ਕੀਵ (ਸਮਾਜ ਵੀਕਲੀ): ਯੂਕਰੇਨ ਦੁਆਲੇ ਬਣੇ ਤਣਾਅ ਨੂੰ ਘੱਟ ਕਰਨ ਲਈ ਕੀਤੇ ਜਾ ਰਹੇ ਕੂਟਨੀਤਕ ਯਤਨ ਜਾਰੀ ਹਨ। ਫਰਾਂਸੀਸੀ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਦੇ ਵੀ ਕੀਵ ਪੁੱਜਣ ਦੇ ਆਸਾਰ ਹਨ ਕਿਉਂਕਿ ਇਸ ਤੋਂ ਪਹਿਲਾਂ ਰੂਸੀ ਆਗੂ ਨਾਲ ਮਾਸਕੋ ਵਿਚ ਹੋਈ ਉਨ੍ਹਾਂ ਦੀ ਗੱਲਬਾਤ ਕਿਸੇ ਸਿਰੇ ਨਹੀਂ ਲੱਗ ਸਕੀ ਹੈ। ਮੈਕਰੌਂ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨਾਲ ਮੁਲਾਕਾਤ ਕਰਨਗੇ ਤੇ ਦੂਜੇ ਪਾਸੇ ਰੂਸ ਦੀ ਫ਼ੌਜ ਵੱਲੋਂ ਯੂਕਰੇਨ ’ਚ ਦਾਖਲ ਹੋਣ ਦੇ ਆਸਾਰ ਵਧਦੇ ਜਾ ਰਹੇ ਹਨ। ਰੂਸ ਦੇ ਇਕ ਲੱਖ ਸੈਨਿਕ ਪੂਰੀ ਤਿਆਰੀ ਨਾਲ ਯੂਕਰੇਨ ਦੀ ਹੱਦ ਉਤੇ ਮੌਜੂਦ ਹਨ, ਪਰ ਰੂਸ ਨੇ ਕਿਹਾ ਹੈ ਕਿ ਉਨ੍ਹਾਂ ਦਾ ਯੂਕਰੇਨ ਵਿਚ ਦਾਖਲ ਹੋਣ ਦਾ ਕੋਈ ਇਰਾਦਾ ਨਹੀਂ ਹੈ। ਜ਼ਿਕਰਯੋਗ ਹੈ ਕਿ ਰੂਸ, ਪੱਛਮ ਤੇ ਨਾਟੋ ਕੋਲੋਂ ਗਾਰੰਟੀ ਮੰਗ ਰਿਹਾ ਹੈ ਕਿ ਉਹ ਖਿੱਤੇ ਵਿਚ ਆਪਣੇ ਹਥਿਆਰਾਂ ਦੀ ਤਾਇਨਾਤੀ ਰੋਕਣ ਅਤੇ ਪੂਰਬੀ ਯੂਰੋਪ ਵਿਚੋਂ ਆਪਣੀਆਂ ਫ਼ੌਜਾਂ ਕੱਢ ਲੈਣ।
ਪੱਛਮੀ ਮੁਲਕਾਂ ਦੇ ਆਗੂ ਪਿਛਲੇ ਕੁਝ ਹਫ਼ਤਿਆਂ ਤੋਂ ਇਸ ਆਸ ਨਾਲ ਉੱਚ ਪੱਧਰੀ ਕੂਟਨੀਤਕ ਵਾਰਤਾ ’ਚ ਲੱਗੇ ਹੋਏ ਹਨ ਕਿ ਤਣਾਅ ਘਟੇਗਾ ਤੇ ਹਮਲਾ ਰੋਕਿਆ ਜਾ ਸਕੇਗਾ। ਮੈਕਰੌਂ ਨੇ ਸੋਮਵਾਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਕਰੀਬ ਪੰਜ ਘੰਟੇ ਗੱਲਬਾਤ ਕੀਤੀ। ਗੱਲਬਾਤ ਮਗਰੋਂ ਦੋਵਾਂ ਆਗੂਆਂ ਨੇ ਇਸ ਗੱਲ ਉਤੇ ਸਹਿਮਤੀ ਜ਼ਾਹਿਰ ਕੀਤੀ ਕਿ ਵਾਰਤਾ ਜਾਰੀ ਰੱਖਣ ਦੀ ਲੋੜ ਹੈ, ਹਾਲਾਂਕਿ ਉਨ੍ਹਾਂ ਆਪਣੀ ਅਸਹਿਮਤੀ ਵੀ ਖੁੱਲ੍ਹ ਕੇ ਜ਼ਾਹਿਰ ਕੀਤੀ। ਪੂਤਿਨ ਨੇ ਕਿਹਾ ਕਿ ਅਮਰੀਕਾ ਤੇ ਨਾਟੋ ਨੇ ਮਾਸਕੋ ਦੀਆਂ ਮੰਗਾਂ ਉਤੇ ਗੌਰ ਨਹੀਂ ਕੀਤਾ, ਪਰ ਨਾਲ ਹੀ ਕਿਹਾ ਕਿ ਉਹ ਗੱਲਬਾਤ ਜਾਰੀ ਰੱਖਣ ਲਈ ਤਿਆਰ ਹਨ। ਪੂਤਿਨ ਨੇ ਇਹ ਵੀ ਚਿਤਾਵਨੀ ਦਿੱਤੀ ਸੀ ਕਿ ਯੂਕਰੇਨ ਨੂੰ ਨਾਟੋ ਦੇ ਘੇਰੇ ਵਿਚ ਲਿਆਉਣ ਨਾਲ ਰੂਸ ਅਤੇ ਨਾਟੋ ਵਿਚਾਲੇ ਜੰਗ ਵੀ ਛਿੜ ਸਕਦੀ ਹੈ। ਫਰਾਂਸੀਸੀ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦੀ ਪੂਤਿਨ ਨਾਲ ਠੋਸ ਤੇ ਡੂੰਘੀ ਗੱਲਬਾਤ ਹੋਈ ਹੈ ਜੋ ਕਿ ਤਣਾਅ ਘੱਟ ਕਰਨ ਦੀਆਂ ਸ਼ਰਤਾਂ ਉਤੇ ਕੇਂਦਰਤ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly