ਦਿੱਲੀ ਦੰਗੇ ਕੇਸ: ਉਮਰ ਖਾਲਿਦ ਅਦਾਲਤ ਵੱਲੋਂ ਦੋਸ਼ਮੁਕਤ ਕਰਾਰ

ਨਵੀਂ ਦਿੱਲੀ (ਸਮਾਜ ਵੀਕਲੀ) : ਉੱਤਰ-ਪੂਰਬੀ ਦਿੱਲੀ ਵਿੱਚ 2020 ਵਿੱਚ ਹੋਏ ਦੰਗਿਆਂ ਨਾਲ ਜੁੜੇ ਇੱਕ ਮਾਮਲੇ ਵਿੱਚ ਇੱਥੋਂ ਦੀ ਅਦਾਲਤ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਦੇ ਸਾਬਕਾ ਵਿਦਿਆਰਥੀ ਉਮਰ ਖਾਲਿਦ ਅਤੇ ਯੂਨਾਈਟਿਡ ਅਗੇਂਸਟ ਹੇਟ ਦੇ ਸੰਸਥਾਪਕ ਖਾਲਿਦ ਸੈਫੀ ਨੂੰ ਦੋਸ਼ਮੁਕਤ ਕਰਾਰ ਦਿੱਤਾ ਹੈ। ਵਧੀਕ ਸੈਸ਼ਨ ਜੱਜ ਪੁਲਸਤਿਆ ਪ੍ਰਾਮਚਲਾ ਦੀ ਅਦਾਲਤ ਨੇ ਇਹ ਆਦੇਸ਼ ਜਾਰੀ ਕਰਦਿਆਂ ਨਾਲ ਨਾਲ ਫਰਵਰੀ 2020 ਵਿੱਚ ਇੱਕ ਪਾਰਕਿੰਗ ਵਾਲੀ ਥਾਂ ’ਤੇ ਕਥਿਤ ਦੰਗਾ ਕਰਨ, ਭੰਨ-ਤੋੜ ਕਰਨ ਅਤੇ ਅੱਗਜ਼ਨੀ ਨਾਲ ਸਬੰਧੀ ਮਾਮਲੇ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਆਗੂ ਤਾਹਿਰ ਹੁਸੈਨ ਅਤੇ ਦਸ ਹੋਰਾਂ ਖ਼ਿਲਾਫ਼ ਦੋਸ਼ ਆਇਦ ਕੀਤੇ ਜਾਣ ਦਾ ਹੁਕਮ ਦਿੱਤਾ ਹੈ। ਖਾਲਿਦ ਤੇ ਸੈਫੀ ਨੂੰ ਦੰਗਿਆਂ ਨਾਲ ਸਬੰਧਿਤ ਇਸ ਕੇਸ ਵਿੱਚ ਜ਼ਮਾਨਤ ਮਿਲੀ ਹੋਈ ਹੈ। ਪਰ ਉਹ ਦੰਗਿਆਂ ਦੇ ਹੋਰ ਮਾਮਲਿਆਂ, ਜਿਨ੍ਹਾਂ ਵਿੱਚ ਵੱਡੇ ਪੱਧਰ ’ਤੇ ਸਾਜ਼ਿਸ਼ ਰਚਣਾ ਸ਼ਾਮਲ ਹੈ, ਵਿੱਚ ਫਿਲਹਾਲ ਜੇਲ੍ਹ ’ਚ ਹੀ ਰਹਿਣਗੇ।

ਕਾਂਸਟੇਬਲ ਸੰਗਰਾਮ ਸਿੰਘ ਦੇ ਬਿਆਨ ਦੇ ਆਧਾਰ ’ਤੇ ਇਸ ਮਾਮਲੇ ਵਿੱਚ ਐੱਫਆਈਆਰ ਦਰਜ ਕੀਤੀ ਗਈ ਸੀ। ਉਸ ਨੇ ਬਿਆਨ ਵਿੱਚ ਕਿਹਾ ਸੀ ਕਿ 24 ਫਰਵਰੀ 2020 ਨੂੰ ਮੇਨ ਕਰਾਵਲ ਨਗਰ ਰੋਡ ’ਤੇ ਦੰਗਈਆਂ ਦੀ ਭੀੜ ਨੇ ਪੱਥਰਬਾਜ਼ੀ ਕੀਤੀ ਸੀ ਅਤੇ ਇੱਕ ਪਾਰਕਿੰਗ ਵਿੱਚ ਵਾਹਨਾਂ ਨੂੰ ਅੱਗ ਲਾ ਦਿੱਤੀ ਸੀ। ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਇਨ੍ਹਾਂ ਦੋਵਾਂ ਤੋਂ ਇਲਾਵਾ ਤਾਰਿਕ ਮੋਇਨ ਰਿਜ਼ਵੀ, ਜਾਗਰ ਖ਼ਾਨ ਅਤੇ ਮੁਹੰਮਦ ਇਲਿਆਸ ਨੂੰ ਵੀ ਦਸ ਹਜ਼ਾਰ ਰੁਪਏ ਦੀ ਜ਼ਮਾਨਤ ਅਤੇ ਏਨੀ ਹੀ ਰਕਮ ਦੇ ਮੁਚੱਲਕੇ ’ਤੇ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ। ਜ਼ਿਕਰਯੋਗ ਹੈ ਕਿ ਜ਼ਮਾਨਤੀ ਬਾਂਡ ਰਾਹੀਂ ਇਹ ਯਕੀਨੀ ਬਣਾਇਆ  ਜਾਂਦਾ ਹੈ ਕਿ ਜੇ ਜੇਲ੍ਹ ਤੋਂ ਬਾਹਰ ਆਏ ਮੁਲਜ਼ਮ ਦੀ ਜ਼ਮਾਨਤ ਨੂੰ ਉਪਰਲੀ ਅਦਾਲਤ ਵਿੱਚ ਚੁਣੌਤੀ ਦਿੱਤੀ ਜਾਂਦੀ ਹੈ ਤਾਂ ਮੁਲਜ਼ਮ ਨੂੰ ਪੇਸ਼ ਹੋਣਾ ਪਵੇਗਾ। ਜਿੱਥੋਂ ਤੱਕ ਖਾਲਿਦ ਤੇ ਸੈਫੀ ਦੀ ਰਿਹਾਈ ਦਾ ਸਬੰਧ ਹੈ, ਇਨ੍ਹਾਂ ਖ਼ਿਲਾਫ਼ ਵੱਡੇ ਪੱਧਰ ’ਤੇ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਦਰਜ ਕੇਸ ਵਿਸ਼ੇਸ਼ ਜੱਜ ਅਮਿਤਾਭ ਰਾਵਤ ਦੀ ਅਦਾਲਤ ਵਿੱਚ  ਵਿਚਾਰਅਧੀਨ ਹੈ। ਇਹ ਜਾਣਕਾਰੀ ਵਿਸ਼ੇਸ਼ ਸਰਕਾਰੀ ਵਕੀਲ ਮਧੂਕਰ ਪਾਂਡੇ ਨੇ ਦਿੱਤੀ। ਇਸ ਮਾਮਲੇ ਵਿੱਚ ਮੁਲਜ਼ਮਾਂ ਦੀ ਅਗਲੀ ਪੇਸ਼ੀ 17 ਦਸੰਬਰ ਨੂੰ ਹੈ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੇਸ਼ ਦੀ ਸਮੁੰਦਰੀ ਸ਼ਕਤੀ ਨੂੰ ਵਿਕਸਤ ਕਰਨ ਦੀ ਲੋੜ: ਐਡਮਿਰਲ ਲਾਂਬਾ
Next articleSeven vessels with agricultural products leave Ukraine’s ports