ਪੰਦਰਾਂ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਟੀਕਾਕਰਨ ਬਾਰੇ ਫ਼ੈਸਲਾ ਮਾਹਿਰਾਂ ਦੀ ਸਲਾਹ ’ਤੇ: ਮਾਂਡਵੀਆ

ਨਵੀਂ ਦਿੱਲੀ (ਸਮਾਜ ਵੀਕਲੀ):  ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਅੱਜ ਰਾਜ ਸਭਾ ਵਿਚ ਦੱਸਿਆ ਕਿ ਸਰਕਾਰ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਟੀਕਾਕਰਨ ਬਾਰੇ ਫ਼ੈਸਲਾ ਮਾਹਿਰਾਂ ਦੇ ਗਰੁੱਪ ਵੱਲੋਂ ਦਿੱਤੇ ਸੁਝਾਅ ਤੋਂ ਬਾਅਦ ਲਏਗਾ। ਜ਼ਿਕਰਯੋਗ ਹੈ ਕਿ ਸਕੂਲ ਖੁੱਲ੍ਹਣ ਤੋਂ ਬਾਅਦ ਹੁਣ ਇਸ ਉਮਰ ਵਰਗ ਦੇ ਬੱਚਿਆਂ ਦੀ ਸੁਰੱਖਿਆ ਬਾਰੇ ਫ਼ਿਕਰ ਜ਼ਾਹਿਰ ਕੀਤੇ ਜਾ ਰਹੇ ਹਨ। ਸਰਕਾਰ ਨੇ ਦੱਸਿਆ ਕਿ ਮਾਹਿਰਾਂ ਦੇ ਗਰੁੱਪ ਦੀ ਸਲਾਹ ਉਤੇ ਹੀ ਪਹਿਲਾਂ 15-18 ਸਾਲ ਉਮਰ ਵਰਗ ਦੇ ਬੱਚਿਆਂ ਨੂੰ ਵੈਕਸੀਨ ਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਉਮਰ ਵਰਗ ਦੀ ਕਰੀਬ 67 ਪ੍ਰਤੀਸ਼ਤ ਆਬਾਦੀ ਦੇ ਟੀਕਾ ਲੱਗ ਗਿਆ ਹੈ। ਤੇਜ਼ੀ ਨਾਲ ਟੀਕਾਕਰਨ ਕੀਤਾ ਜਾ ਰਿਹਾ ਹੈ ਤੇ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਟੀਕਾਕਰਨ ਬਾਰੇ ਫ਼ੈਸਲਾ ਮਾਹਿਰਾਂ ਵੱਲੋਂ ਦਿੱਤੇ ਸੁਝਾਅ ਮੁਤਾਬਕ ਲਿਆ ਜਾਵੇਗਾ। ਮਾਂਡਵੀਆ ਨੇ ਕਿਹਾ ਕਿ ਮਾਹਿਰਾਂ ਦਾ ਸਮੂਹ ਲਗਾਤਾਰ ਮਿਲਦਾ ਰਹਿੰਦਾ ਹੈ ਤੇ ਸਰਕਾਰ ਨੂੰ ਸਲਾਹ ਦਿੰਦਾ ਹੈ। ਇਨ੍ਹਾਂ ਉਤੇ ਸਰਕਾਰ ਅਮਲ ਕਰਦੀ ਹੈ। ਦੱਸਣਯੋਗ ਹੈ ਕਿ ਪ੍ਰਸ਼ਨ ਕਾਲ ਦੌਰਾਨ ਭਾਜਪਾ ਮੈਂਬਰ ਸਈਦ ਜ਼ਫ਼ਰ ਇਸਲਾਮ ਨੇ ਸਵਾਲ ਪੁੱਛਿਆ ਸੀ ਕਿ ਬੱਚਿਆਂ ਨੂੰ ਓਮੀਕਰੋਨ ਤੋਂ ਕਿੰਨਾ ਖ਼ਤਰਾ ਹੈ। ਉਨ੍ਹਾਂ ਕਿਹਾ ਸੀ ਕਿ ਸਕੂਲ ਹੁਣ ਖੁੱਲ੍ਹ ਰਹੇ ਹਨ ਤੇ ਇਹ ਉਮਰ ਵਰਗ ਹਾਲੇ ਟੀਕਾਕਰਨ ਤੋਂ ਵਾਂਝਾ ਹੈ।

ਭਾਜਪਾ ਦੇ ਹੀ ਇਕ ਹੋਰ ਮੈਂਬਰ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਸਿਹਤ ਮੰਤਰੀ ਨੇ ਕਿਹਾ ਕਿ ਆਈਸੀਐਮਆਰ ਹੀ ਨਹੀਂ, ਬਲਕਿ ਆਲਮੀ ਵਿਗਿਆਨਕ ਸੰਗਠਨਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਟੀਕਾਕਰਨ ਨਾਲ ਮੌਤ ਦਰ ਤੇ ਹਸਪਤਾਲ ਦਾਖਲ ਕਰਨ ਵਾਲਿਆਂ ਦੀ ਦਰ ਘਟੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਜਪਾ ਗੱਠਜੋੜ ਵੱਲੋਂ ਪੰਜਾਬ ਦੇ ਕਿਸਾਨਾਂ ਨਾਲ ਨਵੀਆਂ ਸਹੂਲਤਾਂ ਦੇ ਵਾਅਦੇ
Next articleAussie police seize 220kg drug in Sydney