(ਸਮਾਜ ਵੀਕਲੀ)
“ਬੇ-ਹਿੰਮਤੇ ਨੇ ਜਿਹੜੇ ਬਹਿ ਕੇ
ਸ਼ਿਕਵਾ ਕਰਨ ਮੁਕੱਦਰਾਂ ਦਾ ।
ਉੱਗਣ ਵਾਲੇ ਉੱਗ ਪੈਂਦੇ ਨੇ
ਸੀਨਾ ਪਾੜ ਕੇ ਪੱਥਰਾਂ ਦਾ ।
ਮੰਜ਼ਿਲ ਦੇ ਮੱਥੇ ਦੇ ਉੱਤੇ
ਤਖ਼ਤੀ ਲਗਦੀ ਉਨ੍ਹਾਂ ਦੀ,
ਜਿਹੜੇ ਘਰੋਂ ਬਣਾ ਕੇ ਤੁਰਦੇ
ਨਕਸ਼ਾ ਅਪਣੇ ਸਫ਼ਰਾਂ ਦਾ”
ਪਾਕਿਸਤਾਨੀ ਪੰਜਾਬੀ ਮਸ਼ਹੂਰ ਕਵੀ ਬਾਬਾ ਨਜਮੀ ਨੇ ਆਪਣੀ ਇਸ ਨਜ਼ਮ ਵਿੱਚ ਮਿਹਨਤ, ਜਜ਼ਬਾ, ਦ੍ਰਿੜਤਾ ਅਤੇ ਹੌਸਲੇ ਨੂੰ ਬਹੁਤ ਹੀ ਮਹੱਤਵਪੂਰਨ ਦੱਸਿਆ ਹੈ। ਕਿਸੇ ਗੁਬਾਰੇ ਵੇਚਣ ਵਾਲੇ ਨੂੰ ਇੱਕ ਬੱਚੇ ਨੇ ਸਵਾਲ ਕੀਤਾ ਕਿ ਚਿੱਟੇ ਅਤੇ ਕਾਲ਼ੇ ਰੰਗ ਦੇ ਗੁਬਾਰੇ ਵੀ ਹਵਾ ਵਿੱਚ ਉੱਡ ਸਕਦੇ ਹਨ ਤਾਂ ਉਸ ਬੰਦੇ ਨੇ ਬਹੁਤ ਵਧੀਆ ਜਵਾਬ ਦਿੰਦੇ ਹੋਏ ਕਿਹਾ ਕਿ ਗੁਬਾਰਾ ਨਹੀਂ ਉਡਦਾ ਇਸ ਵਿੱਚ ਭਰੀ ਹੋਈ ਹਵਾ ਨੇ ਇਸ ਨੂੰ ਉਡਾਣ ਦਾ ਕੰਮ ਕਰਨਾ ਹੈ ਇਸੇ ਤਰ੍ਹਾਂ ਹੀ ਇਨਸਾਨ ਹੈ ਉਸ ਵਿਚਲੀ ਇੱਛਾ ਸ਼ਕਤੀ, ਜਜ਼ਬਾ, ਕਠੋਰ ਦ੍ਰਿੜਤਾ, ਲਗਨ ਅਤੇ ਮਿਹਨਤ ਉਸ ਨੂੰ ਮਹਾਨ ਅਤੇ ਸਫ਼ਲ ਇਨਸਾਨ ਬਣਾਉਂਦੀ ਹੈ ਉਹ ਚਾਹੇ ਕਿਸੇ ਵੀ ਧਰਮ, ਜ਼ਾਤ ਦਾ ਹੋਵੇ, ਗੋਰਾ ਹੋਵੇ ਜਾਂ ਕਾਲਾ ਹੋਵੇ ਉਸਦੀ ਅੰਦਰ ਦੀ ਇਛਾ ਸਕਤੀ ਹੀ ਉਸ ਨੂੰ ਅਸਮਾਨ ਵਿੱਚ ਉਡਾਦੀ ਹੈ। ਇੱਕ ਵਾਰੀ ਮਹਾਨ ਸਿਕੰਦਰ ਨੂੰ ਕਿਸੇ ਨੇ ਪੁੱਛਿਆ ਕਿ ਤੁਸੀਂ ਇਨੀਂ ਘੱਟ ਉਮਰ ਅਤੇ ਘੱਟ ਫੌਜ ਨਾਲ ਦੁਨੀਆਂ ਕਿਵੇਂ ਜਿੱਤ ਲਈ ਹੈ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਇਹ ਜਿੱਤਾ ਮੈਂ ਨਹੀਂ ਮੇਰੇ ਅੰਦਰ ਦੇ ਹੌਸਲੇ, ਦ੍ਰਿੜਤਾ, ਇਛਾ ਸ਼ਕਤੀ ਜਜ਼ਬਾ ਅਤੇ ਜਜ਼ਬੇ ਨੇ ਜਿੱਤੀਆਂ ਹਨ। ਦੁਨੀਆਂ ਵਿੱਚ ਅਜਿਹੇ ਲੋਕ ਤਾਂ ਬਹੁਤ ਹਨ ਜੋ ਆਪਣੇ ਨਿੱਜੀ ਸਵਾਰਥ ਪੂਰੇ ਕਰਨ ਲਈ ਜਾਂ ਆਪਣੇ ਕਿਸੇ ਖਾਸ ਨੂੰ ਖੁਸ਼ ਕਰਨ ਅਤੇ ਸੁੱਖ ਦੇਣ ਲਈ ਕੁੱਝ ਵੀ ਕਰਨ ਲਈ ਤਿਆਰ ਹੋ ਜਾਂਦੇ ਹਨ ਪਰ ਅਜਿਹੇ ਬਹੁਤ ਘੱਟ ਲੋਕ ਹਨ ਜੋ ਆਪਣੇ ਨਿੱਜੀ ਸੁੱਖਾਂ, ਖੁਸ਼ੀਆਂ ਦੀ ਕੁਰਬਾਨੀ ਕਰਕੇ ਸਮਾਜ ਦੇ ਹੋਰ ਲੋਕਾਂ ਲਈ ਸਦੀਆਂ ਤੱਕ ਕਾਇਮ ਰਹਿਣ ਵਾਲੀਆਂ ਸੁੱਖ-ਸਹੂਲਤਾਂ ਦੇ ਰਸਤੇ ਸਿਰਜ ਜਾਂਦੇ ਹਨ। ਮਨੁੱਖਤਾ ਲਈ ਕੁੱਝ ਕਰਨ ਦਾ ਜਜ਼ਬਾ ਰੱਖਣ ਵਾਲੇ ਲੋਕ ਇਹ ਨਹੀਂ ਦੇਖਦੇ ਕਿ ਜਿਸ ਰਸਤੇ ਉਹ ਤੁਰ ਰਹੇ ਹਨ, ਉਸ ’ਤੇ ਚੱਲਣ ਲਈ ਉਨ੍ਹਾਂ ਦੀ ਝੋਲੀ ਵਿੱਚ ਖਾਣ ਜੋਗੇ ਦਾਣੇ ਹਨ ਜਾਂ ਨਹੀਂ, ਅਜਿਹੇ ਹੀ ਲੋਕਾਂ ਵਿੱਚੋਂ ਇੱਕ ਸਨ ਬਿਹਾਰ ਦੇ ਵਾਸੀ ਦਸ਼ਰਥ ਮਾਂਝੀ ਜਿਨ੍ਹਾਂ ਨੂੰ ਪਹਾੜ ਪੁਰਸ਼ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਦੱਸਿਆ ਜਾਂਦਾ ਹੈ ਕਿ ਦਸ਼ਰਥ ਮਾਂਝੀ ਦੀ ਪਤਨੀ ਫੁੱਲਗੁਣੀ ਦੇਵੀ ਰੋਜ਼ ਵਾਂਗ ਪਹਾੜ ਤੋਂ ਪਾਰ ਪਾਣੀ ਦਾ ਘੜਾ ਲੈਣ ਜਾਂਦੀ ਸੀ ਅਤੇ ਲੱਕੜੀਆਂ ਕੱਟਦੇ ਮਾਝੀ ਨੂੰ ਖਾਣਾ ਦੇਣ ਵਾਸਤੇ ਵੀ ਉਸ ਨੂੰ ਪਹਾੜ ਦੇ ਪਾਰ ਜਾਣਾ ਪੈਂਦਾ ਸੀ ਇੱਕ ਦਿਨ ਪਹਾੜੀ ਦੇ ਪੱਥਰ ਨਾਲ ਟਕਰਾ ਕੇ ਡਿੱਗ ਪਈ, ਫੁੱਲਗੁਣੀ ਉਸ ਸਮੇਂ ਗਰਭਵਤੀ ਸੀ ਤੇ ਪੱਥਰ ਨਾਲ ਟਕਰਾ ਕੇ ਡਿੱਗਣ ਕਰਕੇ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਉਸ ਨੂੰ ਲਾਗਲੇ ਹਸਪਤਾਲ ਸ਼ਹਿਰ ਵਜ਼ੀਰਗੰਜ ਵਿੱਚ ਲਿਆਂਦਾ ਗਿਆ ਜੋਕਿ ਇੱਕ ਪਹਾੜੀ ਦੀ ਵਜ੍ਹਾ ਕਰਕੇ ਉਥੋਂ 70 ਕਿਲੋਮੀਟਰ ਦੂਰ ਪੈਂਦਾ ਸੀ ਹਸਪਤਾਲ ਦੂਰ ਹੋਣ ਕਰਕੇ ਮਾਝੀ ਦੀ ਪਤਨੀ ਫੁੱਲਗੁਣੀ ਦੀ ਰਸਤੇ ਵਿੱਚ ਹੀ ਮੌਤ ਹੋ ਗਈ ਮਾਂਝੀ ਉਸ ਵਕਤ 27 ਸਾਲ ਦਾ ਨੌਜਵਾਨ ਸੀ ਅਤੇ ਉਸਨੂੰ ਆਪਣੀ ਪਤਨੀ ਦੀ ਮੌਤ ਦਾ ਬਹੁਤ ਜਿਆਦਾ ਗਮ ਲੱਗਿਆ ਉਸਨੇ ਮਹਿਸੂਸ ਕੀਤਾ ਕਿ ਪਹਾੜੀ ਦੀ ਰੁਕਾਵਟ ਕਰਕੇ ਹੀ ਉਸ ਦੀ ਪਤਨੀ ਦੀ ਮੌਤ ਹੋਈ ਹੈ ਬਸ ਫਿਰ ਕੀ ਸੀ 1960 ਵਿੱਚ ਮਾਝੀ ਨੇ ਉਸੇ 300 ਫੁੱਟ ਉੱਚੀ ਪਹਾੜੀ ਦਾ ਸੀਨਾ ਚੀਰਨਾ ਸ਼ੁਰੂ ਕਰ ਦਿੱਤਾ ਹਥੌੜਾ ਸੈਣੀ ਅਤੇ ਸੱਬਲ ਖਰੀਦਣ ਲਈ ਵੀ ਉਸ ਕੋਲ ਪੈਸੇ ਨਹੀਂ ਸਨ ਉਸਨੇ ਆਪਣੀ ਬੱਕਰੀਆਂ ਵੇਚ ਕੇ ਇਹ ਉਜਾਰ ਖਰੀਦੇ ਗਰੀਬ ਦਲਿਤ ਹੋਣ ਕਰਕੇ ਉਹ ਪਹਾੜ ਨੂੰ ਕੱਟਣ ਲਈ ਪੂਰਾ ਸਮਾਂ ਨਹੀਂ ਦੇ ਸਕਦਾ ਸੀ ਅੱਧਾ ਦਿਨ ਉਹ ਆਪਣੇ ਪਿੰਡ ਦੇ ਸਰਪੰਚ ਕੋਲ ਦਿਹਾੜੀ ਦਾ ਕੰਮ ਕਰਦਾ ਅਤੇ ਅੱਧਾ ਦਿਨ ਪਹਾੜ ਨੂੰ ਕੱਟਣ ਲਈ ਲਾ ਦਿੰਦਾ ਇਸ ਵਕਤ ਉਸ ਨੂੰ ਕਈ ਲੋਕ ਪਾਗਲ ਅਤੇ ਸਨਕੀ ਕਹਿ ਕੇ ਮਜ਼ਾਕ ਕਰਨ ਲੱਗ ਪਏ ਸਨ ਪਰ ਉਸਨੇ ਆਪਣੀ ਜ਼ਿੱਦ ਨਹੀਂ ਛੱਡੀ ਉਹ ਹਰ ਰੋਜ਼ ਪਹਾੜ ਨੂੰ ਕੱਟਦਾ ਗਿਆ ਆਖਿਰਕਾਰ 22 ਸਾਲ ਬਾਅਦ ਉਸ ਦੀ ਮਿਹਨਤ ਨੂੰ ਬੂਰ ਪਿਆ ਇਸ ਦ੍ਰਿੜ ਇਰਾਦੇ ਵਾਲੇ ਦਸ਼ਰਥ ਮਾਂਝੀ ਨੇ ਪਹਾੜੀ ਕੱਟ ਕੇ 360 ਫੁੱਟ ਲੰਮਾ 30 ਫੁੱਟ ਚੌੜਾ ਰਸਤਾ ਬਣਾ ਦਿੱਤਾ ਇਸ ਨਾਲ ਵਜ਼ੀਰਗੰਜ ਦਾ 70 ਕਿਲੋਮੀਟਰ ਦਾ ਵਲਾਵੇਂ ਵਾਲਾ ਰਸਤਾ ਸਿਰਫ 7 ਕਿਲੋਮੀਟਰ ਤੱਕ ਰਹਿ ਗਿਆ ਸੀ ਜਿਸ ਸ਼ਹਿਰ ਨੂੰ ਜਾਣ ਲਈ ਸਾਰਾ ਦਿਨ ਲੱਗ ਜਾਂਦਾ ਸੀ ਉਹ ਤਕਰੀਬਨ ਅੱਧੇ ਘੰਟੇ ਦੀ ਮਾਰ ਰਹਿ ਗਿਆ ਅਤੇ ਅਤਰੀ ਅਤੇ ਵਜ਼ੀਰਗੰਜ ਬਲਾਕਾਂ ਵਿਚਲੀ ਦੂਰੀ ਪਹਿਲਾਂ 80 ਕਿਲੋਮੀਟਰ ਸੀ ਜੋ ਘੱਟ ਕੇ ਸਿਰਫ 13 ਕਿਲੋਮੀਟਰ ਰਹਿ ਗਈ ਗਹਿਲੌਰ ਦੇ ਨੇੜੇ ਤੇੜੇ ਦੇ ਤਕਰੀਬਨ 60 ਪਿੰਡਾਂ ਨੂੰ ਇਸ ਰਸਤੇ ਦਾ ਫਾਇਦਾ ਹੋਇਆ ਤੇ ਉਹੀ ਪਾਗਲ ਮਾਂਝੀ ਮਹਾਨ ਮਾਂਝੀ ਬਣ ਗਿਆ “ਪਰਬਤ ਮੈਨ” ਬਣ ਗਿਆ ਤੇ ਲੋਕਾਂ ਦਾ ਬਾਬਾ ਬਣ ਗਿਆ ਤੇ ਇਕ ਪੂਜਨੀਕ ਹਸਤੀ। ਕਿਸੇ ਨੇ ਸੱਚ ਕਿਹਾ ਹੈ ਕਿ ਬੰਦੇ ਦੀ ਜਿਉਂਦੇ ਜੀ ਬੁੱਕਤ ਘੱਟ ਅਤੇ ਮਰਨ ਤੋਂ ਬਾਅਦ ਜਿਆਦਾ ਪੈਂਦੀ ਹੈ ਇਸੇ ਤਰ੍ਹਾਂ ਹੀ ਦਸਰਥ ਮਾਝੀ ਨਾਲ ਵੀ ਹੋਇਆ 17 ਅਗਸਤ 2007 ਨੂੰ ਉਹਨਾਂ ਦੀ 73 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਪਰ ਉਹਨਾਂ ਦਾ ਇੱਕ ਸੁਪਨਾ ਸੀ ਕਿ ਉਹਨਾਂ ਦੇ ਪਿੰਡ ਦੀ ਸੜਕ, ਹਸਪਤਾਲ, ਅਤੇ ਸਕੂਲ ਬਣਵਾ ਦਿੱਤੇ ਜਾਣ ਪਰ ਉਹਨਾਂ ਦਾ ਇਹ ਸੁਪਨਾ ਉਹਨਾਂ ਦੇ ਜਿਉਂਦੇ ਜੀ ਪੂਰਾ ਨਹੀਂ ਹੋ ਸਕਿਆ। ਦਸ਼ਰਥ ਮਾਂਝੀ ਬਾਰੇ ਇੱਕ ਹਿੰਦੀ ਬਾਇਓਪਿਕ “ਦਿ ਮਾਉਨਟੈਨ ਮੈਨ” ਬਣ ਚੁੱਕੀ ਹੈ ਜੋਕਿ ਕਾਫੀ ਮਕਬੂਲ ਵੀ ਹੋਈ ਅਖਬਾਰਾਂ ਅਤੇ ਟੀਵੀ ਵਿੱਚ ਵੀ ਉਨ੍ਹਾਂ ਵਾਰੇ ਬਹੁਤ ਕੁਝ ਦਿਖਾਇਆ ਗਿਆ ਪਰ ਅਸਲੀਅਤ ਵਿੱਚ ਮਾਝੀ ਪਰਿਵਾਰ ਅਤੇ ਗਹਿਲੌਰ ਦੇ ਕਿਰਤੀ ਗਰੀਬਾਂ ਦੀ ਹੋਣੀ ਨਹੀਂ ਬਦਲੀ ਉਸ ਨੂੰ ਦਲਿਤ ਹੋਣ ਕਰਕੇ ਪਿੰਡ ਦੇ ਸਰਪੰਚ ਨੇ ਇੱਕ ਵਾਰੀ ਉਸਨੂੰ ਗਿਰਫਤਾਰ ਵੀ ਕਰਵਾ ਦਿੱਤਾ ਸੀ ਬੇਸ਼ੱਕ ਬਿਹਾਰ ਸਰਕਾਰ ਨੇ ਉਸਨੂੰ ਭਾਰਤ ਰਤਨ ਅਵਾਰਡ ਦੇਣ ਦੀ ਸਿਫਾਰਿਸ਼ ਕੀਤੀ ਸੀ ਪਰ ਇਥੇ ਵੀ ਉਸਦੀ ਗਰੀਬੀ ਅੜਿੱਕੇ ਦਾ ਕਾਰਨ ਬਣੀ ਮਾਝੀ ਦੇ ਪੁੱਤਰ ਭਾਗੀਰਥ ਮਾਝੀ ਨੂੰ ਵੀ ਇਸ ਗੱਲ ਦਾ ਗਿਲਾ ਰਿਹਾ ਕਿ ਉਸ ਦੇ ਬਾਪੂ ਨੂੰ ਜਿਉਂਦੇ ਜੀ ਕਿਸੇ ਨਹੀਂ ਪੁੱਛਿਆ ਹੁਣ ਭਾਵੇਂ ਉਸਦੀ ਪੂਜਾ ਹੁੰਦੀ ਹੈ ਜਿਹੜਾ ਰਸਤਾ ਮਾਂਝੀ ਨੇ ਪਹਾੜ ਚੀਰ ਕੇ ਬਣਾਇਆ ਸੀ ਉਸ ਤੇ “ਮਾਂਝੀ ਮਾਰਗ ” ਲਿਖਿਆ ਹੋਇਆ ਹੈ ਅਤੇ ਉੱਥੇ ਹੀ ਇੱਕ ਸਮਾਧੀ ਬਣੀ ਹੋਈ ਹੈ ਜਿਸ ਉੱਤੇ ਮਾਝੀ ਦੀ ਤਸਵੀਰ ਲੱਗੀ ਹੈ ਮਾਝੀ ਦੇ ਦੋਸਤ ਰਾਮ ਚਰਿਤ ਪ੍ਰਸਾਦ ਅਤੇ ਕੁਝ ਹੋਰ ਪ੍ਰਸੰਸਕਾਂ ਦੇ ਯਤਨਾਂ ਸਦਕਾ ਉਸ ਦੇ ਪਿੰਡ ਵਿੱਚ ਇੱਕ ਸਕੂਲ ਵੀ ਖੁੱਲ ਗਿਆ ਹੈ ਤੇ ਪੱਕੀ ਸੜਕ ਵੀ ਬਣ ਚੁੱਕੀ ਹੈ ਹੁਣ ਗਹਿਲੌਰ ਸੈਲਾਨੀ ਕੇਂਦਰ ਵਜੋਂ ਵੀ ਉਭਰ ਰਿਹਾ ਹੈ ਇੱਥੇ ਮਾਂਝੀ ਦੀ ਬਰਸੀ ਵਾਲੇ ਦਿਨ ਭਾਵ 17 ਅਗਸਤ ਨੂੰ ਦਸਰਥ ਮਾਂਝੀ ਉਤਸਵ ਵੀ ਮਨਾਇਆ ਜਾਂਦਾ ਹੈ। ਇਹ ਕੋਈ ਮਿਥਿਹਾਸਿਕ ਕਹਾਣੀ ਨਹੀ ਹੈ ਇਹ ਇਕ ਗਰੀਬ,ਸਿਰੜੀ, ਕਿਰਤੀ ਅਤੇ ਸਿਦਕਵਾਨ ਇਨਸਾਨ ਦੀ ਸੱਚੀ ਮਅਤੇ ਇਤਿਹਾਸਕ ਕਹਾਣੀ ਹੈ ਜਿਸਨੂੰ “ਦ ਮਾਉਨਟੈਨ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ ਜਿਸਨੇ ਦੁਨੀਆਂ ਨੂੰ ਦੱਸ ਦਿੱਤਾ ਹੈ ਕਿ ਇਥੇ ਕੁਝ ਵੀ ਅਸੰਭਵ ਨਹੀਂ ਹੈ।
ਕੁਲਦੀਪ ਸਿੰਘ ਸਾਹਿਲ
9417990040
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly