ਡਿਪਟੀ ਕਮਿਸ਼ਨਰ ਨੇ ਖਟਕੜ ਕਲਾਂ ਵਿਖੇ ਇਨਕਲਾਬ ਮੇਲੇ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ, 28 ਤੋਂ 29 ਸਤੰਬਰ ਤੱਕ ਕਰਵਾਇਆ ਜਾਵੇਗਾ ‘ਇਨਕਲਾਬ ਫੈਸਟੀਵਲ’

ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਪੰਜਾਬ ਸਰਕਾਰ ਵੱਲੋਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਵਸ ਨੂੰ ਮੇਲੇ ਦੇ ਰੂਪ ਵਿਚ ਮਨਾਉਣ ਲਈ ਖਟਕੜ ਕਲਾਂ ਵਿਖੇ 28 ਤੋਂ 29 ਸਤੰਬਰ ਤੱਕ ਕਰਵਾਏ ਜਾ ਰਹੇ ‘ਇਨਕਲਾਬ ਫੈਸਟੀਵਲ’ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਮੌਕੇ ਐਸ.ਐਸ.ਪੀ ਡਾ. ਮਹਿਤਾਬ ਸਿੰਘ ਵੀ ਉਨ੍ਹਾਂ ਦੇ ਨਾਲ ਸਨ। ਖਟਕੜ ਕਲਾਂ ਵਿਖੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ 28 ਸਤੰਬਰ ਨੂੰ ਸਮਾਗਮ ਵਿਚ ਸ਼ਿਰਕਤ ਕਰਨਗੇ। ਉਨ੍ਹਾਂ ਦੱਸਿਆ ਕਿ ਦੋ ਦਿਨ ਚੱਲਣ ਵਾਲੇ ਇਨਕਲਾਬ ਫੈਸਟੀਵਲ ਦੌਰਾਨ ਸ਼ਾਨਦਾਰ ਪ੍ਰੋਗਰਾਮ ਕਰਵਾਏ ਜਾਣਗੇ, ਜਿਸ ਦੌਰਾਨ ਨਾਮਵਰ ਗਾਇਕਾਂ ਅਤੇ ਕਲਾਕਾਰਾਂ ਤੋਂ ਇਲਾਵਾ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ ਵੀ ਸੱਭਿਆਚਾਰਕ ਵੰਨ੍ਹਗੀਆਂ ਦੀ ਪੇਸ਼ਕਾਰੀ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸ਼ਹੀਦ ਭਗਤ ਸਿੰਘ ਨਾਲ ਸਬੰਧਿਤ ਨਾਟਕਾਂ ਦੀ ਪੇਸ਼ਕਾਰੀ ਹੋਵੇਗੀ ਅਤੇ ਵੱਖ-ਵੱਖ ਪ੍ਰਦਰਸ਼ਨੀਆਂ ਅਤੇ ਸਟਾਲ ਵੀ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਮੌਕੇ ਖਾਣ-ਪੀਣ ਦੇ ਸਟਾਲ ਅਤੇ ਬੱਚਿਆਂ ਲਈ ਝੂਲੇ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ।

ਇਸ ਦੌਰਾਨ ਉਨ੍ਹਾਂ ਸਟੇਜ, ਸੁਰੱਖਿਆ, ਪਾਰਕਿੰਗ, ਬੈਰੀਕੇਡਿੰਗ, ਆਰਜ਼ੀ ਵਾਸ਼ਰੂਮ, ਸਾਫ-ਸਫਾਈ, ਡਾਕਟਰੀ ਸਹਾਇਤਾ, ਸਜਾਵਟ, ਲਾਈਟਿੰਗ, ਚੌਕਾਂ ਦੀ ਸਜਾਵਟ, ਪੀਣ ਵਾਲੇ ਪਾਣੀ, ਨਿਰਵਿਘਨ ਬਿਜਲੀ ਸਪਲਾਈ, ਰਿਫਰੈਸ਼ਮੈਂਟ ਅਤੇ ਹੋਰਨਾਂ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਲੋੜੀਦੇ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ 28 ਸਤੰਬਰ ਨੂੰ ਸਵੇਰੇ ਇਕ ਵਿਸ਼ਾਲ ਸਾਈਕਲ ਰੈਲੀ ਹੋਵੇਗੀ ਜਦਕਿ 29 ਸਤੰਬਰ ਦੀ ਸਵੇਰ ਨੂੰ ਮੈਰਾਥਨ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਇਸ ਸਾਈਕਲ ਰੈਲੀ, ਮੈਰਾਥਨ ਅਤੇ ਮੇਲੇ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਅਧਿਕਾਰੀਆਂ ਨੂੰ ਆਪਣੀਆਂ ਡਿਊਟੀਆਂ ਮਿਹਨਤ, ਤਨਦੇਹੀ ਅਤੇ ਸੇਵਾ ਭਾਵਨਾ ਨਾਲ ਨਿਭਾਉਣ ਦੀ ਤਾਕੀਦ ਕੀਤੀ ਤਾਂ ਜੋ ਇਸ ਸਮਾਗਮ ਨੂੰ ਵਧੀਆ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਅਕਸ਼ਿਤਾ ਗੁਪਤਾ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਵਨੀਤ ਕੌਰ, ਐਸ.ਡੀ.ਐਮ ਬੰਗਾ ਵਿਪਿਨ ਭੰਡਾਰੀ, ਐਸ.ਡੀ.ਐਮ ਬਲਾਚੌਰ ਪ੍ਰੀਤ ਇੰਦਰ ਸਿੰਘ ਬੈਂਸ, ਗੁੱਡ ਗਵਰਨੈਸ ਫੈਲੋ ਅਸਮਿਤਾ ਪਰਮਾਰ ਤੋਂ ਇਲਾਵਾ ਪੁਲਿਸ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਲੁਧਿਆਣਾ ਬ੍ਰੇਵਰੀਜ ਲਿਮਟਡ ਨੇ ਸਾਂਝੀ ਰਸੋਈ ਨੂੰ 60 ਹਜ਼ਾਰ ਰੁਪਏ ਮਹੀਨਾ ਦੇਣ ਦਾ ਕੀਤਾ ਵਾਅਦਾ, ਡਿਪਟੀ ਕਮਿਸ਼ਨਰ ਨੂੰ ਸੌਂਪਿਆ 60 ਹਜ਼ਾਰ ਰੁਪਏ ਦਾ ਚੈਕ
Next articleਖੇਡਾਂ ਵਤਨ ਪੰਜਾਬ ਦੀਆਂ ਤਹਿਤ ਹੋਏ ਵੱਖ ਵੱਖ ਮੁਕਾਬਲੇ