ਦਿਲ ਦਹਿਲਾ ਗਿਆ ਵੈਦ ਹਰੀ ਸਿੰਘ ਅਜਮਾਨ ਦਾ ਅਚਾਨਕ ਪਿਆ ਸਦੀਵੀ ਵਿਛੋੜਾ, ਅਨੇਕਾਂ ਸਮਾਜਿਕ ਕੰਮਾਂ ਦੀ ਪਹਿਰੇਦਾਰੀ ਕਰਨ ਵਾਲੀ ਸੀ ਮਹਾਨ ਰੂਹ ਡਾ. ਹਰੀ ਸਿੰਘ

ਵੈਦ ਹਰੀ ਸਿੰਘ

ਅੱਜ ਹੋਵੇਗਾ ਪਿੰਡ ਸਾਦਾ ਰਾਈਆਂ ਜ਼ਿਲ੍ਹਾ ਹੁਸ਼ਿਆਰਪੁਰ ਸਸਕਾਰ

ਕਨੇਡਾ  (ਸਮਾਜ ਵੀਕਲੀ) ਵੈਨਕੂਵਰ (ਕੁਲਦੀਪ ਚੁੰਬਰ)-ਅੱਜ ਬੇਹੱਦ ਭਰੇ ਅਤੇ ਦੁਖੀ ਮਨ ਨਾਲ ਮੈਨੂੰ ਇਹ ਖ਼ਬਰ ਆਪਣੇ ਹੱਥੀ ਲਿਖਣੀ ਪੈ ਰਹੀ ਹੈ ਕਿ ਸਾਡੇ ਬਹੁਤ ਹੀ ਜਿਗਰੀ ਯਾਰ ਅਤੇ ਪਰਿਵਾਰਕ ਮੈਂਬਰ ਵੈਦ ਹਰੀ ਸਿੰਘ ਜਿਨ੍ਹਾਂ ਨੂੰ ਪਿਆਰ ਨਾਲ ਅਸੀਂ ਡਾਕਟਰ ਹਰੀ ਵੀ ਕਹਿੰਦੇ ਸਾਂ, ਸਾਨੂੰ ਹਮੇਸ਼ਾ ਲਈ ਛੱਡ ਕੇ ਇਸ ਫਾਨੀ ਸੰਸਾਰ ਤੋਂ ਰੁਖ਼ਸਤ ਹੋ ਗਏ । ਉਨਾਂ ਦੇ ਅਚਾਨਕ ਵਿਛੋੜੇ ਦੀ ਸੋਸ਼ਲ ਮੀਡੀਆ ਤੇ ਆਈ ਖ਼ਬਰ ਨੇ ਇੱਕ ਦਮ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ ਅਤੇ ਦਿਲ ਦਹਿਲਾ ਦਿੱਤਾ । ਵੈਦ ਹਰੀ ਸਿੰਘ ਨਾਲ ਮੇਰੀ ਪਰਿਵਾਰਕ ਰਿਸ਼ਤੇਦਾਰੀ ਵੀ ਹੈ । ਉਸ ਦਾ ਇਸ ਤਰ੍ਹਾਂ ਅਚਾਨਕ ਸੰਸਾਰ ਤੋਂ ਭਰ ਉਮਰ ਵਿੱਚ ਤੁਰ ਜਾਣਾ ਮੇਰੇ ਅਤੇ ਉਸਦੇ ਚਹੇਤਿਆਂ ਸਨੇਹੀਆਂ ਲਈ ਅਸਿਹ ਅਤੇ ਅਕਹਿ ਹੈ। ਹਮੇਸ਼ਾ ਸੰਸਾਰੀ ਜੀਵਾਂ ਨੂੰ ਤੰਦਰੁਸਤ ਰਹਿਣ ਲਈ ਸਲਾਹਾਂ ਦੇਣ ਵਾਲਾ ਅਤੇ ਰੋਗੀਆਂ ਨੂੰ ਰੋਗ ਨਵਿਰਤ ਕਰਨ ਲਈ ਦੇਸੀ ਦਵਾਈਆਂ ਦਿੰਦੇ ਵੈਦ ਹਰੀ ਸਿੰਘ ਤੇ ਇੰਝ ਮੌਤ ਦਾ ਕਹਿਰ ਟੁੱਟ ਪਵੇਗਾ ਕਦੇ ਸੋਚਿਆ ਵੀ ਨਹੀਂ ਸੀ ।ਉਸ ਦੀ ਅਚਾਨਕ ਜੂ ਏ ਈ  ਦੁਬਈ ਵਿਖੇ ਸਿਹਤ ਖਰਾਬ ਹੋਈ, ਜਿਸ ਤੋ ਬਾਅਦ ਉਸਨੂੰ ਤੁਰੰਤ ਪਰਿਵਾਰ ਨੇ ਇੰਡੀਆ ਲੈ ਆਂਦਾ, ਇੱਥੇ ਇਲਾਜ ਅਧੀਨ ਹੀ ਉਸ ਨੂੰ ਹਾਰਟ ਅਟੈਕ ਹੋ ਗਿਆ ,ਜੋ ਉਸ ਦੀ ਹੱਸਦੀ ਵਸਦੀ ਜ਼ਿੰਦਗੀ ਨੂੰ ਪਲਾਂ ਵਿੱਚ ਹੀ ਝੱਪਟ ਕੇ ਲੈ ਗਿਆ। ਵੈਦ ਹਰੀ ਸਿੰਘ ਅਨੇਕਾਂ ਧਾਰਮਿਕ, ਸਮਾਜਿਕ, ਸੱਭਿਆਚਾਰਕ ਸੰਸਥਾਵਾਂ ਦਾ ਪ੍ਰਮੁੱਖ ਅਹੁਦੇਦਾਰ  ਰਿਹਾ । ਉਸ ਨੇ ਆਪਣੇ ਜੀਵਨ ਕਾਲ ਵਿੱਚ ਅਨੇਕਾਂ ਖ਼ੂਨਦਾਨ ਕੈਂਪ, ਆਰਯੂਵੈਦਿਕ, ਅੱਖਾਂ ਦੇ ਕੈਂਪ ਲਗਾਏ, ਸਕੂਲਾਂ ਦੇ ਬੱਚਿਆਂ ਨੂੰ ਮੁਫਤ ਕਾਪੀਆਂ ਕਿਤਾਬਾਂ ਵੰਡੀਆਂ। ਇਸ ਤੋਂ ਇਲਾਵਾ ਪਿੰਡ ਪੱਧਰ ਤੇ ਕਈ ਸਮਾਜ ਸੁਧਾਰਕ ਕੰਮ ਕਰਵਾਏ ਦੁਖੀ ਗਰੀਬਾਂ ਦੀ ਮਦਦ ਕੀਤੀ। ਗੁਰੂ ਕਿਰਪਾ ਕੰਨਿਆਦਾਨ ਸੰਸਥਾ ਦਾ ਓਹ ਸਾਬਕਾ ਬਾਨੀ ਚੇਅਰਮੈਨ ਰਿਹਾ, ਜਿਸ ਤਹਿਤ ਉਸ ਦੀ ਟੀਮ ਨੇ ਅਨੇਕਾਂ ਗਰੀਬ ਲੜਕੀਆਂ ਦੀਆਂ ਸਲਾਨਾ ਸਮਾਗਮਾਂ ਦੌਰਾਨ ਸ਼ਾਦੀਆਂ ਕਰਵਾਈਆਂ। ਦੁਬਈ ਅਜ਼ਮਾਨ ਤੋਂ ਇਲਾਵਾ ਉਸ ਨੇ ਅਬੂਧਾਬੀ, ਮਸਕਟ , ਪੰਜਾਬ ਵਿੱਚ ਵੀ ਦੇਸੀ ਦਵਾਈਆਂ ਦੀਆਂ ਆਪਣੀਆਂ ਵੱਖ ਵੱਖ ਬਰਾਂਚਾਂ ਖੋਲ੍ਹੀਆਂ ਹੋਈਆਂ ਨੇ, ਜਿਨਾਂ ਦੀ ਗਿਣਤੀ ਕੋਈ ਇੱਕ ਦਰਜਨ ਦੇ ਕਰੀਬ ਹੈ । ਅਮਰੀਕਾ, ਕਨੇਡਾ ਇੰਗਲੈਂਡ ਤੋਂ ਇਲਾਵਾ ਹੋਰ ਕਈ ਮੁਲਕਾਂ ਵਿੱਚ ਉਹ ਵੱਖ-ਵੱਖ ਵਿਦਵਾਨਾਂ ਨਾਲ ਗੋਸ਼ਟੀਆਂ ਵਿਚਾਰਾਂ ਕਰਨ ਲਈ ਗਿਆ। ਰੱਬ ਦੇ ਬਣਾਏ ਹਰ ਇਨਸਾਨ ਦੀ ਸੇਵਾ ,ਉਸ ਦੀ ਕਦਰ ਅਤੇ ਉਸ ਨਾਲ ਪਿਆਰ ਕਰਨ ਦਾ ਸਲੀਕਾ ਜਿਵੇਂ ਉਸ ਨੂੰ ਪਰਮਾਤਮਾ ਨੇ ਖੁਦ ਸਿਖਾਇਆ ਹੋਵੇ। ਉਹ ਕਦੀ ਵੀ ਕਿਸੇ ਦਾ ਸਹਿਜੇ ਕਿਤੇ ਦਿਲ ਨਹੀਂ ਦੁਖਾਉਂਦਾ ਸੀ ਅਤੇ ਸਾਰਿਆਂ ਨੂੰ ਹੀ ਪ੍ਰੇਮ ਪਿਆਰ ਦਾ ਇਹ ਸਬਕ ਦਿੰਦਾ। ਜ਼ਿਲ੍ਹਾ ਹੁਸ਼ਿਆਰਪੁਰ ਦੇ ਨਿੱਕੇ ਜਿਹੇ ਪਿੰਡ ਸਾਦਾ ਰਾਈਆਂ ਵਿੱਚ ਉਸ ਨੇ ਜਨਮ ਲਿਆ ਅਤੇ ਇੱਥੋਂ ਹੀ ਅੰਤਰਰਾਸ਼ਟਰੀ ਪੱਧਰ ਦੀਆਂ ਮੰਜ਼ਿਲਾਂ ਸਰ ਕਰਨ ਦਾ ਪ੍ਰਣ ਕੀਤਾ। ਉਸ ਦੀ ਬੇਟੀ ਅਤੇ ਬੇਟਾ ਕਨੇਡਾ ਵਿੱਚ ਸੈਟਲਡ ਹਨ ਜੋ ਪਿਤਾ ਦੇ ਇਸ ਵਿਛੋੜੇ ਕਾਰਨ ਅੰਤਾਂ ਦੇ ਦੁੱਖ ਵਿੱਚ ਹਨ। ਸਮੁੱਚੇ ਪਰਿਵਾਰ ਅਤੇ ਸਮਾਜ ਨੂੰ ਡਾ. ਹਰੀ ਸਿੰਘ ਦੇ ਜਾਣ ਦਾ ਜੋ ਘਾਟਾ ਪੈ ਗਿਆ ਹੈ ਉਹ ਕਦੇ ਵੀ ਨਾ ਪੂਰਾ ਹੋਣ ਵਾਲਾ ਹੈ। ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵੈਦ ਹਰੀ ਸਿੰਘ ਦੇ ਪਿੱਛੇ ਰਹਿੰਦੇ ਪਰਿਵਾਰ ਨੂੰ ਇਸ ਵਿਛੋੜੇ ਦਾ ਭਾਣਾ ਮੰਨਣ ਦਾ ਪਰਮਾਤਮਾ ਬੱਲ ਬਖਸ਼ੇ ਅਤੇ ਇਸ ਵਿਛੜੀ ਰੂਹ ਨੂੰ ਪਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ । ਅੱਜ ਇੰਡੀਆ ਦੇ 27 ਜੁਲਾਈ ਨੂੰ ਉਸ ਦਾ ਸੰਸਕਾਰ ਉਸ ਦੀ ਜਨਮ ਭੂਮੀ ਸਾਦਾ ਰਾਈਆਂ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਬਾਅਦ ਦੁਪਹਿਰ ਕਰ ਦਿੱਤਾ ਜਾਵੇਗਾ। ਜਿੱਥੇ ਅਣਗਿਣਤ ਨਮ ਅੱਖੀਆਂ ਉਸ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੀਆਂ ,ਉਸ ਦੇ ਅੰਤਿਮ ਦਰਸ਼ਨ ਕਰਨਗੀਆਂ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸਦੀਆਂ ਪੁਰਾਣੀ ਮਿਠਾਸ ‘ਜਲੇਬੀ’
Next article‘ਤਾਰੂ ਸਿੰਘ ਸ਼ਹੀਦ…’