ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਕਰਵਾਇੲਆ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ
ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਨਵੇਂ ਵਰ੍ਹੇ 2026 ਦੀ ਆਮਦ ਮੌਕੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਸਥਾਨਕ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸੁਪਰਡੈਂਟ ਭਾਈ ਸੁਖਵਿੰਦਰ ਸਿੰਘ ਦੇ ਰਾਗੀ ਜਥੇ ਵੱਲੋਂ ਰਸਭਿੰਨੇ ਕੀਰਤਨ ਰਾਹੀਂ ਸਭਨਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਜ਼ਿਲ੍ਹੇ ਦੇ ਵਿਕਾਸ, ਆਪਸੀ ਭਾਈਚਾਰੇ ਅਤੇ ਜ਼ਿਲ੍ਹਾ ਵਾਸੀਆਂ ਦੀ ਸੁੱਖ-ਸ਼ਾਂਤੀ ਲਈ ਕਾਮਨਾ ਕਰਦਿਆਂ ਕਿਹਾ ਕਿ ਨਵਾਂ ਸਾਲ ਸਾਨੂੰ ਨਵੀਂ ਊਰਜਾ, ਸਕਾਰਾਤਮਕ ਸੋਚ ਅਤੇ ਸੇਵਾ ਦੀ ਭਾਵਨਾ ਨਾਲ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਲਗਨ ਨਾਲ ਕੰਮ ਕਰਦਾ ਰਹੇਗਾ ਆਮ ਲੋਕਾਂ ਦੀ ਭਲਾਈ, ਪਾਰਦਰਸ਼ੀ ਪ੍ਰਸ਼ਾਸਨ ਅਤੇ ਵਿਕਾਸ ਕਾਰਜਾਂ ਨੂੰ ਤਰਜੀਹ ਦਿੰਦਾ ਰਹੇਗਾ। ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨਵੇਂ ਵਰ੍ਹੇ ਦੀਆਂ ਸ਼ੁੱਭ ਕਾਮਨਾਵਾਂ ਦਿੰਦਿਆਂ ਸੱਦਾ ਦਿੱਤਾ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਪਿਛਲੇ ਵਰ੍ਹੇ ’ਚ ਆਪਣੀ ਡਿਊਟੀ ਇਮਾਨਦਾਰੀ, ਤਨਦੇਹੀ ਅਤੇ ਲਗਨ ਨਾਲ ਨਿਭਾਈ ਹੈ, ਇਸੇ ਤਰ੍ਹਾਂ ਨਵੇਂ ਵਰ੍ਹੇ ’ਚ ਵੀ ਸਾਰੇ ਮੁਲਾਜ਼ਮ ਆਪਣੀ ਡਿਊਟੀ ਪ੍ਰਤੀਬੱਧਤਾ ਨਾਲ ਨਿਭਾਉਣ। ਉਨ੍ਹਾਂ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਹਰੇਕ ਵਿਭਾਗ ਦਾ ਅਧਿਕਾਰੀ ਤੇ ਕਰਮਚਾਰੀ ਨਵੇਂ ਵਰ੍ਹੇ ਵਿਚ ਲੋਕ ਸੇਵਾ ਨੂੰ ਸਮਰਪਿਤ ਰਹੇਗਾ ਅਤੇ ਸਰਕਾਰ ਵੱਲੋਂ ਉਲੀਕੀਆਂ ਯੋਜਨਾਵਾਂ ਤੇ ਪ੍ਰੋਗਰਾਮਾਂ ਦਾ ਲਾਭ ਲਾਭਪਾਤਰੀਆਂ ਨੂੰ ਹੇਠਲੇ ਪੱਧਰ ਤੱਕ ਪੁੱਜਦਾ ਕਰਨ ਲਈ ਆਪਣਾ ਯੋਗਦਾਨ ਪਾਵੇਗਾ। ਇਸ ਮੌਕੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਿਆ।
https://play.google.com/store/apps/details?id=in.yourhost.samajweekly



