ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅੱਜ ਇਥੇ ਆਪਣਾ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਸੀਨੀਅਰ ਅਧਿਕਾਰੀਆਂ ਸਮੇਤ ਜ਼ਿਲ੍ਹਾ ਨਸ਼ਾ ਮੁਕਤੀ ਅਤੇ ਮੁੜ ਵਸੇਬਾ ਕੇਂਦਰ ਦਾ ਦੌਰਾ ਕਰਕੇ ਨਸ਼ਾ ਪੀੜਤਾਂ ਦੇ ਇਲਾਜ ਅਤੇ ਸਹੂਲਤਾਂ ਦੀ ਸਮੀਖਿਆ ਕਰਦਿਆਂ ਕਿਹਾ ਕਿ ਆਉਂਦੇ ਸਮੇਂ ਵਿਚ ਕੇਂਦਰ ਵਿਖੇ ਦਿੱਤੀਆਂ ਜਾ ਰਹੀਆਂ ਸਹੂਲਤਾਂ ਵਿਚ ਲੋੜੀਂਦੇ ਵਾਧੇ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਐਸ.ਐਸ.ਪੀ. ਸੰਦੀਪ ਕੁਮਾਰ ਮਲਿਕ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਬੰਸ ਕੌਰ ਅਤੇ ਕੇਂਦਰ ਦੇ ਸਟਾਫ ਸਮੇਤ ਦੌਰਾ ਕਰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਨਸ਼ਾ ਪੀੜਤਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਦੀ ਹਰ ਸੰਭਵ ਮਦਦ ਲਈ ਤਤਪਰ ਹੈ ਤਾਂ ਜੋ ਉਹ ਸਿਹਤਮੰਦ ਜ਼ਿੰਦਗੀ ਦਾ ਆਨੰਦ ਮਾਣ ਸਕਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪੀੜਤਾਂ ਦੇ ਇਲਾਜ ਦੇ ਨਾਲ-ਨਾਲ ਉਨ੍ਹਾਂ ਨੂੰ ਪੂਰੀ ਤਰ੍ਹਾਂ ਫਿੱਟ ਹੋਣ ਉਪਰੰਤ ਰੋਜ਼ਗਾਰ ਦੇ ਵਸੀਲੇ ਸਥਾਪਤ ਕਰਕੇ ਦੇਣ ਵਾਲੇ ਪਾਸੇ ਵੀ ਗਹੁ ਨਾਲ ਵਿਚਾਰ ਕਰ ਰਿਹਾ ਹੈ ਤਾਂ ਕਿ ਠੀਕ ਹੋਣ ਤੋਂ ਬਾਅਦ ਉਹ ਆਪਣੇ ਪੈਰੀਂ ਹੋ ਸਕਣ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਇਲਾਜ ਅਧੀਨ ਨੌਜਵਾਨਾਂ ਦੀ ਜ਼ਿੰਦਗੀ ਨੂੰ ਹੋਰ ਬਿਹਤਰ ਬਣਾਉਣ ਅਤੇ ਸਮਾਜ ਵਿਚੋਂ ਨਸ਼ਿਆਂ ਦੀ ਅਲਾਮਤ ਦੇ ਖਾਤਮੇ ਲਈ ਸਮੇਂ-ਸਮੇਂ ਸਿਰ ਸੁਝਾਅ ਵੀ ਲਏ ਜਾਣਗੇ ਜਿਨ੍ਹਾਂ ’ਤੇ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇਗਾ। ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਬੰਸ ਕੌਰ ਤੋਂ ਕੇਂਦਰ ਦੀ ਸਮਰੱਥਾ ਅਤੇ ਸਹੂਲਤਾਂ ਬਾਰੇ ਜਾਣਕਾਰੀ ਲੈਂਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਤੇ ਐਸ.ਐਸ.ਪੀ. ਸੰਦੀਪ ਕੁਮਾਰ ਮਲਿਕ ਨੇ ਕਿਹਾ ਕਿ ਆਉਂਦੇ ਦਿਨਾਂ ਵਿਚ ਖੇਡਾਂ, ਵਰਜਿਸ਼, ਹੁਨਰ ਵਿਕਾਸ ਨਾਲ ਸਬੰਧਤ ਸਹੂਲਤਾਂ ਨੂੰ ਹੋਰ ਬਿਹਤਰ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕੇਂਦਰ ਵਿਚ 60 ਨਸ਼ਾ ਪੀੜਤਾਂ ਦੇ ਇਲਾਜ ਦੀ ਸਮਰੱਥਾ ਹੈ ਅਤੇ ਮੌਜੂਦਾ ਸਮੇਂ 60 ਪੀੜਤਾਂ ਦਾ ਹੀ ਇਲਾਜ ਚੱਲ ਰਿਹਾ ਹੈ ਅਤੇ ਆਉਂਦੇ ਦਿਨਾਂ ਵਿਚ ਬੈਡਾਂ ਦੀ ਗਿਣਤੀ ਵੀ ਵਧਾਈ ਜਾਵੇਗੀ। ਉਨ੍ਹਾਂ ਨੇ ਕਾਂਊਂਸਲਿੰਗ ਦੀ ਸਮੀਖਿਆ ਕਰਦਿਆਂ ਹੁਨਰ ਵਿਕਾਸ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਠੀਕ ਹੋਣ ਉਪਰੰਤ ਆਪਣੀ ਰੂਚੀ ਅਨੁਸਾਰ ਪੀੜਤ ਆਪਣਾ ਕੰਮ ਸ਼ੁਰੂ ਕਰ ਸਕਣ। ਐਸ.ਐਸ.ਪੀ. ਸੰਦੀਪ ਕੁਮਾਰ ਮਲਿਕ ਨੇ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਸੂਬਾ ਸਰਕਾਰ ਅਤੇ ਪੁਲਿਸ ਵਿਭਾਗ ਦੀ ਮੁਖ ਤਰਜ਼ੀਹ ਹੈ ਜਿਸ ਤਹਿਤ ਨਸ਼ਿਆਂ ਨੂੰ ਰੋਕਣ ਲਈ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨਿਕਾਸ ਕੁਮਾਰ, ਸਿਵਲ ਸਰਜਨ ਡਾ. ਪਵਨ ਕੁਮਾਰ, ਮਨੋਰੋਗ ਮਾਹਰ ਡਾ. ਰਾਜ ਕੁਮਾਰ, ਮੈਡੀਕਲ ਅਫ਼ਸਰ ਡਾ. ਮਹਿਮਾ ਮਨਹਾਸ ਤੋਂ ਇਲਾਵਾ ਕਾਂਊਂਸਲਰ ਅਤੇ ਸਟਾਫ ਵੀ ਮੌਜੂਦ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj