ਪ੍ਰਯਾਗਰਾਜ (ਸਮਾਜ ਵੀਕਲੀ): ਵਿਰੋਧੀ ਧਿਰ ’ਤੇ ਵਰ੍ਹਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਲੜਕੀਆਂ ਵਿਆਹ ਦੀ ਉਮਰ 21 ਸਾਲ ਕਰਨ ਦੇ ਸਰਕਾਰ ਦੇ ਫ਼ੈਸਲੇ ਤੋਂ ਖੁਸ਼ ਹਨ ਪਰ ਕੁਝ ਲੋਕਾਂ ਨੂੰ ਪੀੜ ਹੋ ਰਹੀ ਹੈ। ਇਥੇ ਰੈਲੀ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਉਨ੍ਹਾਂ ਇਕ ਪ੍ਰੋਗਰਾਮ ’ਚ ਸ਼ਮੂਲੀਅਤ ਕਰਦਿਆਂ ਸਵੈ ਸੇਵੀ ਗਰੁੱਪਾਂ ਦੀਆਂ ਕਰੀਬ 16 ਲੱਖ ਮਹਿਲਾਵਾਂ ਦੇ ਬੈਂਕ ਖਾਤਿਆਂ ’ਚ ਇਕ ਹਜ਼ਾਰ ਕਰੋੜ ਰੁਪਏ ਤਬਦੀਲ ਕੀਤੇ। ਸ੍ਰੀ ਮੋਦੀ ਨੇ ‘ਮੁੱਖ ਮੰਤਰੀ ਕੰਨਿਆ ਸੁਮੰਗਲ ਯੋਜਨਾ’ ਤਹਿਤ ਇਕ ਲੱਖ ਤੋਂ ਜ਼ਿਆਦਾ ਲਾਭਪਾਤਰੀਆਂ ਲਈ 20 ਕਰੋੜ ਰੁਪਏ ਵੀ ਜਾਰੀ ਕੀਤੇ ਜੋ ਬਾਲੜੀਆਂ ਨੂੰ ਉਮਰ ਦੇ ਵੱਖ ਵੱਖ ਪੜਾਵਾਂ ’ਤੇ ਮਿਲਣਗੇ। ਉਨ੍ਹਾਂ 43 ਜ਼ਿਲ੍ਹਿਆਂ ’ਚ 202 ਸਪਲੀਮੈਂਟਰੀ ਨਿਊਟ੍ਰਿਸ਼ਨ ਮੈਨੂੰਫੈਕਚਰਿੰਗ ਇਕਾਈਆਂ ਦਾ ਨੀਂਹ ਪੱਥਰ ਵੀ ਰੱਖਿਆ।
ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਯੂਪੀ ’ਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਰਜਿਸਟਰਡ ਨਾਵਾਂ ’ਚੋਂ 25 ਤੋਂ 30 ਲੱਖ ਘਰ ਮਹਿਲਾਵਾਂ ਦੇ ਨਾਮ ’ਤੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਸਰਕਾਰ ਦੀ ਮਹਿਲਾਵਾਂ ਦੇ ਸੱਚੇ ਸ਼ਕਤੀਕਰਨ ਬਾਰੇ ਵਚਨਬੱਧਤਾ ਦਾ ਪਤਾ ਲੱਗਦਾ ਹੈ। ‘ਅਸੀਂ ਮਹਿਲਾਵਾਂ ਦੇ ਵਿਆਹ ਦੀ ਉਮਰ ਵਧਾ ਕੇ 21 ਸਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਜੋ ਉਨ੍ਹਾਂ ਨੂੰ ਪੜ੍ਹਨ ਅਤੇ ਤਰੱਕੀ ਕਰਨ ਦਾ ਸਮਾਂ ਮਿਲ ਸਕੇ। ਮੁਲਕ ਆਪਣੀਆਂ ਧੀਆਂ ਲਈ ਇਹ ਫ਼ੈਸਲਾ ਲੈ ਰਿਹਾ ਹੈ। ਸਾਰੇ ਦੇਖ ਰਹੇ ਹਨ ਇਸ ਨਾਲ ਕਿਸ ਨੂੰ ਦਿੱਕਤ ਹੋ ਰਹੀ ਹੈ। ਕੁਝ ਨੂੰ ਤਾਂ ਪੀੜ ਵੀ ਹੋ ਰਹੀ ਹੈ।’
ਜ਼ਿਕਰਯੋਗ ਹੈ ਕਿ ਸਮਾਜਵਾਦੀ ਪਾਰਟੀ ਦੇ ਕੁਝ ਸੰਸਦ ਮੈਂਬਰਾਂ ਨੇ ਇਸ ਮੁੱਦੇ ’ਤੇ ਤਿੱਖੇ ਪ੍ਰਤੀਕਰਮ ਦਿੱਤੇ ਸਨ। ਸਮਾਜਵਾਦੀ ਪਾਰਟੀ ’ਤੇ ਵਰ੍ਹਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੰਜ ਸਾਲ ਪਹਿਲਾਂ ਮਾਫ਼ੀਆ ਯੂਪੀ ਦੀਆਂ ਸੜਕਾਂ ’ਤੇ ਸ਼ਰੇਆਮ ਘੁੰਮ ਰਿਹਾ ਸੀ ਅਤੇ ਸਾਡੀਆਂ ਧੀਆਂ ਤੇ ਭੈਣਾਂ ਨੂੰ ਸਭ ਤੋਂ ਜ਼ਿਆਦਾ ਭੁਗਤਨਾ ਪੈ ਰਿਹਾ ਸੀ ਪਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਨ੍ਹਾਂ ਬਦਮਾਸ਼ਾਂ ਨੂੰ ਉਨ੍ਹਾਂ ਦਾ ਸਥਾਨ ਦਿਖਾ ਦਿੱਤਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly