HOME ਮਨੁੱਖੀ ਸੇਵਾ ਨੂੰ ਸਮਰਪਿਤ ਨਾਨਕ ਰੋਟੀ ਟਰੱਸਟ

ਮਨੁੱਖੀ ਸੇਵਾ ਨੂੰ ਸਮਰਪਿਤ ਨਾਨਕ ਰੋਟੀ ਟਰੱਸਟ

4

ਬਲਦੇਵ ਸਿੰਘ ਬੇਦੀ

 (ਸਮਾਜ ਵੀਕਲੀ)  ਜਦੋਂ ਸਾਡੇ ਮਨ ਵਿਚ ਇਹ ਵਿਚਾਰ ਜਨਮ ਲੈਂਦਾ ਹੈ ਕਿ “ਕੋਈ ਭੁੱਖਾ ਨਾ ਸੌਵੇਂ”, ਤਾਂ ਫਿਰ ਇਹ ਸਿਰਫ਼ ਇੱਕ ਸੋਚ ਨਹੀਂ ਰਹਿ ਜਾਂਦੀ, ਸਗੋਂ ਇਹ ਇਕ ਅਜਿਹਾ ਰੱਬੀ ਮਿਸ਼ਨ ਬਣ ਜਾਂਦਾ ਹੈ ਜੋ ਹੱਦਾਂ, ਜਾਤੀਆਂ ਅਤੇ ਧਰਮਾਂ ਤੋਂ ਪਰ੍ਹੇ ਹੋ ਕੇ ਇਨਸਾਨੀਅਤ ਦੀ ਅਸਲ ਪਰਿਭਾਸ਼ਾ ਬਣ ਜਾਂਦਾ ਹੈ। ਇਹੀ ਸੋਚ ਹਕੀਕਤ ਬਣੀ ਨਾਨਕ ਰੋਟੀ ਟਰੱਸਟ ਦੇ ਰੂਪ ਵਿੱਚ, ਜੋ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਤੋਂ ਪ੍ਰੇਰਿਤ ਹੈ ਅਤੇ ਜਿੱਥੇ ਸੇਵਾ ਕੋਈ ਡਿਊਟੀ ਨਹੀਂ, ਸਗੋਂ ਆਤਮਿਕ ਜ਼ਿੰਮੇਵਾਰੀ ਸਮਝੀ ਜਾਂਦੀ ਹੈ।ਇਹ ਟਰੱਸਟ ਨਾ ਸਿਰਫ਼ ਭੁੱਖੇ ਪੇਟ ਲਈ ਰੋਟੀ ਵੰਡਦਾ ਹੈ, ਸਗੋਂ ਹਰ ਰੋਜ਼ ਇਕ ਨਵੀਂ ਉਮੀਦ ਦੀ ਕਿਰਣ ਵੀ ਵੰਡਦਾ ਹੈ।  ਨਾਨਕ ਰੋਟੀ ਟਰੱਸਟ ਇੱਕ ਅਜਿਹਾ ਜਤਨ ਹੈ ਜੋ “ਗੁਰੂ ਨਾਨਕ ਪਾਤਸ਼ਾਹ ਜੀ” ਦੀ ਕਿਰਪਾ ਨਾਲ ਮੁੰਬਈ ਦੇ ਅੰਮ੍ਰਿਤਵੇਲਾ ਟਰੱਸਟ ਦੇ ਸਹਿਯੋਗ ਅਤੇ ਭਾਈ ਸਾਹਿਬ ਗੁਰਪ੍ਰੀਤ ਸਿੰਘ ਜੀ (ਰਿੰਕੂ ਵੀਰ ਜੀ) ਦੀ ਪ੍ਰੇਰਕ ਅਗਵਾਈ ਵਿੱਚ ਚੱਲ ਰਿਹਾ ਹੈ। ਅੰਮ੍ਰਿਤਵੇਲਾ ਟਰੱਸਟ ਦੇ ਦੁਨੀਆ ਭਰ ਵਿੱਚ 1500 ਤੋਂ ਵੱਧ ਸੈਂਟਰ ਹਨ, ਜਿੱਥੇ ਹਰ ਰੋਜ਼ ਲੱਖਾਂ ਸੰਗਤ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਨਾਮ ਸਿਮਰਨ ਅਤੇ ਗੁਰਬਾਣੀ ਰਾਹੀਂ ਆਪਣੀ ਜ਼ਿੰਦਗੀ ਸਫਲ ਕਰ ਰਹੀ ਹੈ। ਇਹ ਟਰੱਸਟ ਮੁੰਬਈ ਦੇ ਵੱਖ-ਵੱਖ ਇਲਾਕਿਆਂ ਵਿਚ ਲੰਗਰ ਦੀਆਂ ਗੱਡੀਆਂ ਰਾਹੀਂ ਇਹ ਮਿਸ਼ਨ ਲੈ ਕੇ ਨਿਕਲਦਾ ਹੈ ਕਿ  “ਗੁਰੂ ਨਾਨਕ ਜੀ ਮਿਹਰ ਕਰਨ, ਕੋਈ ਭੁੱਖਾ ਨਾ ਸੌਵੇਂ।” ਇਸ ਸੇਵਾ ਵਿੱਚ ਹਰੇਕ ਰੋਟੀ ਦੇ ਪਿੱਛੇ ਇਕ ਅਰਦਾਸ, ਇਕ ਨੇਕੀ ਤੇ ਇਕ ਸੰਕਲਪ ਲੁਕਿਆ ਹੁੰਦਾ ਹੈ। ਗੁਰੂ ਸਾਹਿਬ ਦੇ ਬਚਨਾਂ ਅਨੁਸਾਰ  “ਆਤਮਾ ਦਾ ਭੋਜਨ ਕੀਰਤਨ ਤੇ ਸਰੀਰ ਦਾ ਭੋਜਨ ਨਾਨਕ ਰੋਟੀ ਰਾਹੀਂ”, ਇਹ ਸੇਵਾ ਪੂਰੀ ਸ਼ਰਧਾ ਅਤੇ ਮਰਿਯਾਦਾ ਨਾਲ ਕੀਤੀ ਜਾਂਦੀ ਹੈ। ਚਾਹੇ ਬੱਸ ਅੱਡੇ ਹੋਣ ਜਾਂ ਰੇਲਵੇ ਸਟੇਸ਼ਨ, ਹਸਪਤਾਲ ਜਾਂ ਗਰੀਬ ਬਸਤੀਆਂ, ਜਿੱਥੇ ਵੀ ਕੋਈ ਭੁੱਖਾ ਦਿਖਾਈ ਦਿੰਦਾ ਹੈ, ਉੱਥੇ ਨਾਨਕ ਰੋਟੀ ਟਰੱਸਟ ਦੀ ਗੱਡੀ ਰੁੱਕਦੀ ਹੈ ਅਤੇ ਲੰਗਰ ਵੰਡਦੀ ਹੋਈ ਕਹਿੰਦੀ ਹੈ “ਧੰਨ ਗੁਰੂ ਨਾਨਕ!” ਟਰੱਸਟ ਦੇ ਸੇਵਾਦਾਰ ਸੰਦੀਪ ਜੀ ਨਾਲ ਗੱਲਬਾਤ ਦੌਰਾਨ ਪਤਾ ਲੱਗਿਆ ਕਿ ਸਾਲ 2017 ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮੇਂ ਰਾਤ ਨੂੰ ਲੰਗਰ ਬਚ ਗਿਆ। ਕੁਝ ਸੇਵਾਦਾਰਾਂ ਨੇ ਸੋਚਿਆ ਕਿ ਇਹ ਲੰਗਰ ਗਰੀਬਾਂ ਤੱਕ ਪਹੁੰਚਾਇਆ ਜਾਵੇ। ਜਦੋਂ ਉਹ ਗੱਡੀ ‘ਚ ਲੰਗਰ ਲੈ ਕੇ ਗਰੀਬ ਬਸਤੀਆਂ ਵੱਲ ਗਏ, ਤਾਂ ਉਨ੍ਹਾਂ ਨੇ ਜੋ ਦ੍ਰਿਸ਼ ਦੇਖਿਆ, ਉਹ ਹੈਰਾਨ ਕਰ ਦੇਣ ਵਾਲਾ ਸੀ, ਲੋਕ ਲੰਗਰ ਇਸ ਤਰ੍ਹਾਂ ਖਾ ਰਹੇ ਸਨ ਜਿਵੇਂ ਕਈ ਦਿਨਾਂ ਤੋਂ ਭੁੱਖੇ ਹੋਣ।ਇਹ ਕੋਈ ਆਮ ਘਟਨਾ ਨਹੀਂ ਸੀ, ਸਗੋਂ ਇਕ ਰੱਬੀ ਇਸ਼ਾਰਾ ਸੀ।ਜਦੋਂ ਇਹ ਗੱਲ ਭਾਈ ਸਾਹਿਬ ਗੁਰਪ੍ਰੀਤ ਸਿੰਘ ਜੀ (ਰਿੰਕੂ ਵੀਰ ਜੀ) ਨੂੰ ਦੱਸੀ ਗਈ, ਤਾਂ ਉਨ੍ਹਾਂ ਕਿਹਾ “ਜੇ ਰੱਬ ਨੇ ਤੁਹਾਨੂੰ ਇਹ ਦ੍ਰਿਸ਼ ਦਿਖਾਇਆ ਹੈ, ਤਾਂ ਇਹ ਕੋਈ ਇਤਫ਼ਾਕ ਨਹੀਂ, ਸਗੋਂ ਤੁਹਾਡੀ ਸੇਵਾ ਦੀ ਸ਼ੁਰੂਆਤ ਹੈ।” ਇਸ ਤਰ੍ਹਾਂ 2018 ਤੋਂ ਇਹ ਸੇਵਾ ਅੰਮ੍ਰਿਤਵੇਲਾ ਟਰੱਸਟ ਨਾਲ ਜੁੜ ਕੇ ਇੱਕ ਸੰਗਠਿਤ ਰੂਪ ‘ਚ ਲੱਗੀ। ਹਾਲਾਂਕਿ ਲੰਗਰ ਦੀ ਸੇਵਾ 2013 ਤੋਂ ਹੀ ਚੱਲ ਰਹੀ ਸੀ, ਪਰ ਨਾਮ ਰਹਿਤ। ਹੁਣ ਇਹ ਟਰੱਸਟ ਇਨਸਾਨੀਅਤ ਦੀ ਮਿਸਾਲ ਬਣ ਚੁਕਿਆ ਹੈ। ਮੁੰਬਈ ਦੇ ਅਮਰਾਵਤੀ ਤੋਂ ਸ਼ੁਰੂ ਹੋਈ ਇਹ ਲਹਿਰ ਅੱਜ ਭਾਰਤ ਦੇ 250 ਤੋਂ ਵੱਧ ਸ਼ਹਿਰਾਂ ਤੱਕ ਪਹੁੰਚ ਚੁੱਕੀ ਹੈ। ਲੰਗਰ ਤਿਆਰ ਕਰਨ ਤੋਂ ਲੈ ਕੇ ਜ਼ਰੂਰਤਮੰਦਾਂ ਤੱਕ ਪਹੁੰਚਾਉਣ ਤਕ, ਟਰੱਸਟ ਦੇ ਸੇਵਾਦਾਰ ਸੁਖਮਨੀ ਸਾਹਿਬ, ਜਪੁਜੀ ਸਾਹਿਬ ਅਤੇ ਚੌਪਈ ਸਾਹਿਬ ਦੇ ਪਾਠ ਕਰਦੇ ਹਨ। ਸਿਮਰਨ ਅਤੇ ਅਰਦਾਸ ਕਰਕੇ ਲੰਗਰ ਗੱਡੀਆਂ ਰਾਹੀਂ ਜ਼ਰੂਰਤਮੰਦਾਂ ਤਕ ਪਹੁੰਚਾਇਆ ਜਾਂਦਾ ਹੈ। ਸਾਲ 2018 ਵਿਚ ਇਹ ਸੇਵਾ ਸਿਰਫ 13 ਸੇਵਾਦਾਰਾਂ ਨਾਲ ਸ਼ੁਰੂ ਹੋਈ, ਜੋ ਹਰ ਰੋਜ਼ 2000 ਲੋਕਾਂ ਤੱਕ ਲੰਗਰ ਪਹੁੰਚਾਉਂਦੇ ਸਨ। ਅੱਜ ਹਜ਼ਾਰਾਂ ਸੇਵਾਦਾਰਾਂ ਅਤੇ ਅਣਗਿਣਤ ਗੱਡੀਆਂ ਰਾਹੀਂ ਇਹ ਲੰਗਰ ਲੱਖਾਂ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਸਾਲ 2019 ਵਿੱਚ ਗੁਰੂ ਨਾਨਕ ਦੇਵ ਜੀ ਦੀ ਬੇਅੰਤ ਕਿਰਪਾ ਨਾਲ, ਹਰ ਰੋਜ਼ 50,000 ਲੋਕਾਂ ਤੱਕ ਲੰਗਰ ਪਹੁੰਚਾਇਆ ਗਿਆ। ਇਸ ਦੇ ਲਈ ਟਰੱਸਟ ਨੂੰ ਲੰਡਨ ਵਰਲਡ ਬੁੱਕ ਆਫ ਰਿਕਾਰਡਜ਼ ਵੱਲੋਂ ਵਿਸ਼ੇਸ਼ ਸਨਮਾਨ ਮਿਲਿਆ। ਅੱਜ ਇਹ ਗਿਣਤੀ ਇੱਕ ਲੱਖ ਤੋਂ ਵੱਧ ਹੋ ਚੁੱਕੀ ਹੈ। ਜਦੋਂ ਕੋਰੋਨਾ ਦੌਰਾਨ ਸਾਰਾ ਦੇਸ਼ ਘਰਾਂ ਵਿਚ ਬੰਦ ਸੀ ਤਾਂ ਟਰੱਸਟ ਦੇ ਸੇਵਾਦਾਰ ਮੈਦਾਨ ਵਿਚ ਉਤਰੇ ਰਹੇ। ਉਹ ਤਿਆਰ ਭੋਜਨ, ਪਾਣੀ, ਦਵਾਈਆਂ, ਦੁੱਧ ਅਤੇ ਹੋਰ ਸਮਾਨ ਲੈ ਕੇ ਜ਼ਰੂਰਤਮੰਦਾਂ ਤੱਕ ਪਹੁੰਚਦੇ ਰਹੇ। ਹਾਲ ਹੀ ਵਿੱਚ ਉਲਹਾਸਨਗਰ (ਮੁੰਬਈ) ਤੋਂ ਟਰੱਸਟ ਨੇ ਬੇਸਹਾਰਾ ਜਾਨਵਰਾਂ (ਕੁੱਤੇ, ਬਿੱਲੀਆਂ, ਗਊਆਂ, ਪੰਛੀਆਂ ਆਦਿ) ਲਈ ਵੀ ਰੋਜ਼ਾਨਾ ਖਾਣ-ਪੀਣ ਦੀ ਸੇਵਾ ਸ਼ੁਰੂ ਕੀਤੀ ਹੈ। ਇਸ ਉਦੇਸ਼ ਨਾਲ ਕਿ “ਗੁਰੂ ਨਾਨਕ ਜੀ ਮਿਹਰ ਕਰਨ ਕੋਈ ਬੇਜ਼ੁਬਾਨ ਭੁੱਖਾ ਨਾ ਰਹੇ”। ਭਵਿੱਖ ਵਿੱਚ ਹੋਰ ਸ਼ਹਿਰਾਂ ਵਿਚ ਵੀ ਇਹ ਸੇਵਾ ਸ਼ੁਰੂ ਕੀਤੀ ਜਾਵੇਗੀ ਅਤੇ ਇਨ੍ਹਾਂ ਜਾਨਵਰਾਂ ਲਈ ਸ਼ੈੱਡ ਬਣਾਏ ਜਾਣਗੇ। ਨਾਨਕ ਰੋਟੀ ਟਰੱਸਟ ਅੱਜ ਸਿਰਫ਼ ਲੰਗਰ ਨਹੀਂ, ਸਗੋਂ ਇਕ ਅਜਿਹਾ ਮੰਚ ਬਣ ਗਿਆ ਹੈ ਜੋ ਨਵੀਂ ਪੀੜ੍ਹੀ ਨੂੰ ਸੇਵਾ ਨਾਲ ਜੋੜ ਰਿਹਾ ਹੈ। ਵਿਦਿਆਰਥੀ, ਰਿਟਾਇਰਡ ਲੋਕ, ਘਰੇਲੂ ਮਹਿਲਾਵਾਂ ਹਰ ਕੋਈ ਸੇਵਾ ਰਾਹੀਂ ਆਪਣੇ ਜੀਵਨ ਨੂੰ ਸਫਲ ਬਣਾ ਰਹੇ ਹਨ।ਇਹ ਟਰੱਸਟ ਸਿੱਧ ਕਰਦਾ ਹੈ ਕਿ ਜੇ ਮਨ ਵਿਚ ਨਿਸ਼ਕਾਮ ਭਾਵਨਾ, ਦਿਲ ਵਿਚ ਦਰਦ ਅਤੇ ਰਾਹ ਵਿਖਾਉਣ ਵਾਲਾ ਕੋਈ ਰਹਿਬਰ ਹੋਵੇ, ਤਾਂ ਸੀਮਿਤ ਸੰਸਾਧਨਾਂ ਨਾਲ ਵੀ ਵੱਡੀ ਲਹਿਰ ਚਲਾਈ ਜਾ ਸਕਦੀ ਹੈ। ਟਰੱਸਟ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ “ਨਾਮ ਜਪੋ, ਕਿ੍ਰਤ ਕਰੋ ਅਤੇ ਵੰਡ ਛਕੋ” ‘ਤੇ ਅਮਲ ਕਰਦਾ ਹੋਇਆ ਅੱਗੇ ਵਧ ਰਿਹਾ ਹੈ। ਅੱਜ ਲੱਖਾਂ ਦਾਨੀ ਸੱਜਣ ਆਪਣਾ ਦਸਵੰਧ ਦੇ ਕੇ ਇਸ ਸੇਵਾ ਨੂੰ ਸਹਿਯੋਗ ਦੇ ਰਹੇ ਹਨ। ਇਹ ਸੱਚ ਹੈ ਕਿ ਜਦੋਂ ਕੋਈ ਮਨੁੱਖ ਰੱਬ ਦੇ ਰਸਤੇ ‘ਤੇ ਤੁਰਦਾ ਹੈ, ਤਾਂ ਰੱਬ ਆਪ ਉਸ ਦੀ ਬਾਂਹ ਫੜ ਲੈਂਦਾ ਹੈ।

✍️ ਬਲਦੇਵ ਸਿੰਘ ਬੇਦੀ
 ਜਲੰਧਰ
 9041925181
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਲੱਡ ਬੈਂਕਾਂ ਵਿੱਚ ਖੂਨ ਦੀ ਭਾਰੀ ਕਿੱਲਤ, ਭਾਈ ਘਨੱਈਆ ਜੀ ਮਿਸ਼ਨ ਨੇ ਖੂਨਦਾਨ ਕੈਂਪ ਲਾਇਆ
Next articleਰੋਜ਼ਗਾਰ ਮੇਲੇ ਤਹਿਤ, ਪ੍ਰਧਾਨ ਮੰਤਰੀ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ ਨਵੇਂ ਨਿਯੁਕਤ ਨੌਜਵਾਨਾਂ ਨੂੰ 51,000 ਤੋਂ ਵੱਧ ਨਿਯੁਕਤੀ ਪੱਤਰ ਵੰਡਣਗੇ।