(ਸਮਾਜ ਵੀਕਲੀ) ਇਲਾਕੇ ਦੇ ਮੰਨੇ ਪਰ ਮੰਨੇ ਸੇਠ ਕਰੋੜੀ ਮੱਲ ਦੇ ਮਹਿਲ ਵਿਚ ਸ਼ੇਰ ਵਾਂਗ ਫਿਰਦਾ ਟੌਮੀ ਕੁੱਤਾ ਨਹੀਂ ਸੇਠ ਦੇ ਜਿਗਰ ਦਾ ਟੁਕੜਾ ਸੀ। ਸੇਠ ਕਰੋੜੀ ਮੱਲ ਨੇ ਟੌਮੀ ਨੂੰ ਬੜੇ ਲਾਡ ਪਿਆਰ ਨਾਲ ਪਾਲਿਆ ਸੀ। ਟੌਮੀ ਵੀ ਕਦੇ ਕਦੇ ਆਪਣੇ ਆਪ ਨੂੰ ਕਰੋੜੀ ਮੱਲ ਹੀ ਸਮਝਣ ਲਗ ਜਾਂਦਾ। ਸਮਝਦਾ ਵੀ ਕਿਓਂ ਨਾ ਸੇਠ ਕਰੋੜੀ ਮੱਲ ਦੀ ਛਤਰ ਛਾਇਆ ਹੇਠ ਟੌਮੀ ਦਾ ਪੂਰਾ ਮਾਣ ਸਤਿਕਾਰ ਹੁੰਦਾ। ਸੇਠ ਕਰੋੜੀ ਮੱਲ ਲਈ ਬਣੀ ਚਿਕਨ ਬਰਿਆਨੀ ਦਾ ਸਵਾਦ ਜਾ ਤਾਂ ਸੇਠ ਕਰੋੜੀ ਮੱਲ ਨੂੰ ਪਤਾ ਹੁੰਦਾ ਸੀ ਜਾਂ ਟੌਮੀ ਨੂੰ । ਸੇਠ ਜਦੋਂ ਲਗਜ਼ਰੀ ਗੱਡੀ ਵਿੱਚ ਘੁੰਮਦਾ ਤਾਂ ਪਿਛਲੀ ਸੀਟ ਤੇ ਬੈਠਾ ਟੌਮੀ ਆਪਣੀ ਕਿਸਮਤ ਦੇ ਕਸੀਦੇ ਪੜਦਾ ਨਾ ਥਕਦਾ । ਉਹ ਜਦੋਂ ਸੇਠ ਕਰੋੜੀ ਮੱਲ ਦੇ ਨਾਲ ਨਾਲ ਚਲਦਾ ਤਾਂ ਉਸ ਦੇ ਪੈਰ ਥੱਲੇ ਨਾ ਲਗਦੇ। ਟੌਮੀ ਵੀ ਟੌਹਰ ਦੇਖਣ ਵਾਲੀ ਹੁੰਦੀ। ਟੌਮੀ ਨੂੰ ਜੇਕਰ ਸਿਠਾਣੀ ਜਾ ਸੇਠ ਦੇ ਧੀਆ ਪੁਤਰ ਜਾ ਨੋਕਰ ਚਾਕਰ ਕੁਝ ਆਖਦੇ ਤਾਂ ਸੇਠ ਉਨ੍ਹਾਂ ਨੂੰ ਦਬਕ ਦਿੰਦਾ ਅਤੇ ਆਖਦਾ ਇਹ ਮੇਰਾ ਸਭ ਤੋ ਵਫਾਦਾਰ ਪਾਲਤੂ ਜਾਨਵਰ ਹੈ ਖ਼ਬਰਦਾਰ ਜੇਕਰ ਕਿਸੇ ਨੇ ਟੌਮੀ ਨੂੰ ਕੁਝ ਕਿਹਾ। ਟੌਮੀ ਆਪਣੀ ਟੌਹਰ ਦੀ ਜ਼ਿੰਦਗੀ ਜੀਅ ਰਿਹਾ ਸੀ। ਪਰ ਸੇਠ ਤੋਂ ਇਲਾਵਾ ਉਹ ਦੂਸਰਿਆਂ ਦੀ ਨਿਗ੍ਹਾ ਵਿਚ ਰੜਕ ਵੀ ਰਿਹਾ ਸੀ । ਰੜਕਦਾ ਵੀ ਕਿਓਂ ਨਾ ਟੌਮੀ ਦੀ ਵਜਾ ਕਰਕੇ ਉਨ੍ਹਾਂ ਨੂੰ ਸੇਠ ਤੋਂ ਬੇਵਜ੍ਹਾ ਡਾਟ ਪੈਂਦੀ ਅਤੇ ਟੌਮੀ ਟਪੂਸੀਆਂ ਮਾਰਦਾ ਨਾ ਥਕਦਾ। ਅਚਨਚੇਤ ਇਕ ਦਿਨ ਸੇਠ ਚੱਲ ਵਸਿਆ। ਟੌਮੀ ਤੇ ਦੁਖ ਦਾ ਪਹਾੜ ਟੁੱਟ ਗਿਆ। ਸੇਠ ਦੇ ਪਰਿਵਾਰ ਨੇ ਟੌਮੀ ਦੀ ਖ਼ਾਤਰਦਾਰੀ ਘਟਾ ਦਿੱਤੀ ਸੀ। ਹੁਣ ਪਹਿਲਾਂ ਵਾਲੀ ਬੁੱਕਤ ਨਹੀ ਨਹੀਂ ਰਹੀ ਸੀ ਟੌਮੀ ਦੀ ਹੁਣ ਟੌਮੀ ਨੂੰ ਚਿਕਨ ਬਰਿਆਨੀ ਤਾਂ ਦੂਰ ਰਾਤ ਦੀਆਂ ਬਾਸੀਆ ਰੋਟੀਆਂ ਤੇ ਗੁਜ਼ਾਰਾ ਕਰਨਾ ਪੈ ਰਿਹਾ ਸੀ। ਟੌਮੀ ਬਹੁਤ ਦੁਖੀ ਹੋਇਆ। ਸੇਠ ਦਾ ਪਰਿਵਾਰ ਅਤੇ ਨੋਕਰ ਚਾਕਰ ਵੀ ਟੌਮੀ ਤੋਂ ਅਗਲੇ ਪਿਛਲੇ ਬਦਲੇ ਗਿਣ ਗਿਣ ਲੈ ਰਹੇ ਸਨ। ਕਿ ਅਚਾਨਕ ਇਕ ਦਿਨ ਉਸ ਨੂੰ ਧੋਬੀ ਨਜ਼ਰ ਆਇਆ ਟੌਮੀ ਨੇ ਪਛਾਣ ਲਿਆ ਸੀ ਕਿ ਇਹ ਉਹੀ ਧੋਬੀ ਹੈ ਜ਼ੋ ਮੇਰੇ ਸੇਠ ਕਰੋੜੀ ਮੱਲ ਦੇ ਕਪੜੇ ਧੋਣ ਲਈ ਲਿਜਾਂਦਾ ਸੀ ਅਤੇ ਇਹ ਧੋਬੀ ਟੌਮੀ ਲਈ ਵੀ ਕੁਝ ਨਾ ਕੁਝ ਖਾਣ ਲਈ ਲਿਆਉਂਦਾ ਰਹਿੰਦਾ ਸੀ। ਫਿਰ ਕੀ ਸੀ ਟੌਮੀ ਨੇ ਸੰਗਲੀ ਪਟਾ ਤੁੜਾ ਲਿਆ ਤੇ ਸਿਧਾ ਧੋਬੀ ਦੇ ਮਗਰ ਮਗਰ ਹੋ ਤੁਰਿਆ। ਪਰ ਹੁਣ ਧੋਬੀ ਵਿਚ ਵੀ ਪਹਿਲਾਂ ਵਾਲੀ ਗੱਲ ਨਹੀਂ ਸੀ। ਉਹ ਟੌਮੀ ਨੂੰ ਵਾਰ ਵਾਰ ਪਿਛੇ ਮੁੜਕੇ ਵੇਖਦਾ ਅਤੇ ਅਗਾਂਹ ਤੁਰ ਪੈਂਦਾ। ਟੌਮੀ ਧੋਬੀ ਦੇ ਘਰ ਪਹੁੰਚ ਗਿਆ ਪਰ ਧੋਬੀ ਨੇ ਘਰ ਦਾ ਦਰਵਾਜ਼ਾ ਬੰਦ ਕਰ ਦਿੱਤਾ। ਸਵੇਰੇ ਧੋਬੀ ਉਠਿਆ ਤੇ ਕਪੜੇ ਥੋਣ ਲਈ ਘਾਟ ਵੱਲ ਤੁਰ ਪਿਆ ਟੌਮੀ ਫਿਰ ਮਗਰ ਮਗਰ ਚਲ ਪਿਆ ਇਸ ਆਸ ਨਾਲ ਕਿ ਸ਼ਾਹਿਦ ਧੋਬੀ ਪਹਿਚਾਣ ਜਾਵੇ ਕਿ ਇਹ ਤਾਂ ਸੇਠ ਕਰੋੜੀ ਮੱਲ ਦਾ ਟੌਮੀ ਹੈ। ਪਰ ਅਜਿਹਾ ਨਹੀਂ ਹੋਇਆ ਅਤੇ ਅੱਜ ਤੱਕ ਟੌਮੀ ਆਪਣੀ ਪਹਿਚਾਣ ਦੱਸਣ ਦੇ ਭਰਮ ਵਿਚ ਧੋਬੀ ਦੇ ਮਗਰ ਮਗਰ ਫਿਰ ਰਿਹਾ ਹੈ। ਪਰ ਟੌਮੀ ਨੂੰ ਸ਼ਹਿਦ ਇਹ ਨਹੀਂ ਪਤਾ ਕਿ ਉਹ ਹੁਣ ਸੇਠ ਕਰੋੜੀ ਮੱਲ ਦਾ ਟੌਮੀ ਨਹੀਂ ਰਿਹਾ ਉਹ ਤਾਂ ਧੋਬੀ ਦਾ ਕੁੱਤਾ ਹੈ ਜ਼ੋ ਨਾ ਘਰ ਦਾ ਹੈ ਤੇ ਨਾ ਹੀ ਘਾਟ ਦਾ।
ਕਹਾਣੀਕਾਰ – ਹਰਜਿੰਦਰ ਸਿੰਘ ਚੰਦੀ ਮਹਿਤਪੁਰ
ਮੋ 9814601638
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly