(ਸਮਾਜ ਵੀਕਲੀ)
ਧਰਮ ਗੁਰੂ ਜਦੋਂ ਹੋਵੇ ਦਿਆਲੂ,ਖੁਦ ਸ਼ਾਖਸ਼ਾਤ ਦਰਸ਼ਨ ਦੇਵੇ।
ਵੱਡ-ਭਾਗਿਓ ਆਪਣੇ ਰੁਝੇਵੇਂ ਛੱਡਕੇ,ਤਾਂ ਸਿੱਧੇ ਕਰ ਲਓ ਟੇਵੇ।
ਧਰਮ ਬਣਾਕੇ ਜ਼ਾਨੂੰਨ ਦੀ ਪੋਥੀ,ਜਾ ਵਿਕਦੀ ਪਈ ਬਾਜ਼ਾਰ।
ਰੂੜੀਵਾਦੀ ਲਿਖਤਾਂ ਥਾਣੀ ਕਰਦੀਆਂ,ਬਿਨ ਰੁਕਿਆਂ ਪ੍ਰਚਾਰ ।
ਫਿਰ ਮੁਲਾਣੇ ਭੱਜੇ ਆਉਂਦੇ,ਵੰਡ ਵੰਡ ਚੀਖਾਂ ਤੇ ਕੁਰਲਾਹਟਾਂ ।
ਧਰਤੀ ਦੀ ਹਿੱਕ ਤੇ ਉੱਠਦੀਆਂ ਦੇਖੋ,’ਸਮਾਨ ਜੇਡੀਆਂ ਲਾਟਾਂ ।
ਗੁਰੂ ਘਰ ਦੀ ਗੋਲਕ ਨੂੰ ਨਿੱਜੀ ਬਣਾਉਣਾ ਹਰ ਚੌਧਰੀ ਦੀ ਲੋੜ।
ਉਸ ਲਈ ਧਰਮ ਕੋਈ ਨਹੀਂ ਜਰੂਰੀ,ਪੈਸੇ ਦੀ ਬੱਸ ਲਗਦੀ ਤੋੜ।
ਕੋਈ ਤਾਂ ਧਰਮ ਤਹੀਂ ਦੰਗੇ ਮੰਗਦੈ,ਨਾ ਹੀ ਕੋਈ ਵਿਤਕਰੇਬਾਜ਼ੀ ਨੂੰ ।
ਪ੍ਰਚਾਰਕ ਕੋਲੋਂ ਸ਼ੁਰਲੀਆਂ ਭਰਕੇ,ਪਲਟੀ ਰਹੇ ਨੇ ਜਿੰਦਗੀ-ਬਾਜ਼ੀ ਨੂੰ ।
ਦੇਖੋ ਦੂਜੇ ਦੇਸ਼ ਤਾਂ ਨਵੇਂ ਨਵੇਂ ਉਦਯੋਗ ਤੇ ਮਸ਼ੀਨਰੀ ਬਣਾ ਰਹੇ ਨੇ।
ਪਰ ਏਥੇ ਲੋਕਾਂ ਦੇ ਦੁਸ਼ਮਣ ਹਾਕਮ,ਪੁਰਾਤਨ ਯੁੱਗ ਲਿਆ ਰਹੇ ਨੇ ।
ਧਰਮਾਂ ਵਿੱਚ ਲਾਈਲੱਗ ਵੜੀ ਜਾਂਦੇ,ਗਿਣਤੀ ਤਾਂ ਰਹਿੰਦੀ ਲੱਖਾਂ ‘ਚ ।
ਇਤਿਹਾਸਕ ਪੈੜਾਂ ਭੁੱਲ ਗਏ ਕਾਹਤੋਂ,ਕੱਖ ਬਣ ਰਲ਼ ਗਏ ਕੱਖਾਂ ‘ਚ।
ਗੁਰਬਾਣੀ ਕੋਈ ਅਰਦਾਸ ਨਹੀਂ ਹੈ,ਇਤਿਹਾਸ ਸਿਰਜਣਾ ਦੱਸਦੀ ਹੈ ।
ਜਦੋਂ ਕੋਈ ਮਕਰੇ ਨਾਲ ਤਰਕ ਕਰੇ,ਉਹਨੂੰ ਫਿਰ ਭੂਰੀ ਕੀੜੀ ਡੱਸਦੀ ਹੈ।
ਦੁਨੀਆਂ ਅੰਦਰ ਇਤਿਹਾਸ ਰਚ ਹੁੰਦੇ,ਘਟੀਆ ਪ੍ਰਬੰਧ ਮਿਟਾਉਣ ਲਈ ਹੁੰਦੇ ।
ਮਿਆਰੀ ਜਿੰਦਗੀ ਬਣਾਉਣ ਲਈ ਹੁੰਦੇ,ਡੂੰਘੇ ਸੰਵਾਦ ਰਚਾਉਣ ਲਈ ਹੁੰਦੇ ।
ਜੈ ਜੈ ਜੈਕਾਰਿਆਂ ਕੁੱਝ ਹੱਲ ਨਹੀਂ ਹੋਣਾ,ਕੁਰਬਾਨੀ ਦੀ ਕੋਈ ਪਿਰਤ ਹੋਵੇ।
ਜੋਕਾਂ ਨੂੰ ਐਸੇ ਸਬਕ ਸਿਖਾਈਏ ਤਾਂ ਰੁਲਦੀ ਕਿਤੇ ਨਾ ਕੋਈ ਕਿਰਤ ਹੋਵੇ ।
ਅਗਲਾ ਜਨਮ ਸਵਾਰਨ ਵਾਲੀ,ਐਹ ਜਿੰਦਗੀ ਤਾਂ ਤਹਿਸ ਨਹਿਸ ਹੁੰਦੀ।
ਕਿਸੇ ਵੀ ਦੁਆਰੇ ਰੋਜ਼ਗਾਰ ਦੇ ਬਾਰੇ,ਕਦੇ ਵੀ ਨਹੀਂ ਕੋਈ ਬਹਿਸ ਹੁੰਦੀ!
ਸਰਕਾਰੀ ਹਥਿਆਰਾਂ ਦੇ ਧਾਰਨੀਓਂ,ਵਿਤਕਰੇ ਵਿਰੁੱਧ ਤੁਸੀਂ ਨਹੀਂ ਲੜਦੇ !
ਜਿਗਰਾ ਜ਼ਾਮੀਰ ਤਰਕ ਸੱਭ ਮਾਰਕੇ,ਸਦਾ ਤਰਲਿਆਂ ਦੀ ਹੀ ਗੱਲ ਕਰਦੇ !
ਹਥਿਆਰ ਦਾ ਇੱਕੋ ਧਰਮ ਹੁੰਦਾ ਐ,ਰਾਖੀ ਕਰਨੀ ਲਾਚਾਰੇ ਲੋਕਾਂ ਦੀ ।
ਸੱਜਧਜ ਕੇ ਕਿਵੇਂ ਹਥਿਆਰ ਟਹਿਲਦੇ,ਜਾ ਰਾਖੀ ਕਰਦੇ ਨੇ ਜੋਕਾਂ ਦੀ !
ਅਜੋਕੇ ਧਰਮ ਦੇ ਮੁਖੀਏ,ਡੇਰੇ,ਪਰਵਚਨ ਕਰਦਿਆਂ ਫਸਾਦ ਕਰਾਉਂਦੇ ਨੇ ।
ਜਦ ਉਨ੍ਹਾਂ ਦੀ ਦਿਲੀ ਮਣਸ਼ਾ ਪੁੱਗ ਜਾਵੇ,ਫਿਰ ‘ ਧਰਮੀ ਮੰਡਲ ‘ ਆਉਂਦੇ ਨੇ !
ਸੁਖਦੇਵ ਸਿੱਧੂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly