(ਸਮਾਜ ਵੀਕਲੀ)
ਲਗਭੱਗ ਤਿੰਨ – ਚਾਰ ਦਹਾਕੇ ਪਹਿਲਾਂ ਹਰ ਖ਼ੁਸ਼ੀ – ਗ਼ਮੀ , ਵਿਆਹ , ਜਨਮ – ਦਿਨ ਜਾਂ ਹੋਰ ਪ੍ਰੋਗਰਾਮਾਂ ਸਮੇਂ ਆਏ – ਗਏ ਮਹਿਮਾਨਾਂ ਆਦਿ ਨੂੰ ਭੋਜਨ ਖੁਆਉਣ ਲਈ ਡੂਨੇ – ਪੱਤਲਾਂ ਦੀ ਵਰਤੋਂ ਆਮ ਕੀਤੀ ਜਾਂਦੀ ਹੁੰਦੀ ਸੀ , ਭਾਵੇਂ ਕੋਈ ਗ਼ਰੀਬ ਹੋਵੇ ਜਾਂ ਅਮੀਰ। ਡੂਨੇ ਅਤੇ ਪੱਤਲਾਂ ਆਮ ਤੌਰ ‘ਤੇ ਪਲਾਸ ਢਾਕ , ਢੇਸੂ ਜਾਂ ਟੌਰ ਰੁੱਖ ਦੇ ਪੱਤਿਆਂ ਤੋਂ ਤਿਆਰ ਕੀਤੇ ਜਾਂਦੇ ਸਨ।
ਡੂਨੇ – ਪੱਤਲਾਂ ਮਾਨਵ ਦੀ ਸਿਹਤ ਲਈ ਵੀ ਸਹੀ ਅਤੇ ਅਨੁਕੂਲ ਸਨ ਅਤੇ ਵਾਤਾਵਰਣ , ਪਸ਼ੂ – ਪੰਛੀਆਂ ਆਦਿ ਲਈ ਵੀ ਖ਼ਤਰਨਾਕ ਅਤੇ ਨੁਕਸਾਨਦੇਹ ਨਹੀਂ ਸਨ ਹੁੰਦੇ। ਇਹ ਡੂਨੇ – ਪੱਤਲਾਂ ਗਲਣਯੋਗ ਹੁੰਦੇ ਹਨ ਅਤੇ ਕਿਸੇ ਜਾਨਵਰ ਵੱਲੋਂ ਖਾਧੇ ਜਾਣ ‘ਤੇ ਉਸ ਲਈ ਨੁਕਸਾਨਦਾਇਕ ਵੀ ਨਹੀਂ ਹੁੰਦੇ। ਸਿੱਧੇ – ਅਸਿੱਧੇ ਤੌਰ ‘ਤੇ ਡੂਨੇ – ਪੱਤਲਾਂ ਲੋਕਾਂ ਲਈ ਰੁਜ਼ਗਾਰ ਦਾ ਸਾਧਨ ਵੀ ਬਣੇ ਹੋਏ ਸਨ। ਖ਼ਰਚ ਪੱਖੋਂ ਵੀ ਇਹ ਡੂਨੇ – ਪੱਤਲਾਂ ਹਰ ਕਿਸੇ ਦੀ ਸਮਰੱਥਾ ਅਤੇ ਪਹੁੰਚ ਵਿੱਚ ਸਨ।
ਕੋਈ ਵੀ ਗ਼ਰੀਬ – ਅਮੀਰ ਇਹਨਾਂ ਨੂੰ ਬੜੀ ਆਸਾਨੀ ਨਾਲ ਖ਼ਰੀਦ ਸਕਦਾ ਸੀ। ਡੂਨੇ – ਪੱਤਲਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਮਨੁੱਖ ਨੂੰ ਕੁਦਰਤ ਨਾਲ ਵੀ ਜੋੜੀ ਰੱਖਿਆ ਸੀ। ਇਹ ਰੁੱਖਾਂ ਪ੍ਰਤੀ ਸਾਡੀ ਸੋਚ ਅਤੇ ਉਨ੍ਹਾਂ ਦੇ ਪ੍ਰਸਾਰ ਤੇ ਸਾਂਭ – ਸੰਭਾਲ ਸਬੰਧੀ ਵੀ ਹਿਤੈਸ਼ੀ ਸਨ। ਡੂਨੇ – ਪੱਤਲਾਂ ਵਿੱਚ ਰੱਖ ਕੇ ਖਾਧਾ ਭੋਜਨ ਸਰੀਰ ਲਈ ਗੁਣਕਾਰੀ ਹੁੰਦਾ ਸੀ , ਜਿਵੇਂ : ਕੇਰਲਾ ਆਦਿ ਰਾਜਾਂ ਵਿੱਚ ਕੇਲੇ ਦੇ ਪੱਤਿਆਂ ‘ਤੇ ਭੋਜਨ ਪਰੋਸਿਆ ਜਾਂਦਾ ਹੈ।
ਡੂਨੇ – ਪੱਤਲਾਂ ਵਿੱਚ ਬਚਿਆ ਹੋਇਆ ਜੂਠਾ ਭੋਜਨ ਖਾਣ ਨਾਲ ਪਸ਼ੂ – ਪੰਛੀਆਂ ਜਾਂ ਹੋਰ ਜਾਨਵਰਾਂ ਨੂੰ ਕੋਈ ਨੁਕਸਾਨ ਵੀ ਨਹੀਂ ਸੀ ਹੁੰਦਾ। ਡੂਨੇ – ਪੱਤਲਾਂ ਨੂੰ ਅਕਸਰ ਵਰਤੋਂ ਕਰਨ ਤੋਂ ਬਾਅਦ ਲੋਕ ਗੋਬਰ ਦੇ ਢੇਰ ‘ਤੇ ਜਾਂ ਆਮ ਕੂੜੇ – ਕਰਕਟ ਵਾਲੀ ਥਾਂ ‘ਤੇ ਸੁੱਟ ਦਿੰਦੇ ਸਨ ; ਕਿਉਂਕਿ ਇਹ ਪੂਰੀ ਤਰ੍ਹਾਂ ਗਲਣਸ਼ੀਲ ਹੁੰਦੇ ਹਨ ਤੇ ਵਾਤਾਵਰਣ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੇ। ਇਸ ਦੀ ਕੁਦਰਤੀ ਖਾਦ ਵੀ ਬਣਾ ਲਈ ਜਾਂਦੀ ਸੀ , ਪਰ ਜਿਵੇਂ – ਜਿਵੇਂ ਮਨੁੱਖ ਨੇ ਤਰੱਕੀ ਕੀਤੀ ਮਸ਼ੀਨੀਕਰਨ ਤੇ ਉਦਯੋਗੀਕਰਨ ਨੇ ਪੈਰ ਪਸਾਰੇ ਤੇ ਸ਼ਹਿਰੀਕਰਨ ਹੁੰਦਾ ਗਿਆ , ਮਨੁੱਖ ਨੇ ਡੂਨੇ – ਪੱਤਲਾਂ ਨੂੰ ਵਿਸਾਰ ਦਿੱਤਾ ਅਤੇ ਥਰਮੋਕੋਲ ਦੇ ਕੌਲੀਆਂ , ਗਿਲਾਸ , ਚਮਚੇ , ਥਾਲੀਆਂ ਅਤੇ ਪੌਲੀਥੀਨ ਦੀ ਵਰਤੋਂ ‘ਤੇ ਜ਼ੋਰ ਵਧਾ ਦਿੱਤਾ।
ਇਸ ਨਾਲ ਇੱਕ ਤਾਂ ਸਾਡੀ ਸਿਹਤ ‘ਤੇ ਬੁਰਾ ਅਸਰ ਪਿਆ ਅਤੇ ਵਾਤਾਵਰਣ ਨਾਲ ਵੀ ਖਿਲਵਾੜ ਹੋਣਾ ਸ਼ੁਰੂ ਹੋ ਗਿਆ। ਦੂਜਾ , ਡੂਨੇ – ਪੱਤਲਾਂ ਤਿਆਰ ਕਰਨ ਵਾਲਿਆਂ ਦਾ ਰੁਜ਼ਗਾਰ ਵੀ ਉਹਨਾਂ ਪਾਸੋਂ ਘੁਸ ਗਿਆ। ਅੱਜ ਲੋੜ ਹੈ ਮੁੜ ਮਾਨਵ ਅਤੇ ਵਾਤਾਵਰਣ ਹਿਤੈਸ਼ੀ ਡੂਨੇ – ਪੱਤਲਾਂ ਨੂੰ ਦੁਬਾਰਾ ਅਪਣਾ ਕੇ ਵਾਤਾਵਰਨ ਅਤੇ ਮਨੁੱਖਤਾ ਨੂੰ ਬਚਾਉਣ ਦੀ। ਇਸ ਵਿੱਚ ਹੀ ਸਾਡੀ ਸੱਚੀ ਖੁਸ਼ੀ , ਇੱਜ਼ਤ ਅਤੇ ਵਡਿਆਈ ਹੈ ; ਕਿਉਂਕਿ ਕੁਦਰਤ ਵਿਰੋਧੀ ਕੋਈ ਵੀ ਕਾਰਜ ਸਾਡੇ ਹਿੱਤ ਵਿੱਚ ਨਹੀਂ ਹੋ ਸਕਦਾ , ਪਰ ਅੱਜ ਡੂਨੇ – ਪੱਤਲਾਂ ਸ਼ਾਇਦ ਸਾਡੇ ਸੱਭਿਆਚਾਰ ਵਿੱਚੋਂ ਅਲੋਪ ਹੁੰਦੇ ਜਾ ਰਹੇ ਹਨ।
ਲੇਖਕ ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
9478561356
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly