ਪਟਿਆਲਾ (ਸਮਾਜ ਵੀਕਲੀ): ਪੰਜਾਬੀ ਯੂਨੀਵਰਸਿਟੀ ਵੱਲੋਂ ਇਤਿਹਾਸ ਵਿਭਾਗ ਤੇ ਇਤਿਹਾਸ ਅਧਿਐਨ ਵਿਭਾਗ ਦਾ ਰਲੇਵਾਂ ਕਰਨ ਦੇ ਲਏ ਗਏ ਫ਼ੈਸਲੇ ਮਗਰੋਂ ਕੁਝ ਹੋਰਨਾ ਵਿਭਾਗਾਂ ਦਾ ਵੀ ਰਲੇਵਾਂ ਹੋਣ ਦੇ ਤੌਖਲੇ ਦੇ ਚੱਲਦਿਆਂ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਡਾ. ਤੇਜਵੰਤ ਮਾਨ ਦੀ ਅਗਵਾਈ ਹੇਠ ਸਭਾ ਦਾ ਇੱਕ ਵਫਦ ਅੱਜ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਅਰਵਿੰਦ ਨੂੰ ਮਿਲਿਆ।
ਸਭਾ ਦੇ ਨੁਮਾਇੰਦੇ ਡਾ. ਭਗਵੰਤ ਸਿੰਘ ਨੇ ਦੱਸਿਆ ਕਿ ਇਸ ਵਫਦ ਵਿੱਚ ਡਾ. ਤੇਜਵੰਤ ਮਾਨ ਅਤੇ ਉਨ੍ਹਾਂ ਸਮੇਤ ਪਵਨ ਹਰਚੰਦਪੁਰੀ, ਪ੍ਰੋ. ਸੰਧੂ ਵਰਿਆਣੀ, ਜਗਦੀਸ਼ ਰਾਣਾ, ਗੁਲਜ਼ਾਰ ਸਿੰਘ ਸ਼ੌਂਕੀ, ਡਾ. ਕੰਵਰ ਜਸਮਿੰਦਰ ਸਿੰਘ, ਬਲਬੀਰ ਜਲਾਲਾਬਾਦੀ, ਡਾ. ਹਰਜੀਤ ਸੱਧਰ ਅਤੇ ਸੋਹਨ ਸਿੰਘ ਭਿੰਡਰ ਵੀ ਸ਼ਾਮਲ ਸਨ। ਸਭਾ ਦੇ ਆਗੂਆਂ ਨੇ ਦੱਸਿਆ ਕਿ ਮੀਟਿੰਗ ਦੌਰਾਨ ਯੂਨੀਵਰਸਿਟੀ ਦੇ ਵਿਭਾਗਾਂ ਦੇ ਤਜਵੀਜ਼ਤ ਰਲੇਵੇ ਬਾਰੇ ਚਰਚਾ ਕੀਤੀ ਗਈ। ਪ੍ਰੋ. ਅਰਵਿੰਦ ਨੇ ਵਫ਼ਦ ਨੂੰ ਪੰਜਾਬੀ ਭਾਸ਼ਾ ਲਈ ਕੰਮ ਕਰ ਰਹੇ ਵਿਭਾਗਾਂ ਦਾ ਰਲੇਵਾਂ ਨਾ ਕੀਤੇ ਜਾਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਇਤਿਹਾਸ ਸਬੰਧੀ ਖੋਜ ਬੰਦ ਨਹੀਂ ਹੋਣ ਦੇਣਗੇ। ਉਨ੍ਹਾਂ ਨੇ ਵਫ਼ਦ ਨੂੰ ਮੈਡੀਕਲ ਅਤੇ ਇੰਜਨੀਅਰਿੰਗ ਵਿਸ਼ਿਆਂ ਵਿੱਚ ਪੰਜਾਬੀ ਜ਼ਰੂਰੀ ਕਰਨ ਅਤੇ ਕੇਂਦਰ ਸਰਕਾਰ ਦੀ ਸਿੱਖਿਆ ਨੀਤੀ ਪੰਜਾਬੀ ਯੂਨੀਵਰਸਿਟੀ ’ਚ ਲਾਗੂ ਨਾ ਕਰਨ ਦਾ ਵੀ ਭਰੋਸਾ ਦਿੱਤਾ। ਅੰਤ ਵਿੱਚ ਵਫਦ ਨੇ ਸਾਂਝੇ ਰੂਪ ਵਿੱਚ ਵੀਸੀ ਨੂੰ ਯਾਦ ਪੱਤਰ ਸੌਂਪਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly