- ਆਸੀਆਨ-ਭਾਰਤ ਸਿਖ਼ਰ ਸੰਮੇਲਨ ਦੌਰਾਨ ਹੋਈ ਦੋਵਾਂ ਆਗੂਆਂ ਦੀ ਮੁਲਾਕਾਤ
- ਜੀ20 ਸੰਮੇਲਨ ਦੌਰਾਨ ਮੋਦੀ ਅਤੇ ਬਾਇਡਨ ਦੀ ਬੈਠਕ ਦੀ ਸੰਭਾਵਨਾ
ਨੌਮ ਪੇਨ (ਸਮਾਜ ਵੀਕਲੀ): ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਇੱਥੇ ਅਮਰੀਕਾ ਦੇ ਆਪਣੇ ਹਮਰੁਤਬਾ ਐਂਟਨੀ ਬਲਿੰਕਨ ਨਾਲ ਮੁਲਾਕਾਤ ਕੀਤੀ। ਇਸ ਮੌਕੇ ਦੋਵਾਂ ਆਗੂਆਂ ਨੇ ਦੁਵੱਲੇ ਸਬੰਧਾਂ, ਯੂਕਰੇਨ ਸੰਕਟ, ਜੀ20 ਅਤੇ ਰਣਨੀਤਕ ਹਿੰਦ-ਪ੍ਰਸ਼ਾਂਤ ਖੇਤਰ ਜਿਹੇ ਮੁੱਦਿਆਂ ਉਤੇ ਵਿਚਾਰ-ਚਰਚਾ ਕੀਤੀ। ਦੱਸਣਯੋਗ ਹੈ ਕਿ ਆਉਣ ਵਾਲੇ ਦਿਨਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦਰਮਿਆਨ ਮੁਲਾਕਾਤ ਹੋਣ ਦੀ ਵੀ ਸੰਭਾਵਨਾ ਹੈ। ਦੋਵੇਂ ਆਗੂ ਇੰਡੋਨੇਸ਼ੀਆ ਦੇ ਬਾਲੀ ਵਿਚ 15-16 ਨਵੰਬਰ ਨੂੰ ਹੋਣ ਵਾਲੇ ਜੀ20 ਸਿਖ਼ਰ ਸੰਮੇਲਨ ਦੌਰਾਨ ਮਿਲ ਸਕਦੇ ਹਨ। ਜੈਸ਼ੰਕਰ ਤੇ ਬਲਿੰਕਨ ਦੀ ਮੀਟਿੰਗ ਕੰਬੋਡੀਆ ਦੀ ਰਾਜਧਾਨੀ ਨੌਮ ਪੇਨ ਵਿਚ ਆਸੀਆਨ-ਭਾਰਤ ਸਿਖ਼ਰ ਸੰਮੇਲਨ ਦੌਰਾਨ ਹੋਈ।
ਜੈਸ਼ੰਕਰ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੇ ਨਾਲ ਯਾਤਰਾ ਉਤੇ ਆਏ ਹਨ ਜੋ ਇੱਥੇ ਆਸੀਆਨ-ਭਾਰਤ ਸਿਖ਼ਰ ਸੰਮੇਲਨ ਤੇ 17ਵੇਂ ਪੂਰਬੀ ਏਸ਼ੀਆ ਸੰਮੇਲਨ ਵਿਚ ਭਾਰਤੀ ਵਫ਼ਦ ਦੀ ਅਗਵਾਈ ਕਰ ਰਹੇ ਹਨ। ਬਲਿੰਕਨ ਨੇ ਟਵੀਟ ਕਰਦਿਆਂ ਕਿਹਾ ਕਿ ਉਨ੍ਹਾਂ ਪੂਰਬੀ ਏਸ਼ੀਆ ਸਿਖ਼ਰ ਸੰਮੇਲਨ ਵਿਚ ਭਾਰਤ ਦੇ ਵਿਦੇਸ਼ ਮੰਤਰੀ ਨਾਲ ਯੂਕਰੇਨ ਜੰਗ ਬਾਰੇ ਗੱਲਬਾਤ ਕੀਤੀ ਹੈ। ਜੰਗ ਦੇ ਅਸਰਾਂ ਨੂੰ ਘਟਾਉਣ ਬਾਰੇ ਤੇ ਭਾਈਵਾਲੀ ਹੋਰ ਮਜ਼ਬੂਤ ਕਰਨ ਬਾਰੇ ਵੀ ਵਿਚਾਰ-ਚਰਚਾ ਹੋਈ ਹੈ। ਅਮਰੀਕਾ ਨੇ ਇਸ ਮੌਕੇ ਜੀ20 ਦੀ ਪ੍ਰਧਾਨਗੀ ਲਈ ਭਾਰਤ ਦਾ ਸਮਰਥਨ ਵੀ ਕੀਤਾ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਭਾਰਤ ਦੇ ਵਿਦੇਸ਼ ਮੰਤਰੀ ਨੇ ਰੂਸੀ ਹਮਰੁਤਬਾ ਸਰਗੇਈ ਲਾਵਰੋਵ ਨਾਲ ਵੀ ਮੁਲਾਕਾਤ ਕੀਤੀ ਸੀ। ਜੈਸ਼ੰਕਰ ਨੇ ਸ਼ਨਿਚਰਵਾਰ ਰਾਤਰੀ ਭੋਜ ਦੇ ਅੰਤ ਵਿਚ ਸੰਯੁਕਤ ਰਾਸ਼ਟਰ ਮੁਖੀ ਅੰਤੋਨੀਓ ਗੁਟੇਰੇਜ਼ ਨਾਲ ਵੀ ਮੁਲਾਕਾਤ ਕੀਤੀ ਸੀ।
ਅਮਰੀਕਾ ਦੇ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ ਨੇ ਕਿਹਾ ਹੈ ਕਿ ਰਾਸ਼ਟਰਪਤੀ ਬਾਇਡਨ ਤੇ ਪ੍ਰਧਾਨ ਮੰਤਰੀ ਮੋਦੀ ਵਿਚਾਲੇ ਉਸਾਰੂ ਰਿਸ਼ਤਾ ਹੈ। ਸੁਲੀਵਨ ਨੇ ਕਿਹਾ ਕਿ ਰਾਸ਼ਟਰਪਤੀ ਬਾਇਡਨ ਜੀ20 ਸੰਮੇਲਨ ਦੌਰਾਨ ਮੋਦੀ ਨੂੰ ਮਿਲਣ ਦੇ ਇੱਛੁਕ ਹਨ। ਉਨ੍ਹਾਂ ਕਿਹਾ ਕਿ ਕਈ ਗੰਭੀਰ ਮੁੱਦਿਆਂ ’ਚ ਦੋਵਾਂ ਆਗੂਆਂ ਦੀ ਦਿਲਚਸਪੀ ਸਾਂਝੀ ਹੈ। ਦੱਸਣਯੋਗ ਹੈ ਕਿ ਭਾਰਤ ਅਗਲੇ ਸਾਲ ਜੀ20 ਦੀ ਪ੍ਰਧਾਨਗੀ ਲਏਗਾ ਤੇ ਅਮਰੀਕੀ ਰਾਸ਼ਟਰਪਤੀ ਭਾਰਤ ਦੌਰੇ ਉਤੇ ਆ ਸਕਦੇ ਹਨ। ਕੰਬੋਡੀਆ ਵਿਚ ਜੈਸ਼ੰਕਰ ਨੇ ਥਾਈਲੈਂਡ ਤੇ ਕੈਨੇਡਾ ਦੇ ਆਗੂਆਂ ਨਾਲ ਵੀ ਮੁਲਾਕਾਤ ਕੀਤੀ ਹੈ। ਇਕ ਟਵੀਟ ਵਿਚ ਜੈਸ਼ੰਕਰ ਨੇ ਕਿਹਾ ਕਿ ਉਨ੍ਹਾ ਕੈਨੇਡਾ ਦੇ ਆਗੂਆਂ ਕੋਲ ਅਤਿਵਾਦ ਤੇ ਕੱਟੜਵਾਦ ਦੇ ਮੁੱਦੇ ਉਠਾਏ ਹਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly