ਛੇ ਦਸੰਬਰ

ਕੁਲਦੀਪ ਚੁੰਬਰ

(ਸਮਾਜ ਵੀਕਲੀ)

ਟੁੱਟੇ ਤਾਰੇ ਟਿਮਟਿਮਾਉਂਦੇ, ਫੱਟ ਗਿਆ ਨੀਲਾ ਅੰਬਰ
ਛੇ ਦਸੰਬਰੇ ਖੋਹ ਲਿਆ ਸਾਥੋਂ ਸਾਡਾ ਭੀਮ ਪੈਗੰਬਰ

ਦੁਖੀ ਲਤਾੜੇ ਅਤੇ ਪਛਾੜੇ ਲੋਕਾਂ ਦਾ ਦਿਲ ਜਾਨੀ
ਕਮਜ਼ੋਰ ਵਰਗ ਦੇ ਹੱਕਾਂ ਲਈ ਤਲਵਾਰ ਸੀ ਓਸਦੀ ਕਾਨੀ
ਵਿੱਚ ਮੈਦਾਨੇ ਅੜਕੇ ਖੜਿਆ, ਰਚਿਆ ਨਹੀਂ ਅਡੰਬਰ
ਛੇ ਦਸੰਬਰੇ ਖੋਹ ਲਿਆ ………..

ਰੋਣ ਕਰੋੜਾਂ ਅੱਖਾਂ ਉਸ ਨੂੰ ਜਿਉਂ ਅੰਬਰੋਂ ਬਰਸਾਤਾਂ
ਮਾਨਵਤਾ ਦੇ ਹੱਕਾਂ ਲਈ ਓਸ ਸੁੱਟੀਆਂ ਚੀਰਕੇ ਰਾਤਾਂ
ਮਹਿਲਾਂ ਵਿੱਚ ਤਬਦੀਲ ਕਰ ਗਿਆ ਕੁੱਲੀਆਂ ਢਾਰੇ ਖੰਡਰ
ਛੇ ਦਸੰਬਰੇ ਖੋਹ ਲਿਆ ………..

ਬਦਲ ਗਿਆ ਤਕਦੀਰ ਉਹ ਸਭਦੀ ਲਿਖ ਸੰਵਿਧਾਨ ਦੇ ਪੰਨੇ
ਉਹਦੀਆਂ ਲਿਖਤਾਂ ਨੂੰ ਜੱਗ ਜਾਣੇ ਕਲਮ ਨੂੰ ਖ਼ਲਕਤ ਮੰਨੇ
ਪੋਟਾ ਪੋਟਾ ਵਿੰਨ ਸੁੱਟਿਆ ਉਹਨੇ ਕਲਮ ਦੇ ਕਰਕੇ ਅੰਡਰ
ਛੇ ਦਸੰਬਰੇ ਖੋਹ ਲਿਆ ………..

“ਚੁੰਬਰਾ” ਓਸ ਮਸੀਹੇ ਨੂੰ ਅੱਜ ਚੇਤੇ ਦੁਨੀਆਂ ਕਰਦੀ
ਬਾਬਾ ਤੇਰੀ ਚਿਣਗ ਰੌਸ਼ਨੀ ਬਣ ਗਈ ਏ ਘਰ ਘਰ ਦੀ
ਸੰਨ ਉਨੀਂ ਸੌ ਕਹਿਣ ਛਪੰਜਾ ਨਹੀਂ ਭੁੱਲਣਾ ਛੇ ਦਸੰਬਰ
ਖੋਹ ਲਿਆ ਮੌਤ ਕਲੈਹਿਣੀਏ ਸਾਥੋਂ ਸਾਡਾ ਭੀਮ ਪੈਗੰਬਰ
ਹਾਏ ਸਾਡਾ ਭੀਮ ਪੈਗੰਬਰ …………
ਹਾਏ ਸਾਡਾ ਭੀਮ ਪੈਗੰਬਰ………….

ਪੇਸ਼ਕਸ਼ : ਕੁਲਦੀਪ ਚੁੰਬਰ ਕਨੇਡਾ
                   604-902-3237

Previous articleਭਾਜਪਾ ਆਗੂਆਂ ਨੇ ਡਾ:ਭੀਮ ਰਾਓ ਅੰਬੇਡਕਰ ਜੀ ਦੇ ਪ੍ਰਿਨਿਰਮਾਨ ਦਿਵਸ ਮੌਕੇ ਸ਼ਰਧਾ ਦੇ ਫੁੱਲ ਭੇਟ ਕੀਤੇ
Next articleਬਾਬਾ ਸਾਹਿਬ ਦੇ ਕਰਕੇ ਹੀ ਅੱਜ ਸਾਡਾ ਸਮਾਜ ਤਰੱਕੀ ਦੇ ਰਸਤੇ ਚੱਲ ਰਿਹਾ ਹੈ — ਅਵਤਾਰ ਸਿੰਘ ਕਰੀਮਪੁਰੀ