ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਸਿੱਧੂ ਦੇ ਘਰ ਦੇ ਬਾਹਰ ਪ੍ਰਦਰਸ਼ਨ

ਅੰਮ੍ਰਿਤਸਰ (ਸਮਾਜ ਵੀਕਲੀ):  ਇੱਥੇ ਅੱਜ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ ਦੀ ਮੰਗ ਨੂੰ ਲੈ ਕੇ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਕਾਰਕੁਨਾਂ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਘਰ ਨੇੜੇ ਧਰਨਾ ਦਿੱਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਕਿ ਕਾਂਗਰਸ ਨੇ ਸੱਤਾ ਵਿੱਚ ਆਉਣ ਸਮੇਂ ਪੁਰਾਣੀ ਪੈਨਸ਼ਨ ਦੀ ਬਹਾਲੀ ਦਾ ਵਾਅਦਾ ਕੀਤਾ ਗਿਆ ਸੀ ਪਰ ਇਸ ਵਾਅਦੇ ਨੂੰ ਪੂਰਾ ਨਹੀਂ ਕੀਤਾ ਗਿਆ ਹੈ।

ਇਸ ਰੋਸ ਧਰਨੇ ਨੂੰ ਕਮੇਟੀ ਦੇ ਜ਼ਿਲ੍ਹਾ ਕਨਵੀਨਰ ਡਾ. ਸੰਤ ਸੇਵਕ ਸਿੰਘ ਸਰਕਾਰੀਆ, ਅਮਰਜੀਤ ਕਲੇਰ, ਹਰਵਿੰਦਰ ਸਿੰਘ ਸੁਲਤਾਨਵਿੰਡ, ਸੰਜੀਵ ਕਾਲੀਆ, ਹਰਨੇਕ ਸਿੰਘ, ਅਜਮੇਰ ਸਿੰਘ ਛੀਨਾ, ਡਾ. ਅਰਜਿੰਦਰ ਸਿੰਘ ਕਲੇਰ, ਨਰੇਸ਼ ਕੁਮਾਰ ਤੇ ਹੋਰਨਾਂ ਨੇ ਸੰਬੋਧਨ ਕੀਤਾ। ਆਗੂਆਂ ਨੇ ਆਖਿਆ ਕਿ ਪੈਨਸ਼ਨ ਬਹਾਲੀ ਲਈ ਪਿਛਲੇ ਪੰਜ ਸਾਲਾਂ ਤੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਹੁਣ ਤੱਕ ਸਰਕਾਰ ਨੇ ਇਸ ਮੰਗ ਦੀ ਪੂਰਤੀ ਲਈ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਵਿਧਾਇਕ ਪੰਜ ਸਾਲ ਦਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਪੈਨਸ਼ਨ ਦੇ ਹੱਕਦਾਰ ਬਣ ਜਾਂਦੇ ਹਨ ਪਰ ਮੁਲਾਜ਼ਮ ਸਾਰੀ ਉਮਰ ਸਰਕਾਰੀ ਸੇਵਾ ਕਰਨ ਤੋਂ ਬਾਅਦ ਵੀ ਪੈਨਸ਼ਨ ਦਾ ਹੱਕਦਾਰ ਨਹੀਂ ਹੈ।

ਬੁਲਾਰਿਆਂ ਨੇ ਆਖਿਆ ਕਿ ਸੁਪਰੀਮ ਕੋਰਟ ਦਾ ਫੈਸਲਾ ਆ ਚੁੱਕਾ ਹੈ ਕਿ ਸਾਰੀ ਉਮਰ ਕੰਮ ਕਰਨ ਬਦਲੇ ਮਿਲਣ ਵਾਲੀ ਪੈਨਸ਼ਨ ਮੁਲਾਜ਼ਮਾਂ ਦਾ ਹੱਕ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨੇ ਇਸ ਮਾਮਲੇ ਨੂੰ ਰੈੱਡੀ ਕਮੇਟੀ ਬਣਾ ਕੇ ਠੰਢੇ ਬਸਤੇ ਵਿਚ ਪਾਉਣ ਦਾ ਯਤਨ ਕੀਤਾ ਹੈ। ਇਸ ਕਮੇਟੀ ਦੀ ਰਿਪੋਰਟ ਹੁਣ ਤੱਕ ਨਹੀਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਐੱਨਪੀਐੱਸ ਵਾਪਸ ਲੈ ਕੇ ਪੁਰਾਣੀ ਪੈੈਨਸ਼ਨ ਬਹਾਲ ਨਹੀਂ ਕਰਦੀ ਤਾਂ ਆਉਣ ਵਾਲੀਆਂ ਚੋਣਾਂ ਵਿੱਚ ਲੋਕ ਇਨ੍ਹਾਂ ਦੇ ਵਾਅਦਿਆਂ ’ਤੇ ਭਰੋਸਾ ਨਹੀਂ ਕਰਨਗੇ। ਇਸ ਮੌਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਰੋਸ ਧਰਨੇ ਵਿਚ ਹਰਵਿੰਦਰ ਕੱਥੂਨੰਗਲ, ਸੁਲਤਾਨਪਾਲ ਸਿੰਘ, ਭੁਪਿੰਦਰ ਸਿੰਘ ਗਿੱਲ, ਬਲਦੇਵ ਸਿੰਘ ਮਜੀਠਾ, ਨੀਲਮ ਕੁਮਾਰੀ, ਰਮਨਦੀਪ ਕੌਰ, ਵਰਿੰਦਰ ਕੌਰ, ਰਾਜਬੀਰ ਕੌਰ, ਟੀਨਾ, ਗੁਰਪ੍ਰਤਾਪ ਸਿੰਘ ਤੇ ਹੋਰ ਹਾਜ਼ਰ ਸਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਨ ਦਲ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਨੇੜੇ ਪ੍ਰਦਰਸ਼ਨ
Next articleਸੋਨੀ ਵੱਲੋਂ ਗੁਰਦੁਆਰੇ ਦੀ ਮੁਰੰਮਤ ਲਈ 10 ਲੱਖ ਦੇਣ ਦਾ ਐਲਾਨ