(ਸਮਾਜ ਵੀਕਲੀ)
ਸਾਡੇ ਵਿਚ ਬਿਮਾਰ ਮਨੁੱਖ ਲਈ ਬਹੁਤ ਹਮਦਰਦੀ ਹੈ ਪਰ ਪਤਾ ਨਹੀਂ ਕਿਉਂ ਮਾਨਸਿਕ ਬੀਮਾਰੀਆਂ ਪ੍ਰਤੀ ਸਾਡਾ ਰਵੱਈਆ ਬਹੁਤ ਹੀ ਸੰਕੀਰਨਤਾ ਭਰਿਆ ਹੈ।ਅਸੀਂ ਮਾਨਸਿਕ ਬਿਮਾਰ ਪ੍ਰਤੀ ਨਾ ਤਾਂ ਹਮਦਰਦੀ ਰੱਖਦੇ ਹਾਂ ਅਤੇ ਨਾ ਹੀ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ।ਕਿਸੇ ਨੂੰ ਵੀ ਪਾਗਲ ਕਹਿ ਦੇਣਾ ਸਾਡੇ ਲਈ ਆਮ ਗੱਲ ਹੈ।ਪਰ ਪਾਗਲ ਹੋਣਾ ਕਿੰਨਾ ਖਤਰਨਾਕ ਹੋ ਸਕਦਾ ਹੈ ਇਹ ਅਸੀਂ ਨਹੀਂ ਸਮਝਦੇ।
ਮਾਨਸਿਕ ਰੋਗਾਂ ਵਿੱਚ ਪਾਗਲ ਹੋਣਾ ਹੀ ਇੱਕ ਰੋਗ ਨਹੀਂ ਹੈ।ਕਈ ਤਰ੍ਹਾਂ ਦੇ ਮਾਨਸਿਕ ਰੋਗ ਹਨ।ਅੱਜ ਜਿਸ ਲਈ ਮਾਨਵਤਾ ਨੂੰ ਘੇਰ ਰੱਖਿਆ ਹੈ ਉਹ ਡਿਪਰੈਸ਼ਨ।ਦੁਨੀਆਂ ਵਿੱਚ ਅਨੇਕਾਂ ਹੀ ਲੋਕ ਇਸ ਰੋਗ ਤੋਂ ਪੀਡ਼ਤ ਹਨ।
ਸਾਡੀ ਆਮ ਸੋਚ ਇਹ ਕਹਿੰਦੀ ਹੈ ਕਿ ਜੋ ਚੁੱਪ ਚਾਪ ਰਹਿੰਦਾ ਹੈ ਕਿਸੇ ਨਾਲ ਜ਼ਿਆਦਾ ਬੋਲਦਾ ਨਹੀਂ।ਸਮਾਜਿਕ ਤੌਰ ਤੇ ਵਿਚਰਦਾ ਨਹੀਂ ਉਹ ਡਿਪਰੈਸ਼ਨ ਦਾ ਸ਼ਿਕਾਰ ਹੈ।ਸਾਡੀ ਇਸ ਸ਼ਬਦ ਪ੍ਰਤੀ ਨਾਸਮਝੀ ਇੱਥੋਂ ਦੇਖੋ ਇਹ ਛੋਟੀ ਜਿਹੀ ਨਿਰਾਸ਼ਾ ਵਿੱਚ ਵੀ ਅਸੀਂ ਕਹਿ ਦਿੰਦੇ ਹਾਂ ਮੈਨੂੰ ਡਿਪਰੈਸ਼ਨ ਹੋ ਰਿਹਾ ਹੈ।
ਡਿਪਰੈਸ਼ਨ ਇਕ ਘਾਤਕ ਰੋਗ ਹੈ।ਇਸ ਦੇ ਲੱਛਣ ਇੰਨੇ ਅਲੱਗ ਅਲੱਗ ਹਨ ਕਿਸ ਨੂੰ ਪਛਾਣਨਾ ਮੁਸ਼ਕਿਲ ਹੋ ਜਾਂਦਾ ਹੈ।ਆਮ ਤੌਰ ਤੇ ਇਹ ਦੇਖਿਆ ਜਾਂਦਾ ਹੈ ਕਿ ਜਿਸ ਵਿਅਕਤੀ ਵਿੱਚ ਆਪਣੇ ਪ੍ਰਤੀ ਲਾਪ੍ਰਵਾਹੀ ਹੋ ਜਾਂਦੀ ਹੈ।ਜਿਸ ਨੂੰ ਆਪਣੀ ਦਿੱਖ ਦਾ ਧਿਆਨ ਨਹੀਂ ਰਹਿੰਦਾ।ਜੋ ਸੋਚਾਂ ਵਿੱਚ ਗੁਆਚਿਆ ਰਹਿੰਦਾ ਹੈ।ਜ਼ਿਆਦਾ ਬੋਲਦਾ ਨਹੀਂ।ਕਿਸੇ ਨਾਲ ਸਾਂਝ ਨਹੀਂ ਪਾਉਂਦਾ।ਕੁਲ ਮਿਲਾ ਕੇ ਕਹਿ ਲਓ ਤਾਂ ਸਮਾਜਿਕ ਤੌਰ ਤੇ ਵੱਖਰਾ ਹੋ ਜਾਂਦਾ ਹੈ।ਜਿਸ ਤੇ ਨਕਾਰਾਤਮਕਤਾ ਹਾਵੀ ਹੋ ਜਾਂਦੀ ਹੈ ਉਹ ਡਿਪਰੈਸ਼ਨ ਦਾ ਸ਼ਿਕਾਰ ਹੈ।
ਕਲੀਨੀਕਲੀ ਦੇਖਿਆ ਜਾਵੇ ਤਾਂ ਜਿਸ ਵਿਅਕਤੀ ਦਾ ਮੂਰਖ ਉਦਾਸੀ ਵਾਲਾ ਹੋ ਜਾਂਦਾ ਹੈ,ਜੋ ਆਪਣੇ ਪ੍ਰਤੀ ਉਦਾਸੀਨ ਹੋ ਜਾਂਦਾ ਹੈ,ਉਸ ਦੀ ਭੁੱਖ ਅਤੇ ਨੀਂਦ ਆਮ ਵਾਂਗ ਨਹੀਂ ਰਹਿੰਦੀ,ਜੋ ਨਕਾਰਾਤਮਕਤਾ ਵਿੱਚ ਡੁੱਬ ਜਾਂਦਾ ਹੈ,ਜਿਸ ਨੂੰ ਜੀਵਨ ਦਾ ਕੋਈ ਵੀ ਸਕਾਰਾਤਮਕ ਪੱਖ ਨਜ਼ਰ ਨਹੀਂ ਆਉਂਦਾ,ਜਿਸ ਦੀ ਸੋਚ ਆਪਣੇ ਆਪ ਪ੍ਰਤੀ ਨਾ ਪੱਖੀ ਹੋ ਜਾਂਦੀ ਹੈ ਉਹ ਡਿਪਰੈਸ਼ਨ ਦਾ ਮਰੀਜ਼ ਹੈ।ਉਹ ਅਕਸਰ ਉਦਾਸ ਰਹਿੰਦਾ ਹੈ।ਉਸ ਨਾਲ ਵਾਰਤਾਲਾਪ ਕਰਨ ਦੀ ਕਿੰਨੀ ਵੀ ਕੋਸ਼ਿਸ਼ ਕੀਤੀ ਜਾਵੇ ਪਰ ਉਹ ਉਦਾਸੀਨ ਹੀ ਰਹਿੰਦਾ ਹੈ।
ਇਸ ਤੋਂ ਇਲਾਵਾ ਇੱਕ ਹੋਰ ਤਰ੍ਹਾਂ ਦੇ ਡਿਪਰੈਸ਼ਨ ਵੀ ਹੈ ਜਿਸ ਵਿੱਚ ਵਿਅਕਤੀ ਆਮ ਵਾਂਗ ਵਿਚਰਦਾ ਹੈ।ਹੱਸਦਾ ਖੇਡਦਾ ਹੈ।ਜ਼ਿਆਦਾ ਗੱਲ ਗੱਲਾਂ ਕਰਦਾ ਹੈ।ਖ਼ੁਸ਼ ਮਿਜ਼ਾਜ ਹੈ ਅਤੇ ਬਾਕੀ ਸਾਰਿਆਂ ਨੂੰ ਵੀ ਖੁਸ਼ ਰੱਖਦਾ ਹੈ।ਪਰ ਧੁਰ ਅੰਦਰ ਕਿਤੇ ਉਹ ਉਦਾਸ ਹੁੰਦਾ ਹੈ।ਉਹ ਆਪਣੇ ਆਪ ਨਾਲ ਜੂਝ ਰਿਹਾ ਹੁੰਦਾ ਹੈ।ਉਪਰੋਂ ਉਸ ਦੇ ਇਕ ਰੂਪ ਧਾਰਿਆ ਹੁੰਦਾ ਹੈ ਖ਼ੁਸ਼ੀ ਦਾ।ਉਹ ਆਪਣਾ ਅਸਲੀ ਰੂਪ ਲੁਕੋਣ ਹੋਣ ਲਈ ਇਕ ਪਰਦਾ ਪਾ ਲੈਂਦਾ ਹੈ।ਹੱਸਦਾ ਖੇਡਦਾ ਨਜ਼ਰ ਆਉਂਦਾ ਹੈ।ਅਜਿਹੇ ਲੋਕ ਡਿਪ੍ਰੇਸ਼ਨ ਵਿਚ ਗਹਿਰੇ ਉਤਰ ਦੇ ਜਾਂਦੇ ਹਨ।ਇਕ ਦਿਨ ਜਦੋਂ ਸਾਨੂੰ ਸੁਣਨ ਨੂੰ ਮਿਲਦਾ ਹੈ ਕਿ ਅਜਿਹੇ ਕਿਸੇ ਖੁਸ਼ਮਿਜਾਜ਼ ਵਿਅਕਤੀ ਨੇ ਆਤਮ ਹੱਤਿਆ ਕਰ ਲਈ ਤਾਂ ਅਸੀਂ ਹੈਰਾਨ ਰਹਿ ਜਾਂਦੇ ਹਾਂ।
ਅੱਜ ਦੇ ਸਮੇਂ ਵਿੱਚ ਇਹ ਬਹੁਤ ਹੋ ਰਿਹਾ ਹੈ।ਇਸ ਨੂੰ ‘ਹੈਪੀ ਡਿਪਰੇਸ਼ਨ’ ਦਾ ਨਾਮ ਵੀ ਦਿੱਤਾ ਗਿਆ ਹੈ।ਜਦੋਂ ਕੋਈ ਉਪਰੋਂ ਉਪਰੋਂ ਖ਼ੁਸ਼ ਹੁੰਦਾ ਹੈ ਜੇ ਉਸ ਸਮੇਂ ਧਿਆਨ ਦਿੱਤਾ ਜਾਵੇ ਤਾਂ ਉਸ ਨੂੰ ਸਮਝਿਆ ਜਾ ਸਕਦਾ ਹੈ।ਗਹਿਰਾਈ ਨਾਲ ਦੇਖਿਆ ਜਾਵੇ ਤਾਂ ਉਸ ਦੇ ਅੰਦਰ ਦੀ ਉਦਾਸੀ ਦੇਖੀ ਜਾ ਸਕਦੀ ਹੈ।ਕਈ ਵਾਰ ਕੋਈ ਸਾਡੇ ਨਾਲ ਗੱਲ ਕਰਨਾ ਚਾਹੁੰਦਾ ਹੈ ਪਰ ਅਸੀਂ ਸਮਾਂ ਹੀ ਨਹੀਂ ਦਿੰਦੇ।ਜਾਂ ਕਹਿ ਲਓ ਅਸੀਂ ਧਿਆਨ ਨਹੀਂ ਦਿੰਦੇ।ਇਹ ਠੀਕ ਨਹੀਂ ਹੈ।ਉਹ ਵਿਅਕਤੀ ਹੋਰ ਇਕੱਲੇਪਣ ਵੱਲ ਧੱਕਿਆ ਜਾਂਦਾ ਹੈ।ਅਖੀਰ ਉਹ ਆਪਣੀ ਜਾਨ ਲੈ ਲੈਂਦਾ ਹੈ ਸਾਡੇ ਹੱਥ ਸਿਰਫ਼ ਪਛਤਾਵਾ ਲੱਗਦਾ ਹੈ।
ਆਪਣੇ ਪਿਆਰਿਆਂ ਦਾ ਧਿਆਨ ਰੱਖੋ।ਜੇਕਰ ਉਹ ਉਦਾਸੀ ਵੱਲ ਜਾ ਰਹੇ ਹਨ ਜਦੋਂ ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੋ।ਉਨ੍ਹਾਂ ਦੀ ਗੱਲ ਸੁਣੋ।ਜੇਕਰ ਤੁਹਾਨੂੰ ਲਗਦਾ ਹੈ ਕਿ ਤੁਹਾਡੇ ਸਮਝਾਉਣ ਨਾਲ ਸਮੱਸਿਆ ਹੱਲ ਹੋ ਜਾਵੇਗੀ ਤਾਂ ਠੀਕ ਹੈ।ਅਗਰ ਇਸ ਨਾਲ ਫ਼ਰਕ ਨਹੀਂ ਪੈਂਦਾ ਜਦੋਂ ਤੁਸੀਂ ਉਸ ਨੂੰ ਮਨੋਚਕਿਤਸਕ ਕੋਲ ਲੈ ਕੇ ਜਾਓ।
ਮਨੋਚਕਿਤਸਕ ਕੋਲ ਜਾਣਾ ਪਾਗਲ ਹੋਣਾ ਨਹੀਂ ਹੁੰਦਾ।ਸਾਡੇ ਸਮਾਜ ਵਿਚ ਕੈਂਸਰ ਨਾਲ ਮਰਨ ਵਾਲੇ ਨਾਲ ਹਮਦਰਦੀ ਹੁੰਦੀ ਹੈ ਪਰ ਮਾਨਸਿਕ ਰੋਗੀ ਦਾ ਮਜ਼ਾਕ ਉਡਾਇਆ ਜਾਂਦਾ ਹੈ।ਰੋਗੀ ਤਾਂ ਰੋਗੀ ਹੀ ਹੈ ਫਿਰ ਉਹ ਕਿਸੇ ਵੀ ਤਰ੍ਹਾਂ ਦਾ ਕਿਉਂ ਨਾ ਹੋਵੇ।ਉਸ ਪ੍ਰਤੀ ਹਮਦਰਦੀ ਭਰਿਆ ਰਵੱਈਆ ਰੱਖਣਾ ਬਹੁਤ ਜ਼ਰੂਰੀ ਹੈ।
ਮਨੋਚਿਕਿਤਸਕ ਕੋਲ ਜਾਣ ਨਾਲ ਜੁੜੀ ਹੋਈ ਮਿੱਥ ਚਿੰਤਾਜਨਕ ਹੈ।ਇਸ ਨਾਲ ਕਿਸੇ ਨੂੰ ਹੀਣਾ ਕਰਕੇ ਦੇਖਣਾ ਗਲਤ ਹੈ।ਮਨੋਰੋਗ ਇਕ ਰੋਗ ਹੈ ਆਮ ਰੋਗਾਂ ਦੀ ਤਰ੍ਹਾਂ।ਇਸ ਦਾ ਇਲਾਜ ਸੰਭਵ ਹੈ।ਇਸ ਵਿੱਚ ਰੋਗੀ ਨੂੰ ਤੁਹਾਡਾ ਪਿਆਰ ਤੇ ਆਪਣਾਪਣ ਚਾਹੀਦਾ ਹੈ।
ਜ਼ਰੂਰਤ ਹੈ ਇਸ ਰੋਗ ਦੇ ਲੱਛਣਾਂ ਨੂੰ ਸਮਝਣ ਦੀ।ਸਾਡਾ ਕੋਈ ਆਪਣਾ ਅਗਰ ਇਸ ਰੋਗ ਵੱਲ ਜਾ ਰਿਹਾ ਹੈ ਤਾਂ ਮਨੋਰੋਗ ਦਿਖਾਈ ਵਿਚੋਂ ਕੱਢਣਾ ਸਾਡਾ ਧਰਮ ਹੈ।ਉਸ ਦੀ ਮਦਦ ਕਰੋ।ਉਸ ਨੂੰ ਮਨੋਚਕਿਤਸਕ ਕੋਲ ਜ਼ਰੂਰ ਲੈ ਕੇ ਜਾਓ।ਅਜਿਹੇ ਰੋਗੀ ਅੰਦਰ ਹੀ ਅੰਦਰ ਆਪਣੇ ਆਪ ਨਾਲ ਘੁਲਦੇ ਹਨ।ਉਨ੍ਹਾਂ ਦੀ ਮਾਨਸਿਕ ਪਰੇਸ਼ਾਨੀ ਦਾ ਆਲਮ ਇੰਨਾ ਵਧ ਜਾਂਦਾ ਹੈ ਕਿ ਉਹ ਆਪਣੀ ਜਾਨ ਵੀ ਲੈ ਲੈਂਦੇ ਹਨ।ਪੱਚੀ ਤੋਂ ਤੀਹ ਸਾਲ ਦੀ ਉਮਰ ਵਿਚ ਇਹ ਰੋਗ ਬਹੁਤ ਵਧ ਰਿਹਾ ਹੈ।ਇਸ ਦਾ ਇੱਕ ਕਾਰਨ ਇਕੱਲਾਪਣ ਵੀ ਹੈ।
ਆਪਣਾ ਤੇ ਆਪਣਿਆਂ ਦਾ ਖਿਆਲ ਰੱਖੋ।ਉਨ੍ਹਾਂ ਦੇ ਵਿਵਹਾਰ ਵਿੱਚ ਆਏ ਕਿਸੇ ਵੀ ਬਦਲਾਅ ਨੂੰ ਸਮਝਣ ਦੀ ਕੋਸ਼ਿਸ਼ ਕਰੋ।ਉਨ੍ਹਾਂ ਨੂੰ ਵਿਸ਼ਵਾਸ ਦਿਵਾਉ ਕਿ ਤੁਸੀਂ ਉਨ੍ਹਾਂ ਪ੍ਰਤੀ ਸੁਹਿਰਦ ਹੋ।ਉਨ੍ਹਾਂ ਦੇ ਵਿਸ਼ਵਾਸ ਤੇ ਖਰੇ ਉੱਤਰੋ।ਯਕੀਨ ਜਾਣੋ ਇਹ ਬਹੁਤ ਜ਼ਰੂਰੀ ਹੈ।
ਮਾਨਸਿਕ ਰੋਗ ਦਾ ਇਲਾਜ ਸੰਭਵ ਹੈ ਇਹ ਗੱਲ ਹਮੇਸ਼ਾਂ ਯਾਦ ਰੱਖੋ।ਮਾਨਸਿਕ ਰੂਪ ਇਕ ਯੋਗ ਹੈ ਸਰੀਰਕ ਰੋਗਾਂ ਦੀ ਤਰ੍ਹਾਂ।ਮਾਨਸਿਕ ਰੋਗੀ ਦਾ ਕਦੇ ਵੀ ਮਜ਼ਾਕ ਨਾ ਬਣਾਓ।ਜਿੱਥੋਂ ਤਕ ਹੋ ਸਕੇ ਉਸ ਦਾ ਮਾਨਸਿਕ ਤੌਰ ਤੇ ਸਹਾਰਾ ਬਣੋ ।ਮਾਨਸਿਕ ਰੋਗਾਂ ਪ੍ਰਤੀ ਦ੍ਰਿੜ੍ਹਤਾ ਨਾਲ ਸੰਕਲਪ ਲਈਏ ਅਸੀਂ ਇਨ੍ਹਾਂ ਨਾਲ ਲੜਾਂਗੇ ਤੇ ਆਪਣੇ ਪਿਆਰਿਆਂ ਨੂੰ ਉਨ੍ਹਾਂ ਦੀ ਗ੍ਰਿਫ਼ਤ ਵਿੱਚੋਂ ਨਿਕਲਣ ਵਿੱਚ ਮੱਦਦ ਕਰਾਂਗੇ।
ਹਰਪ੍ਰੀਤ ਕੌਰ ਸੰਧੂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly