ਝੋਨੇ ਦੀ ਖ਼ਰੀਦ ’ਚ ਦੇਰੀ: ਕੇਂਦਰ ਵੱਲੋਂ ਪੰਜਾਬ ਨੂੰ ਨਵਾਂ ਸਿਆਸੀ ਹਲੂਣਾ

ਚੰਡੀਗੜ੍ਹ, (ਸਮਾਜ ਵੀਕਲੀ):  ਕੇਂਦਰ ਸਰਕਾਰ ਵੱਲੋਂ ਝੋਨੇ ਦੀ ਖ਼ਰੀਦ ਐਨ ਮੌਕੇ ’ਤੇ ਮੁਲਤਵੀ ਕੀਤੇ ਜਾਣ ਤੋਂ ਪੰਜਾਬ ਦੇ ਕਿਸਾਨਾਂ ’ਚ ਨਵੇਂ ਤੌਖਲੇ ਖੜ੍ਹੇ ਹੋ ਗਏ ਹਨ ਅਤੇ ਇਸ ਕੇਂਦਰੀ ਹਲੂਣੇ ਨਾਲ ਪੰਜਾਬ ਦਾ ਸਿਆਸੀ ਮਾਹੌਲ ਵੀ ਭਖ਼ ਗਿਆ ਹੈ। ਕੇਂਦਰ ਸਰਕਾਰ ਨੇ ਮੌਸਮ ਦਾ ਬਹਾਨਾ ਬਣਾ ਕੇ ਪੰਜਾਬ ਅਤੇ ਹਰਿਆਣਾ ’ਚ ਝੋਨੇ ਦੀ ਖ਼ਰੀਦ 11 ਅਕਤੂਬਰ ਤੋਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰ ਕੇ ਪੰਜਾਬ ਵਿੱਚ ਝੋਨੇ ਦੀ ਖ਼ਰੀਦ ਫ਼ੌਰੀ ਸ਼ੁਰੂ ਕਰਾਉਣ ਦੀ ਅਪੀਲ ਕੀਤੀ ਹੈ। ਇਧਰ, ਪੰਜਾਬ ਦੇ 16 ਜ਼ਿਲ੍ਹਿਆਂ ਦੇ ਖ਼ਰੀਦ ਕੇਂਦਰਾਂ ਵਿੱਚ ਲੰਘੇ ਦੋ ਦਿਨਾਂ ਦੌਰਾਨ 23097 ਮੀਟਰਿਕ ਟਨ ਪਰਮਲ ਝੋਨਾ ਪੁੱਜ ਚੁੱਕਿਆ ਹੈ ਜਿਸ ਵਿੱਚੋਂ 1522 ਮੀਟਰਿਕ ਟਨ ਪ੍ਰਾਈਵੇਟ ਵਪਾਰੀਆਂ ਵੱਲੋਂ ਖ਼ਰੀਦ ਕੀਤਾ ਗਿਆ ਹੈ। ਕੇਂਦਰ ਦੇ ਫ਼ੈਸਲੇ ਮਗਰੋਂ ਖ਼ਰੀਦ ਏਜੰਸੀਆਂ ਅੱਜ ਮੰਡੀਆਂ ਵਿੱਚ ਨਹੀਂ ਪੁੱਜੀਆਂ। ਆਉਂਦੇ ਦਿਨਾਂ ’ਚ ਫ਼ਸਲ ਹੋਰ ਪੁੱਜਣ ’ਤੇ ਨਵਾਂ ਸੰਕਟ ਪੈਦਾ ਹੋ ਜਾਵੇਗਾ।

ਪੰਜਾਬ ਚੋਣਾਂ ਦੇ ਮੱਦੇਨਜ਼ਰ ਸਿਆਸੀ ਧਿਰਾਂ ਨੇ ਕੇਂਦਰ ਦੇ ਇਸ ਫ਼ੈਸਲੇ ਖ਼ਿਲਾਫ਼ ਬਿਗਲ ਵਜਾ ਦਿੱਤਾ ਹੈ। ਮੁੱਖ ਮੰਤਰੀ ਚਰਨਜੀਤ ਚੰਨੀ ਬਿਨਾਂ ਕਿਸੇ ਦੇਰੀ ਤੋਂ ਅੱਜ ਪ੍ਰਧਾਨ ਮੰਤਰੀ ਨੂੰ ਨਿੱਜੀ ਤੌਰ ’ਤੇ ਖ਼ਰੀਦ ਪਹਿਲਾਂ ਸ਼ੁਰੂ ਕਰਾਉਣ ਦੀ ਅਪੀਲ ਕਰਨ ਵਾਸਤੇ ਦਿੱਲੀ ਪੁੱਜ ਗਏ। ਪੰਜਾਬ ਮੰਡੀ ਬੋਰਡ ਦਾ ਸਟਾਫ਼ ਅੱਜ ਤੋਂ ਹੀ ਖ਼ਰੀਦ ਕੇਂਦਰਾਂ ਵਿੱਚ ਤਾਇਨਾਤ ਹੋ ਗਿਆ ਹੈ।

ਸੂਤਰ ਦੱਸਦੇ ਹਨ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਮੌਸਮ ਦਾ ਹਵਾਲਾ ਦੇ ਕੇ ਝੋਨੇ ਦੀ ਖ਼ਰੀਦ ਪਿਛੇਤ ਨਾਲ ਸ਼ੁਰੂ ਕਰਨ ਵਾਸਤੇ ਆਖਿਆ ਗਿਆ ਸੀ ਪਰ ਕੇਂਦਰ ਨੇ ਹਰਿਆਣਾ ਦੇ ਨਾਲ ਪੰਜਾਬ ’ਚ ਵੀ 10 ਦਿਨਾਂ ਲਈ ਖ਼ਰੀਦ ਮੁਲਤਵੀ ਕਰ ਦਿੱਤੀ ਹੈ। ਭਾਵੇਂ ਇਸ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਹੋਈ ਹੈ ਪਰ ਪੰਜਾਬ ਵਿਚ ਫ਼ਸਲੀ ਖ਼ਰੀਦ ਨੂੰ ਲੈ ਕੇ ਕਿਸਾਨਾਂ ਦੇ ਫ਼ਿਕਰ ਵਧ ਗਏ ਹਨ।

ਦੱਸਣਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਵਿਚ ਵੀ ਕਿਸਾਨ ਅੰਦੋਲਨ ਸਭ ਤੋਂ ਵੱਧ ਤਿੱਖਾ ਹੈ। ਕੇਂਦਰ ਸਰਕਾਰ ਨੇ ਪਹਿਲਾਂ ਪੱਤਰ ਜਾਰੀ ਕਰਕੇ ਪੰਜਾਬ ਵਿੱਚੋਂ 171 ਲੱਖ ਮੀਟਰਿਕ ਝੋਨਾ ਖ਼ਰੀਦ ਕਰਨ ਦਾ ਟੀਚਾ ਤੈਅ ਕੀਤਾ ਹੈ ਜਦੋਂ ਕਿ ਪੰਜਾਬ ਨੇ 191 ਲੱਖ ਮੀਟਰਿਕ ਝੋਨਾ ਮੰਡੀਆਂ ਵਿੱਚ ਪੁੱਜਣ ਦਾ ਅਨੁਮਾਨ ਲਾਇਆ ਹੈ। ਪੰਜਾਬ ਸਰਕਾਰ ਨੇ ਬਾਹਰੋਂ ਆਉਣ ਵਾਲੇ ਝੋਨੇ ਨੂੰ ਰੋਕਣ ਲਈ ਅੰਤਰਰਾਜੀ ਨਾਕੇ ਲਾਉਣ ਦਾ ਫ਼ੈਸਲਾ ਕੀਤਾ ਹੈ। ਪੰਜਾਬ ਸਰਕਾਰ ਦੀ ਚਿੰਤਾ ਹੈ ਕਿ ਜੇ ਮੰਡੀਆਂ ਵਿੱਚ 171 ਲੱਖ ਮੀਟਰਿਕ ਟਨ ਤੋਂ ਜ਼ਿਆਦਾ ਝੋਨਾ ਪੁੱਜ ਗਿਆ ਤਾਂ ਉਸ ਲਈ ਫ਼ੰਡਾਂ ਦਾ ਪ੍ਰਬੰਧ ਕਿੱਥੋਂ ਹੋਵੇਗਾ।

ਖ਼ੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਦਾ ਕਹਿਣਾ ਸੀ ਕਿ ਮਾਝੇ ਦੀਆਂ ਮੰਡੀਆਂ ਵਿੱਚ ਪੰਜ ਹਜ਼ਾਰ ਮੀਟਰਿਕ ਟਨ ਝੋਨੇ ਦੀ ਆਮਦ ਹੋ ਚੁੱਕੀ ਹੈ ਅਤੇ ਕੇਂਦਰ ਸਰਕਾਰ ਨੇ ਮੌਸਮ ਦੇ ਬਹਾਨੇ ਨਾਲ ਨਵੀਂ ਬਿਪਤਾ ਖੜ੍ਹੀ ਕਰ ਦਿੱਤੀ ਹੈ। ਉਨ੍ਹਾਂ ਨੇ ਆਪਣੇ ਵੱਲੋਂ ਖ਼ਰੀਦ ਦੇ ਸਾਰੇ ਪ੍ਰਬੰਧ ਪੂਰੇ ਕੀਤੇ ਹੋਏ ਹਨ ਅਤੇ ਉਮੀਦ ਹੈ ਕਿ ਕੇਂਦਰ ਖ਼ਰੀਦ ਮੁਲਤਵੀ ਦੇ ਫ਼ੈਸਲੇ ’ਤੇ ਮੁੜ ਗ਼ੌਰ ਕਰ ਲਵੇਗਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੰਧਾਵਾ ਵੱਲੋਂ ਪੁਲੀਸ ਹੈੱਡਕੁਆਰਟਰ ’ਤੇ ਛਾਪਾ
Next articleਪੰਜਾਬ ਨਾਲ ਧੱਕਾ ਬੰਦ ਕਰੇ ਕੇਂਦਰ: ਜਾਖੜ