ਰਾਏਕੋਟ ਸਮਾਜ ਵੀਕਲੀ (ਗੁਰਭਿੰਦਰ ਗੁਰੀ): ਨਜਦੀਕੀ ਪਿੰਡ ਤੁੰਗਾਂਹੇੜੀ ਦੇ ਸੱਤਿਆ ਭਾਰਤੀ ਸਕੂਲ ਵਿਖੇ ਸਕੂਲ ਮੁੱਖ ਅਧਿਆਪਕਾ ਮੈਡਮ ਸ਼ਰਨਜੀਤ ਕੌਰ ਦੀ ਅਗਵਾਈ ਹੇਠ ਡਿਜ਼ੀਟਲ ਕਲਾਸ ਰੂਮ ਦਾ ਉਦਘਾਟਨ ਪਿੰਡ ਦੇ ਸਰਪੰਚ ਮਹਿੰਦਰ ਸਿੰਘ, ਨੰਬਰਦਾਰ ਸੁਰਜੀਤ ਸਿੰਘ, ਸਾਬਕਾ ਸਰਪੰਚ ਕੁਲਵਿੰਦਰ ਸਿੰਘ, ਮਾਨਵ ਸੇਵਾ ਉੱਤਮ ਸੇਵਾ ਆਂਡਲੂ ਦੇ ਚੇਅਰਮੈਨ ਸੁਖਦੀਪ ਸਿੰਘ ਤੇ ਪ੍ਰਧਾਨ ਅਮਰਪਾਲ ਸਿੰਘ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਅਧਿਆਪਕਾ ਮੈਡਮ ਸ਼ਰਨਜੀਤ ਕੌਰ ਨੇ ਦੱਸਿਆ ਕਿ ਇਸ ਡਿਜ਼ੀਟਲ ਕਲਾਸ ਰੂਮ ਨੂੰ ਅਤਿ ਆਧੁਨਿਕ ਸਹੂਲਤਾਂ ਜਿਵੇਂ ਵੱਡੇ ਅਕਾਰ ਦੇ 4k ਸਮਾਰਟ ਟੀ ਵੀ, ਵੱਡੇ ਸਪੀਕਰ, ਮੋਬਾਇਲ ਅਤੇ ਇੰਟਰਨੈੱਟ ਆਦਿ ਉਪਲੱਬਧ ਕਰਵਾ ਕੇ ਤਿਆਰ ਕਰਵਾਇਆ ਗਿਆ ਹੈ।
ਇਹਨਾਂ ਆਧੁਨਿਕ ਸਹੂਲਤਾਂ ਰਾਹੀਂ ਬੱਚਿਆਂ ਦੀ ਪੜ੍ਹਾਈ ਨੂੰ ਹੋਰ ਬਿਹਤਰ ਬਣਾਇਆ ਜਾਵੇਗਾ। ਵੱਖ ਵੱਖ ਵਿਸ਼ਿਆਂ ਵਿੱਚ ਵਿਦਿਆਰਥੀਆਂ ਦੇ ਗਿਆਨ ਨੂੰ ਪਰਪੱਕ ਕਰਨ ਲਈ ਸਿੱਖਣ ਦੇ ਸਾਰੇ ਤਰੀਕੇ ਦੇਖ ਕੇ ਸਿੱਖਣਾ, ਸੁਣ ਕੇ ਸਿੱਖਣਾ ਅਤੇ ਅਭਿਆਸ ਕਰਕੇ ਸਿੱਖਣਾ ਅਮਲ ਵਿੱਚ ਲਿਆਂਦੇ ਜਾਣਗੇ। ਉਹਨਾਂ ਦੱਸਿਆ ਕਿ ਸੱਤਿਆ ਭਾਰਤੀ ਸਕੂਲ ਤੁੰਗਾਂਹੇੜੀ ਬੱਚਿਆਂ ਨੂੰ ਆਧੁਨਿਕ ਢੰਗ ਤਰੀਕਿਆਂ ਨਾਲ ਮੁਫ਼ਤ ਮਿਆਰੀ ਸਿੱਖਿਆ ਦੇਣ ਲਈ ਵਚਨਬੱਧ ਹੈ। ਇਸ ਸਮੇਂ ਸਰਪੰਚ ਮਹਿੰਦਰ ਸਿੰਘ, ਚੇਅਰਮੈਨ ਸੁਖਦੀਪ ਸਿੰਘ ਨੇ ਸਾਂਝੇ ਤੌਰ ਤੇ ਕਿਹਾ ਕਿ ਭਾਰਤੀ ਫਾਊਂਡੇਸ਼ਨ ਦਾ ਇਹ ਇੱਕ ਚੰਗਾ ਉਪਰਾਲਾ ਹੈ ਤੇ ਅੱਜ ਸਾਡੀ ਨਵੀਂ ਪੀੜ੍ਹੀ ਨੂੰ ਡਿਜੀਟਲ ਟੈਕਨਾਲੋਜੀ ਅਪਣਾਉਣ ਦੀ ਬਹੁਤ ਲੋੜ ਹੈ। ਇਸ ਮੌਕੇ ਸਕੂਲ ਸਟਾਫ਼ ਮੈਂਬਰ ਕਿਰਨਦੀਪ ਕੌਰ ਰਾਜਵਿੰਦਰ ਕੌਰ, ਪਰਵੀਨ ਕੌਰ, ਕਮਲਜੀਤ ਕੌਰ, ਹਰਮਿੰਦਰ ਕੌਰ ਅਤੇ ਰਮਨਜੀਤ ਕੌਰ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly