
ਮਸਤੂਆਣਾ ਸਾਹਿਬ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਸਥਾਨਕ ਅਕਾਲ ਡਿਗਰੀ ਕਾਲਜ ਦੀ ਪੰਜਾਬੀ ਸਾਹਿਤ ਸਭਾ ਵੱਲੋਂ ਪ੍ਰਿੰਸੀਪਲ ਡਾ. ਅਮਨਦੀਪ ਕੌਰ ਜੀ ਦੀ ਯੋਗ ਅਗਵਾਈ ਅਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਹਰਜਿੰਦਰ ਸਿੰਘ ਦੁੱਗਾਂ ਦੀ ਨਿਗਰਾਨੀ ਅਧੀਨ ਕਾਲਜ ਵਿਖੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਬੜੀ ਹੀ ਧੂਮ ਧਾਮ ਨਾਲ਼ ਕਵੀ ਦਰਬਾਰ ਦੇ ਰੂਪ ਵਿੱਚ ਮਨਾਇਆ ਗਿਆ । ਇਸ ਸਾਹਿਤਕ ਸਮਾਗਮ ਵਿੱਚ ਮਹਿਮਾਨ ਸਾਹਿਤਕਾਰਾਂ ਵਜੋਂ ਪ੍ਰਸਿੱਧ ਸ਼ਾਇਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ( ਰਜਿ: ) ਦੇ ਮੀਤ ਪ੍ਰਧਾਨ ਮੂਲ ਚੰਦ ਸ਼ਰਮਾ , ਪੰਜਾਬੀ ਗ਼ਜ਼ਲ ਸਕੂਲ ਦੇ ਸੰਚਾਲਕ ਰਣਜੀਤ ਸਿੰਘ ਧੂਰੀ , ਸਾਹਿਤ ਸਭਾ ਸ਼ੇਰਪੁਰ ਦੇ ਜਨਰਲ ਸਕੱਤਰ ਸਰਪੰਚ ਰਣਜੀਤ ਸਿੰਘ ਕਾਲ਼ਾ ਬੂਲਾ਼ ਅਤੇ ਬਾਲ ਸਾਹਿਤ ਦੇ ਪ੍ਰੌੜ੍ਹ ਕਵੀ ਜਗਦੀਸ਼ ਬਹਾਦਰ ਪੁਰੀ ਨੇ ਸ਼ਿਰਕਤ ਕੀਤੀ । ਪ੍ਰਿੰਸੀਪਲ ਸਾਹਿਬਾ ਨੇ ਬਾਹਰੋਂ ਆਏ ਮਹਿਮਾਨ ਲੇਖਕਾਂ ਨੂੰ ” ਜੀ ਆਇਆਂ ਨੂੰ ” ਕਹਿਦਿਆਂ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੇ ਪਿਛੋਕੜ ਬਾਰੇ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ । ਜਗਦੀਸ਼ ਬਹਾਦਰ ਪੁਰੀ ਨੇ ਆਪਣੀਆਂ ਮਕਬੂਲ ਰਚਨਾਵਾਂ ” ਮੇਰਾ ਸੋਹਣਾ ਵਤਨ ਪੰਜਾਬ ਅਤੇ ਇਹ ਬੋਲੀ ਪੰਜਾਬੀ ” ਹਾਜ਼ਰੀਨ ਨਾਲ਼ ਸਾਂਝੀਆਂ ਕੀਤੀਆਂ , ਰਣਜੀਤ ਸਿੰਘ ਧੂਰੀ ਨੇ ਆਪਣੇ ਜੀਵਨ ਅਤੇ ਸਾਹਿਤਕ ਸਫ਼ਰ ਦੀਆਂ ਯਾਦਾਂ ਤਾਜ਼ਾ ਕਰਦਿਆਂ ਤਿੰਨ ਨਵੀਆਂ ਗ਼ਜ਼ਲਾਂ ਪੇਸ਼ ਕੀਤੀਆਂ , ਰਣਜੀਤ ਸਿੰਘ ਕਾਲ਼ਾ ਬੂਲਾ਼ ਨੇ ਗ਼ਜ਼ਲ ਦੀਆਂ ਬਾਰੀਕੀਆਂ ਦਾ ਜ਼ਿਕਰ ਕਰਦਿਆਂ ਆਪਣੀਆਂ ਦੋ ਗ਼ਜ਼ਲਾਂ ਵੀ ਸਾਂਝੀਆਂ ਕੀਤੀਆਂ ਅਤੇ ਅੰਤ ਵਿੱਚ ਮੂਲ ਚੰਦ ਸ਼ਰਮਾ ਨੇ ਢਾਕਾ ਯੂਨੀਵਰਸਿਟੀ ਦੇ 21 ਫ਼ਰਵਰੀ ਦੇ ਸ਼ਹੀਦਾਂ ਨੂੰ ਸ਼ਰਧਾ ਸੁਮਨ ਭੇਂਟ ਕਰਦਿਆਂ 1952 ਤੋਂ ਸਨ 2000 ਤੱਕ ਦੇ ਸੰਘਰਸ਼ ਦੀ ਕਹਾਣੀ ਬਿਆਨ ਕਰਨ ਤੋਂ ਬਾਅਦ ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਨਾਲ਼ ਸੰਬੰਧਿਤ ਦੋ ਖ਼ੂਬਸੂਰਤ ਰਚਨਾਵਾਂ ਤਰੰਨਮ ਵਿੱਚ ਪੇਸ਼ ਕਰਕੇ ਖ਼ੂਬ ਰੰਗ ਬੰਨ੍ਹਿਆਂ । ਸਮਾਗਮ ਦੇ ਸ਼ੁਰੂ ਵਿੱਚ ਪ੍ਰੋ਼. ਹਰਪਾਲ ਸਿੰਘ , ਪ੍ਰੋ. ਰਾਜਵਿੰਦਰ ਪਾਲ ਸਿੰਘ , ਡਾ. ਪ੍ਰਿਆ ਰਾਣੀ , ਪ੍ਰੋ. ਪਰਦੀਪ ਕੌਰ , ਪ੍ਰੋ. ਸੁਖਵਿੰਦਰ ਸਿੰਘ , ਅਤੇ ਪ੍ਰੋ. ਰਮਨਦੀਪ ਕੌਰ ਨੇ ਵੀ ਆਪਣੇ ਵਿਚਾਰ ਅਤੇ ਕਵਿਤਾਵਾਂ ਪੇਸ਼ ਕੀਤੀਆਂ । ਪੰਜਾਬੀ ਵਿਭਾਗ ਦੇ ਮੁਖੀ ਡਾ. ਹਰਜਿੰਦਰ ਸਿੰਘ ਵੱਲੋਂ ਆਪਣੇ ਧੰਨਵਾਦੀ ਸ਼ਬਦ ਵੀ ਕਾਵਿਕ ਰੰਗ ਵਿੱਚ ਹੀ ਪੇਸ਼ ਕੀਤੇ ਗਏ । ਸਮੁੱਚੇ ਪ੍ਰੋਗਰਾਮ ਨੂੰ ਸਫ਼ਲ ਕਰਨ ਵਿੱਚ ਸਮੂਹ ਸਟਾਫ਼ , ਸਾਹਿਤ ਸਭਾ ਦੇ ਅਹੁਦੇਦਾਰਾਂ ਅਤੇ ਵਿਦਿਆਰਥੀਆਂ ਦਾ ਭਰਵਾਂ ਸਹਿਯੋਗ ਰਿਹਾ । ਅਖ਼ੀਰ ਵਿੱਚ ਸਮੁੱਚੇ ਸ਼ਾਇਰਾਂ ਨੂੰ ਸਨਮਾਨ ਚਿੰਨ੍ਹ , ਲੋਈਆਂ ਅਤੇ ਨਕਦ ਰਾਸ਼ੀ ਰਾਹੀਂ ਸਨਮਾਨਿਤ ਵੀ ਕੀਤਾ ਗਿਆ ।