ਅੰਮ੍ਰਿਤਸਰ (ਸਮਾਜ ਵੀਕਲੀ): ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕਾਰਕੁਨਾਂ ਵੱਲੋਂ ਅੱਜ ਸ੍ਰੀ ਹਰਿਮੰਦਰ ਸਾਹਿਬ ਸਮੂਹ ਨੇੜੇ ਰੋਸ ਪ੍ਰਦਰਸ਼ਨ ਕਰਦਿਆਂ ਦੋਸ਼ ਲਾਇਆ ਗਿਆ ਕਿ ਬੇਅਦਬੀਆਂ ਕਰਨ ਅਤੇ ਕਰਵਾਉਣ ਲਈ ਅਕਾਲੀ ਦਲ (ਬਾਦਲ) ਜ਼ਿੰਮੇਵਾਰ ਹੈ। ਇਸੇ ਤਰ੍ਹਾਂ ਹਰਿਆਣਾ ਕਮੇਟੀ ਦੇ ਮੁਖੀ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਇਕ ਵੱਖਰੇ ਬਿਆਨ ਰਾਹੀਂ ਆਖਿਆ ਕਿ ਬੇਅਦਬੀਆਂ ਲਈ ਦੋਸ਼ੀ ਬਾਦਲਾਂ ਨੂੰ ਬੇਅਦਬੀ ਤੇ ਪੰਥ ਦੇ ਨਾਂ ’ਤੇ ਰਾਜਨੀਤੀ ਕਰਨ ਦਾ ਕੋਈ ਹੱਕ ਨਹੀਂ ਹੈ। ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਵੀ ਦੋਸ਼ ਲਾਇਆ ਕਿ ਬੇਅਦਬੀ ਦੇ ਬਹਾਨੇ ਬਾਦਲ ਦਲ ਵੋਟਾਂ ਬਟੋਰਨ ਦਾ ਯਤਨ ਕਰ ਰਿਹਾ ਹੈ।
ਅੱਜ ਜਦੋਂ ਇੱਥੇ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਬੇਅਦਬੀ ਦੀ ਘਟਨਾ ਖ਼ਿਲਾਫ਼ ਰੋਸ ਦਿਵਸ ਸਮਾਗਮ ਮਨਾਇਆ ਜਾ ਰਿਹਾ ਸੀ ਤਾਂ ਕੈਂਪਸ ਤੋਂ ਬਾਹਰ ਅਕਾਲੀ ਦਲ ਮਾਨ ਵੱਲੋਂ ਇਸੇ ਮਾਮਲੇ ਨੂੰ ਲੈ ਕੇ ਵਿਰੋਧ ਪ੍ਰਗਟਾਇਆ ਗਿਆ। ਪਾਰਟੀ ਆਗੂ ਹਰਬੀਰ ਸਿੰਘ ਸੰਧੂ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਨੇ ਤਖ਼ਤੀਆਂ ਚੁੱਕ ਕੇ ਰੋਸ ਵਿਖਾਵਾ ਕੀਤਾ। ਇਨ੍ਹਾਂ ਤਖ਼ਤੀਆਂ ’ਤੇ ਲਿਖਿਆ ਹੋਇਆ ਸੀ, ‘‘ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਪਮਾਨਿਤ ਕਰਨ ਵਾਲੇ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਹੋਵੇ ਅਤੇ 328 ਸਰੂਪਾਂ ਨੂੰ ਲਾਪਤਾ ਕਰਨ ਵਾਲੇ ਦੋਸ਼ੀਆਂ ਵਿਰੁੱਧ ਐੱਫਆਈਆਰ ਦਰਜ ਕੀਤੀ ਜਾਵੇ।’’ ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਆਗੂਆਂ ਨੇ ਦੋਸ਼ ਲਾਇਆ ਕਿ ਬੇਅਦਬੀ ਦੀਆਂ ਘਟਨਾਵਾਂ ਲਈ ਅਕਾਲੀ ਦਲ (ਬਾਦਲ) ਜ਼ਿੰਮੇਵਾਰ ਹੈ।
ਹਰਿਆਣਾ ਕਮੇਟੀ ਦੇ ਮੁਖੀ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਦੋਸ਼ ਲਾਇਆ ਕਿ ਅਕਾਲੀ ਸਰਕਾਰ ਵੇਲੇ ਬਰਗਾੜੀ ਬੇਅਦਬੀ ਕਾਂਡ ਦਾ ਇਨਸਾਫ਼ ਮੰਗਦੇ ਸਿੱਖਾਂ ਨੂੰ ਬਹਿਬਲ ਕਲਾਂ ਵਿੱਚ ਗੋਲੀਆਂ ਚਲਾ ਕੇ ਸ਼ਹੀਦ ਕਰ ਦਿੱਤਾ ਗਿਆ। ਇਸ ਘਟਨਾ ਵਿੱਚ ਕਈ ਸਿੱਖ ਜ਼ਖ਼ਮੀ ਵੀ ਹੋਏ ਸਨ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਵੇਲੇ ਇਸ ਮਾਮਲੇ ’ਤੇ ਕੋਈ ਨਿਆਂ ਨਹੀਂ ਕੀਤਾ ਗਿਆ ਤਾਂ ਹੁਣ ਬਾਦਲ ਦਲ ਬੇਅਦਬੀ ਦੇ ਮੁੱਦੇ ’ਤੇ ਇਕੱਠ ਕਿਵੇਂ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਅਤੇ ਪੰਥ ਦੇ ਨਾਂ ’ਤੇ ਬਾਦਲਾਂ ਨੂੰ ਰਾਜਨੀਤੀ ਕਰਨ ਦਾ ਕੋਈ ਹੱਕ ਨਹੀਂ ਹੈ। ਉਨ੍ਹਾਂ ਬਾਦਲ ਪਰਿਵਾਰ ’ਤੇ ਹੋਰ ਗੰਭੀਰ ਦੋਸ਼ ਵੀ ਲਾਏ। 328 ਲਾਪਤਾ ਸਰੂਪਾਂ ਬਾਰੇ ਉਨ੍ਹਾਂ ਕਿਹਾ ਕਿ ਬਾਦਲ ਦਲ ਪਹਿਲਾਂ ਇਸ ਬਾਰੇ ਸਿੱਖ ਸੰਗਤ ਨੂੰ ਜਾਣਕਾਰੀ ਦੇੇਵੇ। ਉਨ੍ਹਾਂ ਸਿੱਖ ਸੰਗਤ ਨੂੰ ਬਾਦਲ ਦਲ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly