦਾ ਕੀ ਬਣਿਆ, ਉਸ ਬਾਰੇ ਭੇਤ ਹੀ ਬਣਿਆ ਹੋਇਆ ਹੈ। ਸੂਤਰ ਆਖਦੇ ਹਨ ਕਿ ਬੇਅਦਬੀ ਤੇ ਗੋਲੀ ਕਾਂਡ ਮਾਮਲਿਆਂ ਦੇ ਕੇਸਾਂ ਲਈ ਸਪੈਸ਼ਲ ਪਬਲਿਕ ਪ੍ਰਾਸੀਕਿਊਟਰ ਲਾਏ ਜਾਣ ਤੋਂ ਐਡਵੋਕੇਟ ਜਨਰਲ ਬਦਲੇ ਜਾਣ ਦਾ ਮਾਮਲਾ ਠੰਢੇ ਬਸਤੇ ਵਿੱਚ ਪੈ ਗਿਆ ਜਾਪਦਾ ਹੈ।
ਨਵਜੋਤ ਸਿੱਧੂ ਵੱਲੋਂ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਦੇ ਉਠਾਏ ਮਾਮਲੇ ’ਤੇ ਪੰਜਾਬ ਸਰਕਾਰ ਨੇ ਲੰਘੇ ਕੱਲ੍ਹ ਹੀ ਯੂਪੀਐੱਸਸੀ ਨੂੰ 10 ਨਾਵਾਂ ਦਾ ਪੈਨਲ ਭੇਜ ਦਿੱਤਾ ਗਿਆ ਸੀ। ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਦੱਸਿਆ ਕਿ ਸ੍ਰੀ ਬੈਂਸ ਨੂੰ ਥਾਣਾ ਬਾਜਾਖਾਨਾ ਅਤੇ ਸਿਟੀ ਕੋਟਕਪੂਰਾ ਵਿੱਚ ਵੱਖ-ਵੱਖ ਤਰੀਕਾਂ ਨੂੰ ਦਰਜ ਚਾਰ ਕੇਸਾਂ ਵਿੱਚ ਟਰਾਇਲ ਕੋਰਟ/ਕੋਰਟਾਂ ਤੋਂ ਇਲਾਵਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸੂਬਾ ਸਰਕਾਰ ਤਰਫ਼ੋਂ ਪੈਰਵੀ ਕਰਨ ਲਈ ਸੀ.ਆਰ.ਪੀ.ਸੀ., 1973 ਦੀ ਧਾਰਾ 24 (8) ਅਧੀਨ ਨਿਯੁਕਤ ਕੀਤਾ ਗਿਆ ਹੈ।
ਗ੍ਰਹਿ ਮੰਤਰੀ ਰੰਧਾਵਾ ਨੇ ਕਿਹਾ ਕਿ ਫ਼ਰੀਦਕੋਟ ਦੇ ਥਾਣਾ ਬਾਜਾਖਾਨਾ ਵਿੱਚ 14 ਅਕਤੂਬਰ 2015 ਨੂੰ ਆਈ.ਪੀ.ਸੀ. ਦੀ ਧਾਰਾ 307, 435, 332, 333, 283, 186, 380, 188, 148, 149 ਅਤੇ ਅਸਲਾ ਐਕਟ 1959 ਦੀ ਧਾਰਾ 25, 27 ਅਤੇ ਪ੍ਰੀਵੈਨਸ਼ਨਜ਼ ਆਫ਼ ਡੈਮੇਜ ਆਫ਼ ਪਬਲਿਕ ਪ੍ਰਾਪਰਟੀ ਐਕਟ, 1984 ਦੀ ਧਾਰਾ 34 ਤਹਿਤ ਦਰਜ ਮੁਕੱਦਮਾ ਨੰਬਰ 129 ਅਤੇ ਇਸੇ ਤਰੀਕ ਨੂੰ ਥਾਣਾ ਸਿਟੀ ਕੋਟਕਪੂਰਾ ਵਿੱਚ ਆਈ.ਪੀ.ਸੀ. ਦੀ ਧਾਰਾ 409, 467, 195 ਅਤੇ 120-ਬੀ ਤਹਿਤ ਦਰਜ ਮੁਕੱਦਮਾ ਨੰਬਰ 192 ਵਿਚ ਨਵੇਂ ਨਿਯੁਕਤ ਸਪੈਸ਼ਲ ਪਬਲਿਕ ਪ੍ਰਾਸੀਕਿਊਟਰ ਸੂਬਾ ਸਰਕਾਰ ਦੀ ਪੈਰਵੀ ਕਰਨਗੇ। ਰੰਧਾਵਾ ਨੇ ਦੱਸਿਆ ਕਿ ਦੋ ਹੋਰ ਕੇਸਾਂ ਵਿੱਚ ਸ੍ਰੀ ਬੈਂਸ ਪੈਰਵੀ ਕਰਨਗੇ ਜਿਨ੍ਹਾਂ ਵਿੱਚ 21 ਅਕਤੂਬਰ 2015 ਨੂੰ ਥਾਣਾ ਬਾਜਾਖਾਨਾ ਵਿੱਚ ਤੇ 7 ਅਗਸਤ 2018 ਨੂੰ ਥਾਣਾ ਸਿਟੀ ਕੋਟਕਪੂਰਾ ਵਿੱਚ ਦਰਜ ਮੁਕੱਦਮਾ ਨੰਬਰ 129 ਸ਼ਾਮਲ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly